ਚੰਡੀਗੜ੍ਹ, 29 ਸਤੰਬਰ (ਪੀ. ਟੀ.)- ਪਟਿਆਲਾ ਤੋਂ ਨਵੀਂ ਚੁਣੀ ਐਮ. ਐਲ. ਏ. ਮਹਾਰਾਣੀ ਪ੍ਰਨੀਤ ਕੌਰ ਦਾ ਸਹੁੰ ਚੁੱਕ ਸਮਾਗਮ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਸਮਾਗਮ ਦੌਰਾਨ ਕਾਂਗਰਸ ਦੇ ਕੁੱਲ 32 ਵਿਧਾਇਕਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਕੈਪਟਨ ਸਮਰਥਕ ਲੀਡਰ ਤੇ ਸਮਰਥਕ ਸ਼ਾਮਲ ਸਨ। ਵਿਧਾਨ ਸਭਾ ਕੰਪਲੈਕਸ ਚ ਸਪੀਕਰ ਚਰਨਜੀਤ ਸਿੰਘ ਅਟਵਾਲ ਵਲੋਂ ਪ੍ਰਨੀਤ ਕੌਰ ਨੂੰ ਸਹੁੰ ਚੁਕਾਈ ਗਈ। ਇਸ ਦੌਰਾਨ ਕੈਪਟਨ ਇਕ ਵਾਰ ਫੇਰ ਆਪਣੇ ਪੁਰਾਣੇ ਰੌਂਅ ’ਚ ਨਜ਼ਰ ਆਏ ਤੇ ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਅਤੇ ਖਾਸ ਤੌਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਸਿਧੇ ਤੌਰ ’ਤੇ ਨਿਸ਼ਾਨੇ ਵਿੰਨ੍ਹੇ। ਲੁਧਿਆਣਾ ਚ ਹੋਏ ਪੁਲਿਸ ਮੁਕਾਬਲੇ ’ਤੇ ਟਿੱਪਣੀ ਕਰਦਿਆਂ ਅਮਰਿੰਦਰ ਨੇ ਕਿਹਾ
ਕਿ ਪੰਜਾਬ ’ਚ ਇਸ ਵੇਲੇ ਹਿਟਲਰ ਰਾਜ ਹੈ। ਬਾਦਲ ਬੁੱਢਾ ਹੋ ਗਿਆ ਹੈ ਤੇ ਉਨ੍ਹਾਂ ਦੀ ਕੋਈ ਚਲਦੀ ਨਹੀਂ। ਪੁਲਿਸ ਬੇਲਗਾਮ ਹੋ ਗਈ ਹੈ ਤੇ ਸਰਕਾਰ ਦਾ ਕੰਮ ਕਾਂਗਰਸੀ ਵਿਧਾਇਕਾਂ ’ਤੇ ਝੂਠੇ ਪਰਚੇ ਦਰਜ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲ ਤੋਂ ਇਹੀ ਕੁਝ ਹੋ ਰਿਹੈ ਪਰ ਛੇਤੀ ਹੀ ਇਸ ਦਾ ਖਾਤਮਾ ਹੋ ਜਾਵੇਗਾ। 2 ਸਾਲ ਬਾਅਦ ਅਸੀਂ ਸਰਕਾਰ ਬਦਲ ਦਿਆਂਗੇ ਜਿਸ ਦੀ ਸ਼ੁਰੂਆਤ ਅੱਜ ਹੋ ਗਈ ਹੈ।ਬਾਦਲ ਵਲੋਂ ਮੋਦੀ ਕੋਲ ਬਲੈਕ ਲਿਸਟ ਐਨ ਆਰ ਆਈਜ਼ ਦਾ ਮੁੱਦਾ ਚੁੱਕਣ ਬਾਰੇ ਪੁੱਛੇ ਸਵਾਲ ’ਤੇ ਕੈਪਟਨ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਬਲੈਕ ਲਿਸਟਾਂ ਖਤਮ ਹੋਣ। ਉਨ੍ਹਾਂ ਕਿਹਾ ਕਿ ਬਲੈਕ ਲਿਸਟ ਬਾਅਦ ਦੀ ਗੱਲ ਹੈ ਪਹਿਲਾਂ ਪੰਜਾਬ ’ਚ ਜਿਹੜਾ ਐਨ ਆਰ ਆਈਜ਼ ਨੂੰ ਤੰਗ ਕੀਤਾ ਜਾਂਦਾ ਹੈ ਉਹ ਬਾਦਲ ਬੰਦ ਕਰਾਉਣ।
ਕੱਛ ’ਚੋਂ ਪੰਜਾਬੀ ਕਿਸਾਨਾਂ ਦੇ ਉਜਾੜੇ ਉੱਤੇ ਵੀ ਉਨ੍ਹਾਂ ਬਾਦਲ ’ਤੇ ਕੁਝ ਨਾ ਕਰਨ ਦੇ ਦੋਸ਼ ਲਾਏ। ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਵੀ ਵਿਦੇਸ਼ ਮੰਤਰੀ ਹੁੰਦਿਆਂ ਬਲੈਕ ਲਿਸਟਾਂ ਦਾ ਮੁੱਦਾ ਕਈ ਵਾਰ ਚੁੱਕਿਆ ਸੀ।
ਕੈਪਟਨ ਦੇ ਇਸ ਸ਼ਕਤੀਪ੍ਰਦਰਸ਼ਨ ਤੋਂ ਅੱਜ ਇਕ ਵਾਰ ਫੇਰ ਸਪਸ਼ਟ ਹੋ ਗਿਆ ਹੈ ਕਿ ਕਾਂਗਰਸੀ ਵਿਧਾਇਕਾਂ, ਲੀਡਰਾਂ ਤੇ ਸਮਰਥਕਾਂ ’ਚ ਉਹ ਹੀ ਪ੍ਰਵਾਨਤ ਨੇਤਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਖੇਮਾ ਪਹਿਲਾਂ ਹੀ ਪ੍ਰਤਾਪ ਬਾਜਵਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਮੁਹਿੰਮ ਸ਼ਰੇਆਮ ਚਲਾ ਰਿਹਾ ਹੈ। ਅਜਿਹੇ ’ਚ ਬਾਜਵਾ ਦੀਆਂ ਮੁਸ਼ਕਲਾਂ ਦਾ ਹੋਰ ਵਧਣਾ ਸੁਭਾਵਕ ਹੈ।



