ਡਾ. ਨਗਿੰਦਰ ਸਿੰਘ ਹਰੀਕਾ ਸੰਪਰਕ : 98760-34567, 98155-90400
ਮੈਡੀਕਲ ਮਾਹਿਰ, ਲੇਖਕ, ਗੁਣੀ ਇਨਸਾਨ ਅਤੇ ਵਿਦਿਆ ਦਾਨੀ
ਪਿੰਡ ਨੰਗਲ ਕਲਾਂ (ਮਾਨਸਾ)
ਸਾਇੰਸਦਾਨ ਦੱਸਦੇ ਹਨ ਇਕ ਸਮਾਂ ਸੀ ਜਦ ਪਦਾਰਥ ਦੀਆਂ ਠੋਸ ਅਤੇ ਤਰਲ ਸ਼ਕਲਾਂ ਵਿੱਚੋਂ ਕੋਈ ਵੀ ਸ਼ਕਲ ਵਜੂਦ ਵਿੱਚ ਨਹੀਂ ਸੀ। ਵਜੂਦ ਵਿੱਚ ਸੀ ਤਾਂ ਸਿਰਫ ਪਦਾਰਥ ਦੀਆਂ ਗੈਸੀ-ਸ਼ਕਲਾਂ। ਜਿਹੜੀਆਂ ਆਪਣੀ ਅੰਦਰਲੀ ਅੱਗ ਨਾਲ ਅਸਮਾਨੀ ਬਿਜਲੀ ਵਾਂਗ ਮੱਚਦੀਆਂ-ਲਿਸ਼ਕਦੀਆਂ-ਚਮਕਦੀਆਂ-ਭਟਕਦੀਆਂ ਆਪੋ ਆਪਣੇ ਕੇਂਦਰਾਂ ਦੁਆਲੇ ਖਰੂਦੀ ਨਿਆਣਿਆਂ ਵਾਂਗੂੰ ਘੁੰਮਦੀਆਂ ਚੱਕਰ ਕੱਟਦੀਆਂ ਫਿਰਦੀਆਂ ਸਨ। ਸਮੇਂ ਦੇ ਗੁਜਰਨ ਨਾਲ ਉਹ ਪਹਿਲਾਂ ਨਾਲੋਂ ਕੁਝ ਠੰਡੀਆਂ ਹੁੰਦੀਆਂ ਇਕ ਦੂਸਰੀ ਵੱਲ ਖਿਚੀਆਂ ਜਾਣ ਲੱਗੀਆਂ। ਉਹ ਸਮਾਂ ਵੀ ਆਇਆ ਜਿਸ ਸਮੇਂ ਉਹ ਗੈਸਾਂ ਇਕ ਦੂਜੀ ਵੱਲ ਖਿੱਚੀਂਦੀਆਂ-ਖਿੱਚੀਂਦੀਆਂ ਅੱਗ ਦੇ ਬਹੁਤ ਹੀ ਵੱਡੇ ਗੋਲੇ ਦਾ ਰੂਪ ਧਾਰ ਗਈਆਂ। ਸੂਰਜ ਦੀ ਸ਼ਕਲ ਇਖਤਿਆਰ ਕਰ ਗਈਆਂ।
ਸੂਰਜ ਆਪਣੇ ਕੇਂਦਰ ਦੁਆਲੇ ਘੁੰਮਦਾ ਰਿਹਾ, ਘੁੰਮਦਾ ਈ ਰਿਹਾ। ਪਤਾ ਨਹੀਂ ਕਿੰਨੇ ਲੱਖਾਂ ਸਾਲ ਘੁੰਮਦਾ ਘੁੰਮਦਾ ਸੂਰਜ ਇੰਨਾਂ ਕੁ ਠੰਡਾ ਹੋਇਆ ਕਿ ਉਸ ਦੇ ਵਿਚੋਂ ਟੁੱਟੇ ਕਿਣਕੇ ਗ੍ਰਹਿਆਂ ਦੀਆਂ ਸ਼ਕਲਾਂ ਵਿੱਚ ਤਬਦੀਲ ਹੋ ਗਏ। ਸੂਰਜ ਦੇ ਕੇਂਦਰ ਤੋਂ ਨੇੜਲੇ ਗ੍ਰਹਿ ਆਪਣੀ ਅੱਤ ਦੀ ਗਰਮੀ ਕਰਕੇ ਅਤੇ ਦੂਰ ਵਾਲੇ ਗ੍ਰਹਿ ਆਪਣੀ ਅੱਤ ਦੀ ਠੰਢ ਕਰਕੇ ਤਰਲ ਅਤੇ ਠੋਸ ਪਦਾਰਥਾਂ ਦੇ ਪੈਦਾ ਹੋਣ ਲਈ ਸਾਜਗਾਰ ਸਿੱਧ ਨਾ ਹੋਏ। ਪਰ ਅੱਜ ਜਿਸ ਖਿਲਾਅ ਵਿੱਚ ਸਾਡੀ ਧਰਤੀ ਸਥਿਤ ਹੈ, ਇਹ ਹਿੱਸਾ ਸੂਰਜ ਤੋਂ ਨਾ ਬਹੁਤ ਦੂਰ ਅਤੇ ਨਾ ਬਹੁਤਾ ਨੇੜੇ ਸੀ। ਖਿਲਾਅ ਦੇ ਇਸ ਹਿੱਸੇ ਵਿਚਲਾ ਉਹ ਭਾਗ ਜੋ ਸੂਰਜ ਨਾਲੋਂ ਟੁੱਟਿਆ ਸੀ, ਸਮੇਂ ਦਾ ਚੱਕਰ ਘੁੰਮਣ ਦੇ ਨਾਲ ਨਾਲ ਠੰਡਾ ਹੁੰਦਾ ਗਿਆ। ਇਸ ਭਾਗ ਅੰਦਰਲੀਆਂ ਕੁੱਝ ਗੈਸਾਂ ਨੇ ਠੰਡੀਆਂ ਹੋ ਕੇ ਪਰਬਤਾਂ ਪਹਾੜਾਂ ਅਤੇ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਦਾ ਰੂਪ ਧਾਰਨ ਕੀਤਾ। ਠੋਸ ਅਤੇ ਤਰਲ ਦੀ ਹੀ ਦੇਣ ਹੈ ਕਿ ਬਨਸਪਤੀ, ਜੀਵ ਅਤੇ ਸੰਜੀਵ। ਇਸ ਕਰਕੇ ਦੁਪਹਿਰ ਖਿੜੀ ਦੇ ਫੁੱਲ ਸੂਰਜ ਦੀਆਂ ਕਿਰਣਾਂ ਨਾਲ ਖਿੜਦੇ ਹਨ। ਰਾਤ ਦੀ ਰਾਣੀ ਰਾਤ ਨੂੰ ਖਿੜਨ ਲੱਗੀ। ਸੂਰਜਮੁਖੀ ਦਾ ਫੁੱਲ ਸੂਰਜ ਵੱਲ ਮੂੰਹ ਕਰਕੇ ਖਿੜਨਾ ਲੱਗਿਆ। ਸੂਰਜ ਦੀਆਂ ਕਿਰਨਾਂ ਨੇ ਬ੍ਰਹਿਮੰਡ ਦੀ ਹਰ ਇੱਕ ਸ਼ੈ ਦੀ ਰੂਹ ਰੁਸ਼ਨਾਈ ਦਰਸਾਈ। ਜਦ ਸਾਡੀ ਇਹ ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਕੱਟਦੀ, ਦੂਸਰੇ
ਗ੍ਰਹਿਆਂ ਦੇ ਸੰਨ੍ਹ ਵਿੱਚ ਆਉਣ ਕਾਰਨ ਸੂਰਜ ਦੀ ਰੌਸ਼ਨੀ ਤੋਂ ਸੱਖਣੀ ਹੋ ਜਾਂਦੀ ਤਾਂ ਧਰਤੀ ਉਤਲੀ ਹਰ ਇਕ ਸ਼ੈ ਦੀ ਰੂਹ ਕਮਲਾਅ ਜਾਂਦੀ। ਚੁਫੇਰੇ ਸੰਘਣੀ ਕਾਲਖ਼ ਪਸਰ ਜਾਂਦੀ। ਮੂੰਹ ਨੂੰ ਮੂੰਹ ਨਜ਼ਰ ਨਾ ਆਉਂਦਾ। ਏਸ ਦੁਖਾਂਤ ਨੂੰ ਦੂਰ ਕਰਨ ਖਾਤਰ ਸੂਰਜ ਅਕਸਰ ਹੀ ਸੋਚਦਾ ਰਹਿੰਦਾ ਹੈ।
ਇਕ ਦਿਨ ਸੂਰਜ ਸੋਚ ਰਿਹਾ ਸੀ ਕਿ ਕਿਉਂ ਨਾ ਮੈਂ ਆਪਣਾ ਸਹਾਇਕ ਸਾਥੀ ਲੱਭ ਲਵਾਂ। ਉਹ ਅਸਮਾਨ ਵੱਲ ਵੇਖੀ ਜਾ ਰਿਹਾ ਸੀ ਕਿ ਅਸਮਾਨ ’ਤੇ ਤਾਰਿਆਂ ਨੂੰ ਬੜੀ ਧਿਆਨ ਨਾਲ ਵੇਖੀ ਜਾ ਰਿਹਾ ਸੀ ਕਿ ਕਿਸਨੂੰ ਮੈਂ ਆਪਣਾ ਦੋਸਤ ਬਣਾਵਾਂ। ਉਨ੍ਹਾਂ ਵਿਚੋਂ ਇਕ ਤਾਰਾ, ਚੰਨ ਵੱਲ ਬੜੇ ਧਿਆਨ ਨਾਲ ਦੇਖਣ ਲੱਗ ਪਿਆ ਤੇ ਵੇਖਦੇ ਵੇਖਦੇ ਨੂੰ ਮਹਿਸੂਸ ਹੋਇਆ ਕਿ ਸੂਰਜ ਥੱਕਿਆ ਹੋਇਆ ਸਾਰੇ ਦਾ ਸਾਰਾ ਉਦਾਸ ਪਿਾ ਹੈ। ਤਾਰਾ ਉਠਿਆ, ਸੂਰਜ ਨੂੰ ਕਹਿੰਦਾ- ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਸੂਰਜ ਦੀਆਂ ਅੱਖਾਂ ਵਿੱਚ ਅੱਥਰੂ ਨਿਕਲੇ। ਅੱਜ ਤੱਕ ਮੇਰੇ ਵੱਲ ਕਿਸੇ ਨੇ ਪਿਆਰ ਨਾਲ ਨਹੀਂ ਦੇਖਿਆ। ਤੈਨੂੰ ਮੇਰਾ ਖਿਆਲ ਕਿਵੇਂ ਆਇਆ, ਮੈਂ ਤਾਂ ਖੁਦ ਚਾਹੁੰਦਾ ਸੀ ਕਿ ਕਾਲੀਆਂ ਰਾਤਾਂ ਨੂੰ ਕੋਈ ਰੌਸ਼ਨ ਕਰਨ ਵਾਲਾ ਮੇਰਾ ਕੋਈ ਸਾਥੀ ਮਿਲ ਜਾਵੇ ਤਾਂ ਕਿ ਮਨੁੱਖਤਾ ਦਾ ਹੋਰ ਵਿਕਾਸ ਹੋਵੇ। ਪਰੰਤੂ ਅੱਜ ਮੇਰੇ ਕੋਲ ਆ ਕੇ ਇਸ ਤਾਰੇ ਨੇ ਮੇਰਾ ਦੁੱਖ ਸੁਣਿਆ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਪੇਸ਼ਕਸ਼ ਕੀਤੀ ਹੈ।
ਅਖੀਰ ਤਾਰੇ ਨੂੰ ਸੂਰਜ ਨੇ ਆਪਣੀ ਰੌਸ਼ਨੀ ਦੇ ਕੇ ਚੰਨ ਬਣਾ ਦਿੱਤਾ ਤੇ ਕਿਹਾ, ‘‘ਆ ਰੌਸ਼ਨੀ ਲੈ, ਮੈਂ ਤੈਨੂੰ ਰੋਸ਼ਨੀ ਦਿੰਦਾ ਹਾਂ ਤੇ ਕਾਲੀਆਂ ਰਾਤਾਂ ਨੂੰ ਉਜਾਗਰ ਕਰ।’’ ਤਾਰੇ ਨੇ ਸੂਰਜ ਤੋਂ ਰੌਸ਼ਨੀ ਲੈ ਕੇ ਚੰਨ ਦਾ ਰੂਪ ਧਾਰ ਲਿਆ ਤੇ ਕਾਲੀਆਂ ਰਾਤਾਂ ਦਿਨ ਦੀ ਰੌਸ਼ਨੀ ਵਿਚ ਬਦਲਣ ਲੱਗੀਆਂ ਅਤੇ ਮਨੁੱਖਤਾ ਤਰੱਕੀ ਕਰਨ ਲੱਗ ਪਈ। ‘‘ਫੇਰ ਹੰਕਾਰ ਵਿੱਚ ਆਇਆ ਚੰਨ ਸੋਚਣ ਲੱਗਿਆ ਮੇਰੇ ਕਿੰਨੇ ਸਾਰੇ ਦੋਸਤ ਬਣ ਗਏ, ਮੈਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੇ ਮੈਨੂੰ ਹੋਰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਮੈਂ ਹੁਣ ਸੂਰਜ ਨਾਲ ਹਮਦਰਦੀ ਰੱਖ ਕੇ ਅਤੇ ਉਸ ਦਾ ਦੁੱਖ ਦਰਦ ਵੰਡਾ ਕੇ ਕੀ ਲੈਣਾ।’’ ਚੰਨ ਸੂਰਜ ਕੋਲ ਜਾਣੋਂ ਵੀ ਹਟ ਗਿਆ। ਚੰਨ ਤਾਰਿਆਂ ਨੂੰ ਕਹਿਣ ਲੱਗਾ ਕਿ ਆਪਾਂ ਹੁਣ ਸੂਰਜ ਤੋਂ ਕੀ ਲੈਣਾ ਹੈ। ਹੁਣ ਤਾਂ ਆਪਾਂ ਵੀ ਚਾਨਣ ਵਾਲੇ ਹਾਂ। ਇਕ ਤਾਰਾ ਜੋ ਕਿ ਧਰੁਵ ਤਾਰਾ ਬਣਿਆ ਸੀ, ਉਸ ਧਰੁਵ ਤਾਰੇ ਨੇ ਕਿਹਾ, ਮੈਨੂੰ ਸਾਰਿਆਂ ਤੋਂ ਵੱਡਾ ਤਾਰਾ ਬਣਾਉਣ ਵਾਲਾ ਸੂਰਜ ਹੀ ਸੀ ਤੇ ਆਖੀਰ ਮੈਂ ਸੂਰਜ ਨੂੰ ਭੁੱਲ ਗਿਆ। ਇਕ ਵਾਰ ਮੈਂ ਸੂਰਜ ਨੂੰ ਮਿਲਿਆ ਤੇ ਉਸ ਤੋਂ ਬਾਅਦ ਸੋਚਿਆ ਕਿ ਮੈਂ ਸੂਰਜ ਨੂੰ ਮਿਲ ਕੇ ਕੀ ਲੈਣਾ ਤੇ ਤੂੰ ਮੇਰੇ ਵਾਲੀ ਗਲਤੀ ਨਾ ਕਰ, ਪਰ ਤਾਰੇ ਤੋਂ ਚੰਨ ਬਣੇ, ਚੰਨ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਹੰਕਾਰੀ ਅੰਦਾਜ਼ ਵਿੱਚ ਉਸ ਨੂੰ ਕਿਹਾ, ਤੂੰ ਆਪਣਾ ਕੰਮ ਕਰ। ਮੇਰਾ ਤੇਰਾ ਕੋਈ ਮੇਲ ਨਹੀਂ। ਮੈਂ ਚੰਨ ਹਾਂ ਤੇ ਤੂੰ ਇਕ ਮਮੂਲੀ ਜਿਹਾ ਤਾਰਾ ਹੈਂ । ਚੰਨ ਘਮੰਡ ਵਿੱਚ ਆ ਕੇ ਉਸ ਨੂੰ ਬੋਲਣ ਲੱਗਾ। ਬਹੁਤ ਹੀ ਸਮਝਾਉਣ ’ਤੇ ਤਾਰਿਆਂ ਤੋਂ ਚੰਨ ਨਾ ਸਮਝਿਆ। ਜੇਕਰ ਚੰਨ ਨੂੰ ਸਮੇਂ ਸਿਰ ਸਮਝ ਆ ਜਾਂਦੀ ਤਾਂ ਮਨੁੱਖਤਾ ਕੁਝ ਹੋਰ ਹੁੰਦੀ ਤੇ ਕਾਲੀਆਂ ਰਾਤਾਂ ਨਾ ਹੁੰਦੀਆਂ। ਦਿਨ ਸਮੇਂ ਸੂਰਜ ਕੰਮ ਕਰਦਾ ਅਤੇ ਰਾਤ ਸਮੇਂ ਸੂਰਜ ਦਾ ਦੋਸਚ ਚੰਨ ਕੰਮ ਕਰਦਾ ਤੇ ਦੋਨੇ ਆਪਣਾ ਕੰਮ ਵੰਡ ਕੇ ਕਰਦੇ ਤਾਂ ਮਨੁੱਖਤਾ ਕਿੰਨੀ ਹੀ ਵਧੀਆ ਹੁੰਦੀ। ਪਰ ਘਮੰਡੀ ਚੰਨ ਨੇ ਤਾਰਿਆਂ ਦੀ ਤਾਂ ਕੀ ਪ੍ਰਵਾਹ ਕਰਨੀ ਸੀ, ਉਹ ਤਾਂ ਸੂਰਜ ਨੂੰ ਵੀ ਅੱਖਾਂ ਦਿਖਾਉਣ ਲੱਗ ਪਿਆ ਸੀ, ਜਿਸ ਕੋਲੋਂ ਉਸ ਨੂੰ ਚਾਨਣ ਦੀ ਅਨਮੋਲ ਦਾਤ ਮਿਲੀ ਸੀ।
ਚੰਨ ਨੇ ਸੂਰਜ ਨਾਲ ਬੇਵਫਾਈ ਕੀਤੀ। ਪਿਆਰ ਦੀ ਬੇਵਫਾਈ ਦਾ ਦਾਗ਼ ਅੱਜ ਵੀ ਚੰਨ ਦੇ ਮੂੰਹ ’ਤੇ ਹੈ ਕਿਉਂਕਿ ਸੂਰਜ ਨੇ ਚੰਨ ਨੂੰ ਸਰਾਪ ਦੇ ਦਿੱਤਾ ਕਿ ਤੂੰ ਚੇਲਾ ਬਣਨ ਦੇ ਕਾਬਿਲ ਨਹੀਂ। ਫੇਰ ਤੂੰ ਮਨੁੱਖਤਾ ਦੀ ਸੇਵਾ ਕੀ ਕਰੇਂਗਾ। ਤੇਰੇ ’ਤੇ ਲੱਗਿਆ ਹੋਇਆ ਇਹ ਦਾਗ ਗੁਰੂ ਨਾਲ ਕੀਤੇ ਹੋਏ ਧੋਖੇ ਦੀ ਨਿਸ਼ਾਨੀ ਹੈ। ਜੋ ਕਦੇ ਨਹੀਂ ਮਿਟੇਗਾ। ਇਹ ਦਾਗ ਤੇਰੇ ’ਤੇ ਸਦਾ ਰਹੇਗਾ। ਗੁਰੂ ਨਾਲ ਧੋਖਾ ਕਰਨ ਵਾਲਿਆਂ ਦੇ ਨਾਲ ਧੋਖਾ ਕਰਨ ਵਾਲੇ ਗੰਗੂ ਬ੍ਰਾਹਮਣ ਦੇ ਮਰ ਜਾਣ ਬਾਅਦ ਵੀ ਇਸ ਨੇ ਉਸ ਦਾ ਖਹਿੜਾ ਨਹੀਂ ਛੱਡਿਆ। ਲੋਕ ਗੰਗੂ ਨੂੰ ਗੰਗਾ ਰਾਮ ਬ੍ਰਾਹਮਣ ਕਹਿਣ ਦੀ ਥਾਂ ਗਦਾਰ ਗੰਗੂ ਬ੍ਰਾਹਮਣ ਕਹਿੰਦੇ ਹਨ।
ਅੱਜ ਜਦੋਂ ਵੀ ਲੋਕ ਚੰਨ ਵੱਲ ਵੇਖਦੇ ਨੇ ਤੇ ਕਹਿੰਦੇ ਨੇ ਚੰਨ ’ਤੇ ਵੀ ਦਾਗ ਹੈ। ਪਰ ਕੋਈ ਇਹ ਨਹੀਂ ਸੋਚਦਾ ਕਿ ਸੂਰਜ ’ਤੇ ਦਾਗ ਕਿਉਂ ਨਹੀਂ ਹੈ। ਸ੍ਰਿਸ਼ਟੀ ਨੂੰ ਰਚਣ ਵਾਲੀਆਂ ਅਨੇਕਾਂ ਗੈਸਾਂ ਦੀ ਸੂਰਜ ਇਕ ਅਨੋਖੀ ਦੇਣ ਹੈ। ਸੂਰਜ ਦੀ ਵਫਾ ਅਤੇ ਸੇਵਾ ਜੋ ਸੂਰਜ ਹਰ ਥਾਂ, ਹਰ ਸਮੇਂ ਹਰ ਇਕ ਦੀ, ਭਾਵੇਂ ਜੀਵ ਹੈ, ਭਾਵੇਂ ਬਨਸਪਤੀ ਹੈ ਭਾਵੇਂ ਕੋਈ ਹੋਰ ਜੀਵ ਨਿਰਜੀਵ ਹੈ ਉਹ ਅਪਰ-ਮ-ਪਾਰ ਹੈ। ਸੂਰਜ ਵੱਲੋਂ ਕੀਤੀ ਜਾਣ ਵਾਲੀ ਸੇਵਾ ਕਰਕੇ ਤਾਂ ਹਰ ਇਕ ਤਰ੍ਹਾਂ ਦੀਆਂ ਫਸਲਾਂ ਨੂੰ ਹਰਿਆਵਲ ਮਿਲਦੀ ਹੈ ਹਰ ਇਕ ਫੁੱਲ ਨੂੰ ਖੇੜਾ ਅਤੇ ਸੁਗੰਧੀਆਂ ਮਿਲਦੀਆਂ ਹਨ। ਹਰ ਇਕ ਮਨੁੱਖ ਨੂੰ ਜੀਵਨ ਮਿਲਦਾ ਹੈ।
ਆਪਣੇ ਗੁਰੂ ਨਾਲ ਬੇਵਫਾਈ ਕਰਨ ਵਾਲੇ ਚੰਨ ਵਰਗਾ ਹਾਲ ਹੁੰਦਾ ਹੈ। ਜੋ ਰਚਣਹਾਰ ਦੇ ਨਾਲ ਰਹੇਗਾ, ਸੂਰਜ ਵਰਗਾ ਬੇਦਾਗ ਰਹੇਗਾ ਉਹ ਮਨੁੱਖਤਾ ਦਾ ਵਿਕਾਸ ਕਰੇਗਾ।
ਜੇਕਰ ਸੂਰਜ ਵਿੱਚੋਂ ਟੁੱਟ ਕੇ ਬਣੇ ਤਾਰਿਆਂ ਵਿਚੋਂ ਇਕ ਤਾਰੇ ਤੋਂ ਬਣਿਆਂ ਚੰਨ ਜਿਸ ਕੋਲ ਅੱਜ ਵੀ ਆਪਣਾ ਚਾਨਣ ਨਹੀਂ, ਸੂਰਜ ਤੋਂ ਹੋਰ ਬਹੁਤ ਕੁਝ ਗ੍ਰਹਿਣ ਕਰਦਾ ਤਾਂ ਅੱਜ ਮਨੁੱਖ ਦੇ ਲਈ ਕਿੰਨਾ ਕੁਝ ਵਧੀਆ ਹੁੰਦਾ ਅਤੇ ਮਨੁੱਖਤਾ ਦਾ ਕਿੰਨਾ ਵਿਕਾਸ ਹੁੰਦਾ। ਜਿਸ ਨਾਲ ਧਰਤੀ ਸਵਰਗ ਹੁੰਦੀ। ਸਵਰਗ ਦੀ ਇਥੇ ਹੀ ਹੁੰਦਾ ਤੇ ਨਾ ਕੋਈ ਬਿਮਾਰ ਹੁੰਦਾ ਤੇ ਨਾ ਇਸ ਦੁਨੀਆਂ ’ਤੇ ਭ੍ਰਿਸ਼ਟਾਚਾਰ ਹੁੰਦਾ।
ਮਹਿਕਾਂ-ਖੇੜਿਆਂ, ਹਾਸਿਆਂ ਨਾਲ ਦੁਨੀਆਂ ਭਰੀ-ਭਰੀ ਹੁੰਦੀ। ਜੇ ਅੱਜ ਦੁਨੀਆਂ ਵਿਚ ਬਿਮਾਰੀਆਂ, ਭ੍ਰਿਸ਼ਟਾਚਾਰ, ਕਤਲੋਗਾਰਤ ਪ੍ਰਦੂਸ਼ਨ ਵਰਗੀਆਂ ਬੁਰਾਈਆਂ ਦਾ ਬੋਲਬਾਲਾ ਹੈ ਤਾਂ ਇਹ ਸੂਰਜ ਨਾਲ ਬੇਵਫਾਈਆਂ ਕਰਨ ਵਾਲੇ ਚੰਦ ਵਰਗੇ ਉਨ੍ਹਾਂ ਸ਼ੈਤਾਨਾਂ ਦੀ ਹੀ ਦੇਣ ਹੈ ਜੋ ਕਿਰਤੀ ਦੀਆਂ ਪੈਦਾ ਕੀਤੀਆਂ ਬੇਸ਼ੁਮਾਰ ਵਸਤਾਂ ਦਾ ਆਨੰਦ ਭੋਗਦੇ ਹੋਏ ਵੀ ਕਿਰਤੀਆਂ ਨਾਲ ਬੇਵਫਾਈ ਕਰਦੇ ਆ ਰਹੇ ਹਨ। ਮਨੁੱਖੀ ਜਾਮਾ ਪਹਿਨਕੇ ਵੀ ਮਨੁੱਖੀ ਜਾਮੇ ਨਾਲ ਧੋਖਾ ਕਰਦੇ ਆ ਰਹੇ ਹਨ।