June 16, 2026 1:15 am

ਬਾਦਲ, ਸੁਖਬੀਰ ਤੇ ਮਜੀਠੀਆ ਵੱਲੋਂ ਜਥੇਦਾਰ ਤਲਵੰਡੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 19 ਸਤੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਉੱਘੇ ਅਕਾਲੀ ਨੇਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਲੁਧਿਆਣਾ ਵਿਖੇ ਲੰਮੀ ਬਿਮਾਰੀ ਉਪਰੰਤ ਚੱਲ ਵਸੇ। ਸ. ਬਾਦਲ ਨੇ ਜਥੇਦਾਰ ਤਲਵੰਡੀ ਨੂੰ ਆਧੁਨਿਕ ਸਮੇਂ ਦਾ ਕੱਦਾਵਾਰ ਨੇਤਾ ਕਰਾਰ ਦਿੰਦਿਆਂ ਆਖਿਆ ਉਹ ਸ਼ੋਮਣੀ ਅਕਾਲੀ ਦਲ, ਪੰਥ, ਪੰਜਾਬ ਅਤੇ ਉਨ੍ਹਾਂ ਲਈ ਨਿੱਜੀ ਤੌਰ ‘ਤੇ ਮਜ਼ਬੂਤੀ ਦਾ ਸਰੋਤ ਸਨ। ਸ. ਬਾਦਲ ਨੇ ਆਪਣੇ ਸ਼ੋਕ ਸੰਦੇਸ਼ ਵਿਚ ਆਖਿਆ, ‘‘ਜਥੇਦਾਰ ਤਲਵੰਡੀ ਵਰਗੀ ਕ੍ਰਿਸ਼ਮਈ ਅਤੇ ਦ੍ਰਿੜ ਸ਼ਖਸੀਅਤ ਵਰਗੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਬੇਖੌਫ ਹੋ ਕੇ ਉਠਾਉਂਦੇ ਹਨ। ਜਥੇਦਾਰ ਸਾਹਿਬ ਉਸ ਯੁੱਗ ਨੂੰ ਸਹੀ ਮਾਅਨਿਆ ਵਿੱਚ ਮੂਰਤੀਮਾਨ ਕਰਦੇ ਸਨ ਜਿਸ ਯੁੱਗ ਨਾਲ ਉਹ ਸਬੰਧ ਰੱਖਦੇ ਸਨ। ਉਨਾਂ ਦੇ ਤੁਰ ਜਾਣ ਨਾਲ ਅਜਿਹਾ ਖਲਾਅ ਪੈਦਾ ਹੋ ਗਿਆ

ਜਿਸ ਨੂੰ ਪੂਰਨਾ ਬਹੁਤ ਮੁਸ਼ਕਲ ਹੈ। ‘‘ਸ. ਬਾਦਲ ਨੇ ਆਖਿਆ ਕਿ ਜਥੇਦਾਰ ਤਲਵੰਡੀ ਆਪਣੀ ਸਮੁੱਚੀ ਜ਼ਿੰਦਗੀ ਦੌਰਾਨ ਖਾਲਸਾ ਪੰਥ ਦੀ ਬੁਲੰਦ ਆਵਾਜ਼ ਵਜੋਂ ਸਥਿਰ ਰਹੇ ਜਿਸ ਕਰਕੇ ਉਨ੍ਹਾਂ ਨੂੰ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਸੀ। ਜਥੇਦਾਰ ਤਲਵੰਡੀ ਪੰਥਕ ਕਦਰਾਂ ਕੀਮਤਾਂ ਪ੍ਰਤੀ ਦ੍ਰਿੜ, ਮਜ਼ਬੂਤ ਅਤੇ ਸਮਝੌਤਾ ਨਾ ਕਰਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ ਜਿਨ੍ਹਾਂ ਨੇ ਪੰਜਾਬੀ ਸੂਬਾ ਅੰਦੋਲਨ, ਐਮਰਜੰਸੀ ਅਤੇ ਧਰਮ ਯੁੱਧ ਮੋਰਚੇ ਸਮੇਤ ਔਖੇ ਤੋਂ ਔਖੇ ਸਮੇਂ ਵਿੱਚ ਵੀ ਖਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲ੍ਹਾ ਲਈ ਡਟ ਕੇ ਪਹਿਰਾ ਦਿੱਤਾ। ਉਹ ਪੰਥ, ਪੰਜਾਬ ਅਤੇ ਕੌਮ ਪ੍ਰਤੀ ਅਣਥਿੜਕਵੀਂ ਵਚਨਬੱਧਤਾ ਦੀ ਮਿਸਾਲ ਸਨ‘। ਮੁੱਖ ਮੰਤਰੀ ਨੇ ਜਥੇਦਾਰ ਤਲਵੰਡੀ ਨਾਲ ਆਪਣੀ ਨਿੱਜੀ ਨੇੜਤਾ ਨੂੰ ਚੇਤੇ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਭਰਾਵਾਂ ਵਾਂਗ ਪਾਰਟੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ। ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਦੌਰਾਨ ਪੰਥ ਅਤੇ ਪੰਜਾਬ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਪੈਦਾ ਹੋਈਆਂ ਪਰ ਉਨ੍ਹਾਂ ਨੇ ਦ੍ਰਿੜ ਇੱਛਾ ਸ਼ਕਤੀ ਨਾਲ ਹਰ ਚੁਣੌਤੀ ਨੂੰ ਸਰ ਕੀਤਾ ਗਿਆ। ਸ. ਬਾਦਲ ਨੇ ਆਖਿਆ ਕਿ ਜਥੇਦਾਰ ਤਲਵੰਡੀ ਪਾਰਟੀ ਲਈ ਬਹੁਮੁੱਲਾ ਸਰਮਾਇਆ ਸਨ। ਮੁੱਖ ਮੰਤਰੀ ਨੇ ਆਖਿਆ ਕਿ ਜਥੇਦਾਰ ਤਲਵੰਡੀ ਦੀ ਜ਼ਿੰਦਗੀ ਤੇ ਸੰਘਰਸ਼ ਆਉਂਦੀਆਂ ਪੀੜੀਆਂ ਲਈ ਸੂਬੇ ਦੀ ਸੇਵਾ ਸੰਜੀਦਗੀ ਤੇ ਉਤਸ਼ਾਹ ਨਾਲ ਕਰਨ ਵਾਸਤੇ ਪ੍ਰੇਰਿਤ ਕਰਦੀ ਰਹੇਗਾ।

Send this to a friend