ਚੰਡੀਗੜ੍ਹ, 29 ਸਤੰਬਰ (ਪੀ. ਟੀ.)- ਸੈਰ ਸਪਾਟਾ ਖੇਤਰ ਵਿੱਚ ਇਕ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਸੂਬੇ ਨੇ ਦੇਸ਼ ਦੇ ਸਮੂਹ ਰਾਜਾਂ ਵਿੱਚੋਂ ਦਿਹਾਤੀ ਸੈਰ ਸਪਾਟਾ ਸੈਕਟਰ ਨੂੰ ਪ੍ਰਫੁੱਲਤ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਬਦਲੇ ਸਰਵੋਤਮ ਦਿਹਾਤੀ ਸੈਰ ਸਪਾਟਾ ਪ੍ਰੋਤਸਾਹਨ ਐਵਾਰਡ ਹਾਸਲ ਕੀਤਾ। ਪੰਜਾਬ ਨੂੰ ਇਹ ਐਵਾਰਡ ਸ਼ਿਮਲਾ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਹੋਏ ‘ਕੌਮਾਂਤਰੀ ਟੂਰਿਜ਼ਮ ਕਨਕਲੇਵ ਐਂਡ ਟਰੈਵਲਜ਼ ਐਵਾਰਡ’ ਸਮਾਰੋਹ ਮੌਕੇ ਦਿੱਤਾ ਗਿਆ। ਸਮਾਗਮ ਦੌਰਾਨ ਇਹ ਐਵਾਰਡ ਪੰਜਾਬ ਸਰਕਾਰ ਤਰਫੋਂ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਬਸੰਤ ਰਾਜ ਕੁਮਾਰ, ਆਈ.ਐਫ.ਐਸ. ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਵੀਰਭੱਦਰ ਵੱਲੋਂ ਹਾਸਲ
ਕੀਤਾ। ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਇਸ ਮਾਣਮੱਤੀ ਪ੍ਰਾਪਤੀ ’ਤੇ ਵਿਭਾਗ ਨੂੰ ਵਧਾਈ ਦਿੱਤੀ। ਪੰਜਾਬ ਸੈਰ ਸਪਾਟਾ ਵਿਭਾਗ ਦੇ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਸੂਬੇ ਦੀ ਫਾਰਮ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਨੂੰ ਸਨਮਾਨ ਮਿਲਿਆ ਹੈ। ਬੋਰਡ ਵੱਲੋਂ ਫਾਰਮ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ ਵਰਕਸ਼ਾਪਾਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੇ ਕਈ ਫਾਰਮ ਹਾਊਸ ਵਿਕਸਤ ਕੀਤੇ ਗਏ ਜਿਹੜੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਬਣੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਰਹਿਣ ਦੇ ਸੈਲਾਨੀਆਂ ਲਈ ਬੋਰਡ ਵੱਲੋਂ ਪ੍ਰਵਾਨਿਤ ਫਾਰਮ ਟੂਰਿਜ਼ਮ ਖੇਤਰ ਬਣਾਏ ਗਏ। ਉਨ੍ਹਾਂ ਦੱਸਿਆ ਕਿ ਅਜਿਹੇ ਫਾਰਮ ਹਾਊਸਜ਼ ਨੂੰ ਬੋਰਡ ਵੱਲੋਂ ਪਹਿਲਾਂ ਪੂਰਾ ਪਰਖ ਕੇ ਪ੍ਰਵਾਨਿਤ ਕੀਤਾ ਜਾਂਦਾ ਹੈ। ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਅਜਿਹੇ 17 ਪ੍ਰਵਾਨਿਤ ਫਾਰਮ ਹਾਊਸ ਹਨ ਅਤੇ ਸੈਲਾਨੀਆਂ ਦੀ ਖਿੱਚ ਨੂੰ ਦੇਖਦਿਆਂ ਇਨ੍ਹਾਂ ਦੀ ਗਿਣਤੀ ਵਿੱਚ ਵਾਧਾ ਵਿਚਾਰ ਅਧੀਨ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਭਾਰਤ ਸਰਕਾਰ ਤਰਫੋਂ ਸਰਵੋਤਮ ਸੈਰ ਸਪਾਟਾ ਖੇਤਰ ਦਾ ਐਵਾਰਡ ਹਾਸਲ ਕੀਤਾ ਸੀ। ‘ਕੌਮਾਂਤਰੀ ਟੂਰਿਜ਼ਮ ਕਨਕਲੇਵ ਐਂਡ ਟਰੈਵਲਜ਼ ਐਵਾਰਡ’ ਸਰਵੋਤਮ ਈਵੈਂਟਾਂ ਵਿੱਚੋਂ ਇਕ ਹੈ ਜਿਹੜੀ ‘ਡਿਸਕਵਰ ਇੰਡੀਆ-ਡਿਸਕਵਰ ਵਰਲਡ’ ਦੇ ਮਿਸ਼ਨ ਤਹਿਤ ਸੈਰ ਸਪਾਟਾ ਸੈਕਟਰ ਦੇ ਖੇਤਰ ਵਿੱਚ ਕੰਮ ਕਰਦੀ ਹੈ।



