ਪੰਜਾਬ ਜਲਦੀ ਬਣੇਗਾ ਕਚਰਾ ਰਹਿਤ ਸੂਬਾ
ਪਰਨੀਤ ਬਰਾੜ ਕਾਰਜਕਾਰੀ ਸੰਪਾਦਕ ਜਲੰਧਰ/ਬਾਦਲ (ਸ੍ਰੀ ਮੁਕਤਸਰ ਸਾਹਿਬ), 29 ਸਤੰਬਰ- ਸਵੱਛ ਭਾਰਤ ਅਭਿਆਨ ਦੀ ਅੱਜ ਇੱਥੋਂ ਪੰਜਾਬ ਵਿਚ ਸ਼ੁਰੂਆਤ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਐਲਾਣੀ ਇਸ ਮੁਹਿੰਮ ਵਿਚ ਮੋਹਰੀ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਐਲਾਣੈ ਸਵੱਛ ਭਾਰਤ ਅਭਿਆਨ ਪ੍ਰੋਗਰਾਮ ਦੀ ਸਲਾਘਾ ਕਰਦਿਆਂ ਉਪ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਪਹਿਲਾਂ ਹੀ ਨਵੇਕਲੀ ਪਹਿਲ ਕਰਦਿਆਂ ਸੂਬੇ ਨੂੰ 8 ਕਲੱਸਟਰਾਂ ਵਿਚ ਵੰਡ ਕੇ ਪੰਜਾਬ ਵਿਚੋਂ ਠੋਸ ਕਚਰੇ ਦੇ
ਵਿਗਿਆਨਕ ਤਰੀਕੇ ਨਾਲ ਨਿਪਟਾਰੇ ਦਾ ਪ੍ਰੋਜੈਕਟ ਆਰੰਭ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੁਝ ਕਲੱਸਟਰਾਂ ਵਿਚ ਕੰਮ ਅਤਿੰਮ ਪੜਾਅ ਤੇ ਹੈ ਅਤੇ ਜਲਦ ਹੀ ਇੰਨ੍ਹਾਂ ਠੋਸ ਕਚਰਾ ਨਿਪਟਾਰਾ ਕੇਂਦਰਾਂ ਤੋਂ ਜਿੱਥੇ ਬਿਜਲੀ ਪੈਦਾ ਹੋਵੇਗੀ ਉਥੇ ਹੀ ਇੱਥੋਂ ਖੇਤਾਂ ਲਈ ਉਚੱ ਗੁਣਵਤਾ ਦੀ ਖਾਦ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰੋਜਕਟਾਂ ਨੂੰ ਜਲਦ ਸ਼ੁਰੂ ਕਰਨ ਦੀ ਹਦਾਇਤ ਕਰਦਿਆਂ ਇਸ ਮੁਹਿੰਮ ਦੀ ਤੇਜੀ ਬਰਕਰਾਰ ਰੱਖਣ ਦੀ ਗੱਲ ਵੀ ਆਖੀ। ਇਸ ਮੌਕੇ ਸ: ਬਾਦਲ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿਚ ਆਮ ਲੋਕਾਂ ਨੂੰ ਇਸ ਮੁਹਿੰਮ ਪ੍ਰਤੀ ਚੇਤਨ ਕਰਨ ਲਈ ਜਾਗਰੂਕਤਾ ਅਭਿਆਨ ਚਲਾਏ ਜਾਣਗੇ ਤਾਂ ਜੋ ਲੋਕਾਂ ਨੂੰ ਗਲੀਆਂ ਨਾਲੀਆਂ, ਸੜਕਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਪਾਰਕਾਂ, ਇਤਿਹਾਸਕ ਸਥਾਨ, ਛੱਪੜਾਂ ਅਤੇ ਹੋਰ ਜਨਤਕ ਥਾਂਵਾਂ ਦੇ ਨਾਲ ਨਾਲ ਆਪਣੇ ਘਰਾਂ ਦੀ ਸਫਾਈ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੂੰ ਸ਼ਹਿਰਾਂ ਵਿਚ ਵਿਸੇਸ਼ ਸਫਾਈ ਅਭਿਆਨ ਚਲਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਨਾਲ ਨਾ ਕੇਵਲ ਚੌਗਿਰਦਾ ਸਾਫ ਹੁੰਦਾ ਹੈ ਸਗੋਂ ਮਨੁੱਖ ਅਨੇਕਾਂ ਬਿਮਾਰੀਆਂ ਤੋਂ ਵੀ ਬੱਚ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਮੇਰਿਕਾ ਫੇਰੀ ਦਾ ਜਿਕਰ ਕਰਦਿਆਂ ਉਪ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਐਨ.ਡੀ.ਏ. ਸਰਕਾਰ ਨੇ ਦੇਸ਼ ਹਿੱਤ ਵਿਚ ਮਹੱਤਵਪੂਰਨ ਫੈਸਲੇ ਲਏ ਹਨ ਜਿਸ ਨਾਲ ਸਾਡੇ ਅੰਤਰ ਰਾਸ਼ਟਰੀ ਪੱਧਰ ਤੇ ਮਹੱਤਵਪੂਰਨ ਮੁਲਕਾਂ ਨਾਲ ਰਿਸਤੇ ਮਜਬੂਤ ਹੋਏ ਹਨ ਉਥੇ ਅੰਤਰ ਰਾਸ਼ਟਰੀ ਮੰਚ ਦੇ ਭਾਰਤ ਦੀ ਸਾਖ਼ ਹੋਰ ਉੱਚੀ ਹੋਈ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਸ: ਬਾਦਲ ਨੇ ਕਿਹਾ ਕਿ ਲੁਧਿਆਣਾ ਵਿਚ ਦੋ ਨੌਜਵਾਨਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਨਿਰਪੱਖ ਵਿਸੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਸਰਕਾਰ ਪੁਰੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਟ ਮੰਗੀ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਪਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵੱਡੀ ਜਿੱਤ ਦਰਜ ਕਰਕੇ ਹਰਿਆਣੇ ਵਿਚ ਸਰਕਾਰ ਦਾ ਗਠਨ ਕਰੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਕਾਂਗਰਸ ਦੇ ਕੁਸਾਸ਼ਣ ਤੋਂ ਤੰਗ ਆ ਚੁੱਕੇ ਹਨ ਅਤੇ ਹਰਿਆਣੇ ਵਿਚ ਇਨੈਲੋ-ਅਕਾਲੀ ਦਲ ਗਠਜੋੜ ਦੀ ਸਰਕਾਰ ਦਾ ਗਠਨ ਕਰਨ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਵਾਤਾਵਰਨ ਨੂੰ ਸਾਫ ਰੱਖਣ ਲਈ ਬਹੁਮੰਤਵੀ ਖੇਡ ਸਟੇਡੀਅਮ ਵਿਚ ਪੌਦੇ ਲਗਾਏ ਅਤੇ ਪਿੰਡ ਬਾਦਲ ਦੇ ਸਕੂਲਾਂ ਕਾਲਜਾਂ ਦੇ ਨਾਲ ਸਬੰਧਤ ਐਨ.ਐਸ.ਐਸ. ਅਤੇ ਐਨ.ਸੀ.ਸੀ. ਗਰਲਜ਼ ਬਟਾਲੀਅਨ ਦੀਆਂ ਕੈਡਿਟਸ ਨੂੰ ਸਵੱਛਤਾ ਅਭਿਆਨ ਲਈ ਰਵਾਨਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਪਰਮਪ੍ਰੀਤ ਸਿੰਘ ਬੌਬੀ ਬਾਦਲ, ਸ: ਅਵਤਾਰ ਸਿੰਘ ਵਣਵਾਲਾ, ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਹਲਕਾ ਇੰਚਾਰਜ ਸ੍ਰੀ ਮੁਕਤਸਰ ਸਾਹਿਬ, ਸ: ਪਰਮਬੰਸ ਸਿੰਘ ਬੰਟੀ ਰੁਮਾਣਾ, ਸ: ਹਰਜੀਤ ਸਿੰਘ ਭੋਲੂਵਾਲਾ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਬੀਰ, ਡੀ.ਐਫ.ਓ. ਸ੍ਰੀ ਸੰਜੇ ਬਾਂਸਲ, ਐਸ.ਡੀ.ਐਮ. ਸ੍ਰੀ ਬਿਕਰਮਜੀਤ ਸ਼ੇਰਗਿੱਲ, ਐਨ.ਸੀ.ਸੀ. ਬਟਾਲੀਅਨ ਤੋਂ ਲੈਫਟੀਨੈਂਟ ਕਰਨਲ ਸ੍ਰੀ ਅਮਿਤੇਸ਼ ਬੇਨੀਵਾਲ ਅਤੇ ਸ੍ਰੀ ਬੀ.ਚੰਦਰ ਰਾਓ ਵੀ ਹਾਜਰ ਸਨ।



