ਸੁਖਵਿੰਦਰ ‘ਹਰਿਆਓ’
ਸੰਪਰਕ :+91-81464-47541
ਭਾਰਤ ਦੇ ਡੁੱਬ ਰਹੇ ਬੇੜੇ ਵਿੱਚ ਵੱਟੇ ਪਾਉਣ ‘ਚ ਸਭ ਤੋਂ ਵੱਧ ਯੋਗਦਾਨ ਤਾਂਤਰਿਕ ਰੂਪੀ ਪਾਖੰਡੀ ਬਾਬਿਆਂ ਦਾ ਹੈ ਜੋ ਘਰ ਦੇ ਇੱਕ ਕਮਰੇ ਵਿੱਚ ਅੰਧ-ਵਿਸ਼ਵਾਸ ਦੀ ਦੁਕਾਨ ਲਾ ਬੈਠੇ ਹਨ। ਇਹਨਾਂ ਦੀ ਦੁਕਾਨ ਸਭ ਤੋਂ ਵੱਧ ਔਰਤਾਂ, ਮਾਈਆਂ ਅਤੇ ਬੀਬੀਆਂ ਦੇ ਸਿਰ ਤੇ ਚੱਲਦੀ ਹੈ। ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਬਾਬੇ ਦੀ ਸੁਆਹ ਦੀ ਪੁੜੀ ਵਿਚੋਂ ਮਠਿਆਈ ਦੇ ਡੱਬੇ, ਪੈਸੇ, ਸ਼ਰਾਬ ਆਦਿ ਭੇਟ ਕਰਕੇ ਭਾਲਦੀਆਂ ਹਨ।
ਬੀਬੀਆਂ ਆਮ ਕਹਿਣਗੀਆਂ ਬੈਣੇ ਫਲਾਣਾ ਬਾਬਾ ਬੜਾ ਸਿਆਣਾ ਹੈ। ਸਿਆਣਪ ਦੇ ਧੰਦੇ ਦਾ ਨਾਮ ਦਿੱਤਾ ਗਿਆ ਹੈ, ਭੋਲੀਓ ਜੋ ਇੱਕ ਬੰਦਾ ਹਜ਼ਾਰਾਂ ਲੋਕਾਂ ਨੂੰ ਮਗਰ ਲਾ ਰੱਖਦਾ ਹੈ ਤੇ ਅਦਿਖ ਵਸਤੁਆਂ ‘ਚ ਵਿਸ਼ਵਾਸ ਕਰਾਉਂਦਾ ਹੈ, ਉਹ ਆਪ ਤਾਂ ਸਿਆਣ ਹੀ ਹੈ ਪਰ ਪਾਗਲ ਤਾਂ ਅਸੀਂ ਹਾਂ ਜੋ ਘਰ ਦੇ ਕੰਮ ਛੱਡ ਕੇ ਪੈਸੇ ਚੜ੍ਹਾਉਂਦੇ ਹਾਂ ਅਤੇ ਉਸਨੂੰ ਸਿਆਣਾ ਕਹਿ ਕੇ ਖੁਦ ਨੂੰ ਪਾਗਲ ਬਣਾਉਂਦੇ ਹਾਂ। ਤੀਜਾ ਨੇਤਰ ਕੀ ਖੁੱਲ੍ਹਣਾ ਜੋ ਤੁਸੀ ਪਹਿਲੇ ਦੋ ਨੇਤਰ ਬੰਦ ਕਰ ਰਖੇ ਹਨ। ਉੱਥੇ ਹਨੇਰੇ ਤੋਂ ਸਿਵਾ ਕੀ ਪੱਲੇ ਪਵੇਗਾ। ਕੋਈ ਪੁੱਤਰ ਦੀ ਨੌਕਰੀ ਨੂੰ ਲੈ ਕੇ ਚਿੰਤਾ ਵਿੱਚ ਹੈ, ਕੋਈ ਪਤੀ ਵੱਸ ‘ਚ ਕਰਨਾ ਚਾਹੁੰਦੀ ਹੈ, ਕੋਈ ਨਸ਼ੇਬਾਜ ਤੋਂ ਤੰਗ ਹੈ। ਭਲੀਓ, ਲੋਕੋ ਜੇ ਬਾਬੇ ਦੇ ਹੱਥ ‘ਚ ਨੌਕਰੀ ਹੁੰਦੀ ਤਾਂ ਉਹ ਆਪ ਨਾ ਲੱਗ ਜਾਂਦਾ। ਪਤੀ ਨੂੰ ਵੱਸ ‘ਚ ਜੇ ਕਰਨਾ ਹੈ ਕਿਉਂਕਿ ਬਾਬਿਆਂ ਕੋਲੇ ਜਾਂਦੀਆਂ ਹੋ, ਘਰ ਰਹਿ ਕੇ ਕਰੋ, ਪਤੀ ਹੋਰ ਬਾਬੇ ਕੋਲ ਫਿਰਦਾ ਹੈ ਪਤਨੀ ਕਿਸੀ ਹੋਰ ਬਾਬੇ ਕੋਲ ਫਿਰਦੀ ਹੈ। ਇਸ ਤਰ੍ਹਾਂ ਪੈਸਾ ਤਾਂ ਬਰਬਾਦ ਹੁੰਦਾ ਹੀ ਹੈ ਨਾਲ-ਨਾਲ ਬੱਚਿਆਂ ‘ਤੇ ਵੀ ਬੁਰਾ ਅਸਰ ਪੈਂਦਾ ਹੈ। ਜੇਕਰ ਰੱਬ ਬਾਬਿਆਂ ਦੇ ਕਹਿਣ ਤੇ ਮੰਗਾਂ ਮੰਨਦਾ ਹੈ ਤਾਂ ਬਾਬਿਆਂ ਤੇ ਕਮਿਸ਼ਨ ਏਜੰਟਾ ਵਿੱਚ ਕੀ ਫ਼ਰਕ ਹੋਇਆ। ਰੱਬ ਜੋ ਪੀਰ, ਪੈਗੰਬਰਾਂ ਦੇ ਰੂਪ ਵਿਚ ਪ੍ਰਗਟ ਹੋਇਆ ਸੀ, ਉਹ ਹੁਣ ਏਜੰਟ ਕਿਵੇਂ ਰੱਖਣ ਲੱਗ ਗਿਆ। ਇਹਨਾਂ ਬਾਬਿਆਂ ਨੇ
ਕਦੀ ਬਿਨਾਂ ਪੈਸਿਆਂ ਦੇ ਲਾਲਚ ਤੋਂ ਤੁਹਾਡੇ ਦੁੱਖ ਦੂਰ ਕੀਤੇ। ਇਹਨਾਂ ਕੋਲ ਵੀ ਉਹੀ ਸੁਆਹ ਹੈ ਜੋ ਬੇਬੇ ਸਵੇਰੇ ਰੂੜੀ ਤੇ ਸੁੱਟਦੀ ਹੈ। ਇਹ ਤਾਂ ਆਪ ਹੀ ਵਿਚਾਰੇ ਤੁਹਾਡੇ ਵਰਗੇ ਲੋਕਾਂ ਤੋਂ ਖਾਣ ਦੇ ਤਰੀਕੇ ਲੱਭਦੇ ਹਨ, ਆਪਣੀ ਕਬੀਲਦਾਰੀ ਦੇ ਝਗੜਿਆਂ ਕਾਰਨ। ਜੇ ਇਹ ਸ਼ੂੱਧ ਹਨ ਤਾਂ ਕਿਉਂ ਨਹੀਂ ਜੰਗਲਾਂ ‘ਚ ਜਾਂਦੇ। ਤੁਸੀਂ ਪੈਸੇ ਦੇ-ਦੇ ਨੰਗ ਹੋ ਜਾਵੋਗੇ ਅਤੇ ਇਹਨਾਂ ਕੋਲ ਗੱਡੀਆਂ-ਕੋਠੀਆਂ ਸਭ ਕੁੱਝ ਆ ਜਾਂਦਾ ਹੈ। ਇਹਨਾਂ ਦੀ ਲੋਕਾਂ ਤੇ ਕੀ ਕਿਰਪਾ ਕਰਨੀ, ਇਹ ਤਾਂ ਬਾਬਿਆਂ ਤੇ ਲੋਕਾਂ ਦੀ ਕਿਰਪਾ ਹੈ। ਬਾਬੇ ਜਿੰਨਾ ਵੱਧ ਲੁੱਟਦੇ ਹਨ ਉਨਾਂ ਹੀ ਵੱਧ ਸਿਆਣੇ ਬਣਦੇ ਹਨ। ਦਸਾਂ ਨਹੂੰਆਂ ਦੀ ਕਿਰਤ ਕਰਈਏ ਤਾਂ ਦੁੱਖ ਦੂਰ ਹੋਣ। ਕਿਉਂਕਿ ਗੁਰੁ ਨਾਨਕ ਜੀ ਨੇ ਫਰਮਾਇਆ ਸੀ ‘ਨਾਨਕ ਦੁੱਖੀਆ ਸੱਭ ਸੰਸਰ‘।
ਮੁਸੀਬਤਾਂ ਤੋਂ ਘਬਰਾ ਕੇ ਇਹਨਾਂ ਪਾਖੰਡਾਂ ਦੀ ਸ਼ਰਨ ‘ਚ ਜਾ ਕੇ ਆਪਣੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਨਹੀਂ ਲੁਟਾਓ। ਮੁਸੀਬਤਾਂ ਦੇ ਕੰਡੇ ਤੇ ਪੈਰ ਧਰ ਕੇ ਅੱਗੇ ਵਧੋ। ਇੱਕ ਦੋ ਵਾਰ ਬਾਬੇ ਦੇ ਬਿਨਾਂ ਪੈਸੇ ਜਾ ਕੇ ਤਾਂ ਦੇਖੋ ਬਾਬੇ ਆਪਣੇ ਤੁਹਾਨੂੰ ਦਹਿਲੀਜ਼ ਤੇ ਕਦਮ ਵੀ ਧਰਨ ਦਿੰਦੇ। ਲਾਲਚ ਤਾਂ ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਕਹਿਣ ਲਈ ਮਜ਼ਬੂਰ ਕਰ ਦਿੰਦਾ ਹੈ। ਤੁਸੀਂ ਪੈਸੇ ਦੇ ਗਧੇ ਨੂੰ ਬਾਪ ਬਣਾ ਰਹੇ ਹੋ। ਆਪਣੀਆਂ ਅੱਖਾਂ ਤੋਂ ਅੰਧ-ਵਿਸ਼ਵਾਸ ਦੀ ਪੱਟੀ ਉਤਾਰੋ। ਬਿਮਾਰੀਆਂ ਦਾ ਇਲਾਜ ਡਾਕਟਰਾਂ ਕੋਲ ਹੁੰਦਾ ਹੈ, ਬਾਬਿਆਂ ਤੋਂ ਨਹੀਂ ਹੁੰਦਾ। ਇਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਅੱਖਾਂ ਖੋਲ੍ਹ ਕੇ ਦੇਖੋ ਕਿਹੜਾ ਸੰਸਰ ਤਿਆਗ ਦਿੱਤਾ ਹੈ। ਇਕ ਉਹ ਬਾਬੇ ਸੀ ਜੋ ਸਾਡੇ ਵਰਗੇ ਲੋਕਾਂ ਲਈ ਸਰਬੰਸ ਵਾਰ ਗਏ ਤੇ ਇਕ ਇਹ ਪਾਖੰਡੀ ਬਾਬੇ ਨੇ ਜੋ ਸਾਡੇ ਸਿਰਾਂ ਤੇ ਸਰਬੰਸ ਪਾਲ਼ ਰਹੇ ਹਨ। ਸਿਰ ਝੁਕਾਵੋ ਸਿਰਫ਼ ਰੱਬ ਦੇ ਦਰ ਤੇ। ਜੇ ਇਹਨਾਂ ਵਿਚ ਇੰਨੀ ਸ਼ਕਤੀ ਹੈ ਤਾਂ ਮੱਝ ਦੀ ਧਾਰ ਕਿਉਂ ਕੱਢਦੇ ਹਨ, ਆਪਣੀ ਸ਼ਕਤੀ ਨਾਲ ਬਾਲਟੀ ਕਿਉਂ ਨਹੀਂ ਭਰਦੇ। ਕਿਉਂ ਨਹੀਂ ਰੋਟੀ-ਸਬਜੀ ਆਪਣੇ ਆਪ ਬਿਨਾਂ ਹੱਥਾਂ ਦੀ ਮਦਦ ਤੋਂ ਤਿਆਰ ਕਰਦੇ। ਹਰੇਕ ਬਾਬਾ ਇਹੀ ਕਹਿੰਦਾ ਹੈ ਕਿ ਤੇਰੇ ਹੱਥਾਂ ‘ਚ ਜਸ ਨਹੀਂ ਹੈ।
ਤੂੰ ਹਰੇਕ ਦਾ ਚੰਗਾ ਕਰਦਾ ਹੈਂ ਤੇ ਤੇਰਾ ਹਰ ਕੋਈ ਬੁਰਾ ਕਰ ਜਾਂਦਾ ਹੈ। ਮਾਇਆ ਆਉਂਦੀ ਤਾਂ ਬਥੇਰੀ ਹੈ ਪਰ ਖੜਦੀ ਨਹੀਂ। ਇਹ ਕੌਣ ਮੰਨੇਗਾ ਕਿ ਮੈਂ ਕਿਸੀ ਦਾ ਬੁਰਾ ਕਰਦਾ ਹਾਂ। ਦੁਸ਼ਮਣ ਕਿਸ ਦੇ ਨਹੀਂ ਹੁੰਦੇ, ਸਾਰਾ ਜਹਾਨ ਹਰਕ ਦਾ ਯਾਰ ਨਹੀਂ ਹੁੰਦਾ ਅਤੇ ਨਾ ਹੀ ਪੈਸੇ ਖੜ੍ਹਦੇ ਕਿਸੇ ਕੋਲ, ਨਾ ਬਾਬਿਆਂ ਕੋਲ। ਖਾਣ ਲਈ ਕਮਾਉਣਾ ਪੈਂਦਾ ਹੈ ਤੇ ਇਹ ਬਾਬੇ ਵੀ ਮੁੱਲ ਚੀਜ਼ਾਂ ਖ੍ਰੀਦ ਕੇ ਹੀ ਖਾਂਦੇ ਹਨ, ਬਿਜਲੀ ਦੇ ਬਿੱਲ ਭਰਦੇ ਹਨ, ਆਪਣਿਆਂ ਬੱਚਿਆਂ ਦੀਆਂ ਸਕੂਲਾਂ ‘ਚ ਫੀਸਾਂ ਦਿੰਦੇ ਹਨ। ਫ਼ਰਕ ਇੰਨਾ ਹੈ ਕਿ ਅਸੀਂ ਪੈਸੈ ਲਿਜਾ ਕੇ ਇਹਨਾਂ ਦੇ ਅੱਗੇ ਧਰ ਦਿੰਦੇ ਹਾਂ। ਇਹਨਾਂ ਨੂੰ ਮਿੱਟੀ ਨਾਲ ਮਿੱਟੀ ਹੋ ਕੇ ਕਮਾਉਣਾ ਨਹੀਂ ਪੈਂਦਾ ਤੇ ਸਾਨੂੰ ਮਨ ਮਾਰ ਕ ਕਮਾਈ ਕਰਨੀ ਪੈਂਦੀ ਹੈ।
ਦੇਸ਼ ਵਾਸੀਓ ਮੇਰੀਓ ਭੈਣੋ, ਮਾਤਾਵੋਂ, ਬੀਬੀਓ ਆਪਣੇ ਅੱਖਾਂ-ਕੰਨ ਖੋਲ੍ਹ ਕੇ ਮਿਹਨਤ ਦੀ ਕਮਾਈ ਨੂੰ ਪਾਖੰਡਵਾਦ ਦੀ ਭੇਟ ਨਾ ਚੜ੍ਹਾਓ। ਪੜ੍ਹੇ-ਲਿਖੇ ਹੋ ਕੇ ਇਹੋ ਜਿਹੇ ਮੂਰਖ ਨਾਲ ਮੂਰਖ ਨਾ ਬਣੋ। ਕਿਉਂਕਿ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ, ਫ਼ਾਇਦਾ ਵੀ ਤੁਹਾਡਾ ਅਤੇ ਨੁਕਸਾਨ ਵੀ ਤੁਹਾਡਾ ਹੈ।