ਨਿਊਯਾਰਕ, 14 ਅਕਤੂਬਰ (ਪੀ. ਟੀ.)- ਨਾਸਾ ਦੀ ‘ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼‘ (ਜੀ.ਆਈ.ਐੱਸ.ਐੱਸ.) ਦੇ ਅੰਕੜਿਆਂ ਮੁਤਾਬਿਕ ਇਸ ਸਾਲ ਸਤੰਬਰ ਮਹੀਨੇ ਦਾ ਤਾਪਮਾਨ ਇਸ ਮਹੀਨੇ ਦੇ 1951 ਤੋਂ ਲੈ ਕੇ 1980 ਵਿਚਕਾਰ ਰਹੇ ਔਸਤ ਤਾਪਮਾਨ ਤੋਂ 0.78 ਡਿਗਰੀ ਵੱਧ ਰਿਹਾ ਹੈ। ‘ਕਲਾਈਮੇਟ ਸੈਂਟਰਲ‘ ਦੀ ਰਿਪੋਰਟ ਮੁਤਾਬਿਕ ਇਸ ਦੇ ਕਾਰਨ 2014 ਬਾਕੀ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਗਰਮ ਸਾਲ ਬਣ ਜਾਵੇਗਾ। ਨਾਸਾ ਦੇ ਨਵੇਂ ਅੰਕੜਿਆਂ ਮੁਤਾਬਿਕ ਜੀ. ਆਈ. ਐੱਸ. ਐੱਸ. ਰਿਕਾਰਡ ‘ਚ ਸਤੰਬਰ ਮਹੀਨਾ ਸਭ ਤੋਂ ਗਰਮ ਮਹੀਨੇ ਦੇ ਰੂਪ ‘ਚ ਦਰਜ ਕੀਤਾ ਗਿਆ। ਪਿਛਲਾ ਸਭ ਤੋਂ ਗਰਮ ਸਤੰਬਰ 2005 ‘ਚ ਦਰਜ ਕੀਤਾ ਗਿਆ ਸੀ। ਅਮਰੀਕੀ ਨੈਸ਼ਨਲ ਕਲਾਈਮੇਟਿਕ ਡਾਟਾ ਸੈਂਟਰ ਦੇ ਜਲਵਾਯੂ ਮਾਹਿਰ ਜੈਕ ਕ੍ਰਾਊਚ ਨੇ
ਦੱਸਿਆ ਕਿ ਜੇਕਰ ਅਸੀਂ ਲਗਾਤਾਰ ਔਸਤ ਤੋਂ ਵੱਧ ਤਾਪਮਾਨ ਦੇ ਤੌਰ ‘ਤੇ ਵੇਖੀਏ ਤਾਂ ਸਾਲ 2014 ਨੇ ਪਿਛਲੇ ਸਭ ਤੋਂ ਗਰਮ ਸਾਲ 2010 ਦਾ ਰਿਕਾਰਡ ਤੋੜ ਦਿੱਤਾ ਹੈ। ਸਤੰਬਰ ਤੋਂ ਪਹਿਲਾਂ ਇਸ ਸਾਲ ਦਾ ਅਗਸਤ ਮਹੀਨਾ ਵੀ ਸਭ ਤੋਂ ਗਰਮ ਰਿਹਾ।