ਅੰਮ੍ਰਿਤਸਰ, 1 ਅਕਤੂਬਰ (ਪਰਦੀਪ ਸ਼ਰਮਾ, ਸੁਨੀਲ ਗੁਪਤਾ)- ਅੱਜ ਸਵੇਰੇ ਤਕਰੀਬਨ 7 ਵੱਜ ਕੇ 55 ਮਿੰਟ ਤੇ ਇੰਟੀਗਰੇਟਿਡ ਚੈੱਕ ਪੋਸਟ (ਆਈ.ਸੀ.ਪੀ) ਅਟਾਰੀ ਵਿਖੇ ਹਾਈਡਰੋਜਨ ਪੈਰਡਾਇਕਸਾਈਡ ਨਾਲ ਭਰੇ ਟੈਂਕਰ ਵਿਚ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਏਨਾ ਜ਼ਬਰਦਸਤ ਸੀ ਕਿ ਟੈਂਕਰ ਦਾ ਉਪਰਲਾ ਹਿੱਸਾ 2 ਹਜ਼ਾਰ ਗਜ਼ ਦੀ ਦੂਰੀ ’ਤੇ ਜਾ ਕੇ ਡਿੱਗਿਆ। ਖੁਸ਼ਕਿਸਮਤੀ ਨਾਲ ਇਸ ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਸਟਮ ਤੇ ਬੀ.ਐਸ.ਐਫ ਦੇ ਅਧਿਕਾਰੀਆਂ ਵਲੋ ਸੂਚਨਾ ਦਿੱਤੇ ਜਾਣ ’ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਮੌਕੇ ’ਤੇ ਜਾਇਜ਼ਾ ਲੈਣ ਲਈ ਪੁਹੰਚੇ। ਇਸ ਮੌਕੇ ਸ੍ਰੀ ਈਸ਼ਵਰ ਚੰਦਰ ਸ਼ਰਮਾ ਆਈ.ਜੀ.ਬਾਰਡਰ ਜੋਨ, ਸ੍ਰੀ ਐਮ.ਐਫ ਫਾਰੂਕੀ ਡੀ.ਆਈ.ਜੀ ਬੀ.ਐਸ.ਐਫ, ਸ੍ਰੀ ਅਮਨਜੀਤ ਡਿਪਟੀ ਕਮਿਸ਼ਨਰ ਕਸਟਮ ਵਿਭਾਗ, ਸ੍ਰੀ ਜਸਦੀਪ ਸਿੰਘ ਐਸ.ਐਸ.ਪੀ (ਦਿਹਾਤੀ) ਤੇ ਆਈ.ਸੀ.ਪਾਈ ਦੇ ਅਧਿਕਾਰੀ ਆਦਿ ਮੌਜੂਦ ਸਨ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਕੈਮੀਨਲ ਨਾਲ ਭਰੇ ਟੈਂਕਰ ਨੂੰ ਲੋਡ ਕਰਕੇ ਜਦ ਡਰਾਈਵਰ ਮੁੱਖ ਗੇਟ ਪਾਸ ਪਰਚੀ ਲੈਣ ਗਿਆਂ ਤਾਂ ਇਕਦਮ ਇਹ ਧਮਾਕਾ ਹੋ ਗਿਆ। ਉਨਾਂ ਦੱਸਿਆ ਕਿ ਇਹ ਕੈਮੀਨਲ ਪਦਾਰਥ ਪਾਕਿਸਤਾਨ ਤੋਂ ਆਯਾਤ ਕੀਤਾ ਜਾਂਦਾ ਹੈ ਅਤੇ ਇਸ ਧਮਾਕੇ ਸਬੰਧੀ ਪਾਕਿਸਤਾਨ ਦੇ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਧਮਾਕੇ ਦੇ ਪੂਰੇ ਕਾਰਨਾਂ ਦਾ ਪਤਾ ਲਗਾਉਣ ਲਈ ਮੈਜਿਸਟਰੈਟ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਇਕ ਹਫ਼ਤੇ ਦੇ ਅੰਦਰ ਐਸ.ਡੀ.ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ ਇਸ ਸਬੰਧੀ ਮਕੰਮਲ ਜਾਂਚ ਪੜਤਾਲ ਕਰਕੇ ਰਿਪੇਰਟ ਪੇਸ਼ ਕਰਨਗੇ। ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ਫੈਰੋਸਿੰਕ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋ ਇਥੇ ਆ ਕੇ ਧਮਾਕੇ ਦੇ ਕਾਰਨਾਂ ਦੀ ਜਾਂਚ ਕਰੇਗੀ। ਇਸ ਮੌਕੇ ਸ੍ਰੀ ਐਮ.ਐਫ ਫਾਰੂਕੀ ਡੀ.ਆਈ.ਜੀ ਬੀ.ਐਸ.ਐਫ ਤੇ ਸ੍ਰੀ ਈਸ਼ਵਰ ਚੰਦਰ ਸ਼ਰਮਾ ਆਈ.ਜੀ.ਬਾਰਡਰ ਜੋਨ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਉਹ ਘਟਨਾ ਵਾਲੇ ਸਥਾਨ ’ਤੇ ਪੁੱਜ ਗਏ ਸਨ ਅਤੇ ਪੁਲਿਸ ਵਲੋਂ ਟੈਂਕਰ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਥਾਣਾ ਘਰਿੰਡਾ ਵਲੋਂ ਐਫ.ਆਈ.ਦਰਜ ਕੀਤੀ ਜਾ ਚੁੱਕੀ ਹੈ।



