ਚੰਡੀਗੜ੍ਹ, 22 ਸਤੰਬਰ (ਪੀ. ਟੀ.)- ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਹੋਰ ਅਨੁਸ਼ਾਸਣ ਕਾਇਮ ਕਰਨ ਅਤੇ ਅਧਿਆਪਕਾਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਸਕੂਲਾਂ ਦੀ ਨਿਰੰਤਰ ਚੈਕਿੰਗ ਲਈ ਬਣਾਏ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ਅੱਜ ਮੁੜ ਸੂਬੇ ਦੇ 904 ਸਰਕਾਰੀ ਸਕੂਲਾਂ ਦੀ ਇਕ ਸਮੇਂ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 90 ਅਧਿਆਪਕ ਗੈਰ ਹਾਜ਼ਰ ਪਾਏ ਗਏ ਜਦੋਂ ਕਿ 97 ਲੇਟ ਹਾਜ਼ਰ ਅਤੇ 69 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕਾਂ ਨੂੰ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੰਦਿਆਂ ਨਾਲ ਹੀ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਸੂਬੇ ਦੇ ਸਮੂਹ ਸਕੂਲਾਂ ਵਿੱਚ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਜਿਹੇ ਅਧਿਆਪਕਾਂ ਦੀ ਕੁੱਲ ਸੂਚੀ ਬਣਾ ਕੇ ਸਖਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਗੈਰ ਹਾਜ਼ਰ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ
ਜਾਰੀ ਕੀਤੇ ਜਾਣ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਡਾ. ਚੀਮਾ ਨੇ ਦੱਸਿਆ ਕਿ ਵਿਸ਼ੇਸ਼ ਨਿਰੀਖਣ ਸੈਲ ਵੱਲੋਂ ਸਕੂਲਾਂ ਦੀ ਨਿਰੰਤਰ ਸ਼ੁਰੂ ਕੀਤੀ ਚਨਚੇਤੀ ਚੈਕਿੰਗ ਤਹਿਤ ਅੱਜ ਮੁੜ ਸਵੇਰੇ ਸਕੂਲ ਖੱਲ੍ਹਣ ਸਮੇਂ 904 ਸਕੂਲਾਂ ਦੀ ਚੈਕਿੰਗ ਕੀਤੀ ਗਈ। ਮੰਡਲ ਅਨੁਸਾਰ ਵੇਰਵੇ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਫਰੀਦਕੋਟ ਮੰਡਲ ਵਿੱਚ 332 ਸਕੂਲਾਂ ਦੀ ਕੀਤੀ ਚੈਕਿੰਗ ਦੌਰਾਨ 48 ਅਧਿਆਪਕ ਗੈਰ ਹਾਜ਼ਰ, 47 ਲੇਟ ਹਾਜ਼ਰ ਅਤੇ 32 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਨਾਭਾ (ਪਟਿਆਲਾ) ਮੰਡਲ ਵਿੱਚ 322 ਸਕੂਲਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ 12 ਅਧਿਆਪਕ ਗੈਰ ਹਾਜ਼ਰ, 12 ਲੇਟ ਹਾਜ਼ਰ ਅਤੇ 23 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ ਜਦੋਂ ਕਿ ਜਲੰਧਰ ਮੰਡਲ ਦੇ 250 ਸਕੂਲਾਂ ਦੀ ਚੈਕਿੰਗ ਦੌਰਾਨ 30 ਅਧਿਆਪਕ ਗੈਰ ਹਾਜ਼ਰ, 37 ਲੇਟ ਹਾਜ਼ਰ ਅਤੇ 14 ਲੰਬੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਡਾ.ਚੀਮਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਗੈਰ ਹਾਜ਼ਰ ਅਧਿਆਪਕਾਂ ਖਿਲਾਫ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਲਈ ਉਨ੍ਹਾਂ ਵਿਭਾਗ ਨੂੰ ਅਜਿਹੇ ਅਧਿਆਪਕਾਂ ਦੀ ਪੂਰੀ ਸੂਚੀ ਬਣਾਉਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਗੈਰ ਹਾਜ਼ਰ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਨ੍ਹਾਂ ਦਾ ਪੱਖ ਜਾਣਿਆ ਜਾਵੇਗਾ ਅਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।



