ਰਣਜੀਤ ਆਜ਼ਾਦ ਕਾਂਝਲਾ
ਸੰਪਰਕ :09464697781
ਘਰ ਦਾ ਪਲੱਸਤਰ ਹੋ ਰਿਹਾ ਸੀ। ਮਿਸਤਰੀ ਨੇ ਮੇਰੇ ਸੁਭਾਅ ਨੂੰ ਭਾਂਪਦਿਆਂ ਬੋਲਿਆ, ਮਾਸਟਰ ਜੀ,ਇੱਕ ਬਾਬੇ ਨਾਨਕ ਜਾ ਗੁਰੂ ਗੋਬਿੰਦ ਸਿੰਘ ਜੀ ਦੀ ਗਲੇਜ਼ਡ ਟਾਈਲ ਲਿਆ ਦਿਉ, ਅਪਣੇ ਮਨ-ਗੇਟ ਦੇ ਉਪਰ ਫਿੱਟ ਕਰ ਦਿਆਂਗੇ।
ਮੈਂ ਮਿਸਤਰੀ ਦੀ ਇਹ ਕਹੀ ਗੱਲ ਅਣਸੁਣੀ ਕਰਕੇ ਕਿਸੇ ਹੋਰ ਕੰਮ ਵੱਲ ਧਿਆਨ ਮੋੜ ਲਿਆ। ਮਿਸਤਰੀ ਇਹ ਸਮਝਿਆ ਕਿ ਮਾਸਟਰ ਜੀ ਨੂੰ ਮੇਰੀ ਇਹ ਗੱਲ ਸੁਣੀ ਨਹੀਂ ਜਾ ਭੁੱਲਗੇ।
ਚਲਦੇ ਕੰਮ ਵਿੱਚ ਚਾਹ ਪੀ ਕੇ ਇੱਕ ਪਾਸੇ ਗਲਾਸ ਰੱਖਦਾ ਮਿਸਤਰੀ ਫੇਰ ਬੋਲਿਆ, ਮਾਸਟਰ ਜੀ ਚੌਧਰੀਆਂ ਦੀ ਦੁਕਾਨ ਤੋਂ ਬਾਬੇ ਨਾਨਕ ਜਾ ਗੁਰੂ ਗੋਬਿੰਦ ਸਿੰਘ ਜੀ ਦੀ ਗਲੇਜ਼ਡ ਟਾਈਲ ਲੈ ਆਉ, ਅਪਣੇ ਮੇਨ-ਗੇਟ ਦੇ ਮੱਥੇ ’ਤੇ ਫਿੱਟ ਕਰ ਦਿਆਂਗੇ।
ਮੈਂ ਹੁਣ ਵੀ ਚੁੱਪ ਰਿਹਾ। ਮੇਰੇ ਮੂੰਹ ਵੱਲ ਤੱਕਦਾ ਮਿਸਤਰੀ ਦੁਬਾਰਾ ਬੋਲਿਆ, ਕਿੰਉਂ ਮਾਸਟਰ ਜੀ ਵਧੀਆ ਲੱਗੂ….।
…ਮਿਸਤਰੀ ਸਾਹਬ ਜੀ, ਜਿਹਨਾਂ ਦੀ ਤਸਵੀਰ ਤੁਸੀਂ ਘਰ ਦੇ ਮੇਨ-ਗੇਟ ’ਤੇ ਲਾਉਣ ਬਾਰੇ ਕਹਿ ਰਹੇ ਹੋ, ਉਹ ਤਾ ਸਾਡੇ ਹਿਰਦੇ ਵੱਚ ਵਸਦੇ ਐ।ਇਉਂ ਲਾਉਣ ਨਾਲ ਤਾਂ ਦਿਖਾਵੇਬਾਜ਼ੀ ਹੋ ਜਾਵੇਗੀ ਤੇ ਫੇਰ ਆਪਾਂ ਉਹਨਾਂ ਤਸਵੀਰਾਂ ਦੀ ਬੇਅਦਬੀ ਕਰਦੇ ਹਾਂ ਇਹਦੇ ਨਾਲੋਂ ਤਾਂ ਚੰਗਾ ਹੈ ਕਿ…..।
ਮਿਸਤਰੀ ਨੇ ਮੋੜਵਾਂ ਹੁੰਗਾਰਾ ਭਰਦਿਆਂ ਕਿਹਾ, ਮਾਸਟਰ ਜੀ ਗੱਲ ਕਰਨ ਦਾ ਸੁਆਦ ਹੀ ਆ ਗਿਆ ਹੈ। ਗੱਲ ਤਾਂ ਤੁਹਾਡੀ ਖਰੀ ਤੇ ਸਹੀ ਐ…। ਐਨਾ ਕਹਿ ਮੁੜ ਮਿਸਤਰੀ ਕੰਮ ’ਚ ਰੁਝ ਗਿਆ।