June 19, 2026 9:23 am

ਵਿਸ਼ਵ ਬੈਂਕ ਵੱਲੋਂ ਪੰਜਾਬ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸਫ਼ਲਤਾ ਲਈ ਪੰਜਾਬ ਦੀ ਸ਼ਲਾਘਾ

ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਪੰਜਾਬ ਨੂੰ ਇਸ ਪ੍ਰਾਜੈਕਟ ਲਈ ਰੋਲ ਮਾਡਲ ਦੱਸਿਆ
Page-1_03 ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ- ਜਲੰਧਰ/ਚੰਡੀਗੜ੍ਹ, 19 ਸਤੰਬਰ- ਪੰਜਾਬ ਦੇਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ (ਪੀ.ਆਰ.ਡਬਲਿਯੂ.ਐਸ.ਐਸ) ਪ੍ਰਾਜੈਕਟ ਦੇ ਪਹਿਲੇ ਪੜਾਅ ਹੇਠ ਹੋਈਆਂ ਸਫ਼ਲਤਾਵਾਂ ਲਈ ਵਿਸ਼ਵ ਬੈਂਕ ਦੇ 16ਵੇਂ ਮਿਸ਼ਨ ਨੇ ਪੰਜਾਬ ਨੂੰ ਇਸ ਪ੍ਰਾਜੈਕਟ ਹੇਠ ਦੇਸ਼ ਭਰ ਵਿੱਚ ਸਭ ਤੋਂ ਵਧੀਆ ਪ੍ਰਾਪਤੀਆਂ ਕਰਨ ਵਾਲਾ ਸੂਬਾ ਕਰਾਰ ਦਿੱਤਾ ਹੈ। ਇਹ ਪ੍ਰਾਜੈਕਟ 1280 ਕਰੋੜ ਰੁਪਏ ਦਾ ਹੈ ਜਿਸ ਵਿੱਚ ਪੰਜਾਬ ਨੇ ਨਾ ਕੇਵਲ ਟੀਚੇ ਪ੍ਰਾਪਤ ਕਰਨ ਵਿੱਚ ਵਧੀਆ ਭੂਮਿਕਾ ਨਿਭਾਈ ਹੈ ਸਗੋਂ ਪਿੰਡਾਂ ਵਿੱਚ ਹਰੇਕ ਘਰ ਨੂੰ ਜਲ ਸਪਲਾਈ ਵੀ ਮੁਹੱਈਆ ਕਰਵਾਈ ਹੈ। ਇਸ ਹੇਠ ਹਫ਼ਤੇ ਦੇ ਸੱਤੇ ਦਿਨ 24 ਘੰਟੇ 50 ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਇਹ ਪ੍ਰਗਟਾਵਾ ਵਿਸ਼ਵ ਬੈਂਕ ਦੀ ਟੀਮ ਨੇ ਕੀਤਾ ਹੈ ਜੋ ਆਪਣੇ ਟੀਮ ਆਗੂ ਸ਼੍ਰੀ

ਐਸ. ਪੌਡੀਪੀਰੈਡੀ ਦੀ ਅਗਵਾਈ ਵਿੱਚ ਆਈ ਸੀ। ਇਸ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਪਿਛਲੀ ਸ਼ਾਮ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਪੀ.ਆਰ.ਡਬਲਿਯੂ.ਐਸ.ਐਸ ਹੇਠ ਕੀਤੀ ਪ੍ਰਗਤੀ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਾਇਆ।
        ਸ਼੍ਰੀ ਪੌਡੀਪੀਰੈਡੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 196 ਪਿੰਡਾਂ ਵਿੱਚ ਜਲ ਮੀਟਰ ਸਥਾਪਤ ਕਰ ਦਿੱਤੇ ਗਏ ਹਨ ਜਿੱਥੇ ਕਿ ਪਾਣੀ ਦੀਆਂ ਦਰਾਂ ਵਰਤੇ ਗਏ ਪਾਣੀ ਦੇ ਅਨੁਸਾਰ ਲਈਆਂ ਜਾ ਰਹੀਆਂ ਹਨ। ਇਸ ਪ੍ਰਾਜੈਕਟ ਹੇਠ 961 ਤੋਂ ਵੱਧ ਪਿੰਡਾਂ ਵਿੱਚ ਇਹ ਸਕੀਮ ਲਾਗੂ ਕੀਤੀ ਗਈ ਹੈ ਅਤੇ ਇਸ ਨੇ ਪਹਿਲਾਂ ਹੀ ਇਨ੍ਹਾਂ ਪਿੰਡਾਂ ਵਿੱਚ 100 ਫ਼ੀਸਦੀ ਘਰਾਂ ਨੂੰ ਪਾਣੀ ਮੁਹੱਈਆ ਕਰਾ ਦਿੱਤਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਟੂਟੀਆਂ ਰਾਹੀਂ ਮਿਆਰੀ ਪਾਣੀ ਪ੍ਰਾਪਤ ਕਰ ਰਹੇ ਹਨ।  ਇਸ ਪ੍ਰਾਜੈਕਟ ਹੇਠ ਕੁੱਲ 2083 ਪਿੰਡਾਂ ਵਿਚੋਂ 50 ਫ਼ੀਸਦੀ ਤੋਂ ਵੱਧ ਪਿੰਡਾਂ ਵਿੱਚ  ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀਆਂ ਬਣਾ ਦਿੱਤੀਆਂ ਹਨ ਜੋ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਚਲਾਉਂਦੀਆਂ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਰਦੀਆਂ ਹਨ। ਇਹ ਕਮੇਟੀਆਂ ਸਰਕਾਰ ਤੋਂ ਕੋਈ ਵਿੱਤੀ ਸਹਾਇਤਾ ਪ੍ਰਾਪਤ ਨਹੀਂ ਕਰਦੀਆਂ। ਇਨ੍ਹਾਂ ਸਕੀਮਾਂ ਨੂੰ ਚਲਾਉਣ ਅਤੇ ਰੱਖ ਰਖਾਓ ਲਈ ਚੋਖੇ ਫੰਡ ਪੈਦਾ ਕੀਤੇ ਗਏ ਹਨ ਜੋ ਕਿ ਇੱਕ ਲੱਖ ਤੋਂ 10 ਲੱਖ ਦੀ ਰਾਸ਼ੀ ਦੇ ਹਨ।  ਇਸ ਪ੍ਰਾਜੈਕਟ ਦੀ ਵਿਲੱਖਣ ਪ੍ਰਾਪਤੀ ਹੈ। ਇਸ ਦੇ ਨਾਲ ਪੰਜਾਬ ਇੱਕ ਰੋਲ ਮਾਡਲ ਸੂਬਾ ਬਣਿਆ ਹੈ ਅਤੇ ਇਸ ਨੂੰ ਦੇਸ਼ ਦੇ ਹੋਰਾਂ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
        ਟੀਮ ਆਗੂ ਨੇ ਸ. ਬਾਦਲ ਨੂੰ ਇਹ ਵੀ ਦੱਸਿਆ ਕਿ ਵਿਸ਼ਵ ਬੈਂਕ ਨੇ ਪਹਿਲਾਂ ਹੀ ਪੀ.ਆਰ.ਡਬਲਿਯੂ.ਐਸ.ਐਸ ਦੇ ਫੇਜ਼ 2 ਦੇ 2200 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਕੇਂਦਰੀ ਵਿੱਤ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰਾਲਿਆਂ ਦੀ ਸਿਫਾਰਸ਼ ‘ਤੇ ਦਿੱਤੀ ਗਈ ਹੈ। ਇਸ ਹੇਠ ਪੰਜਾਬ ਵਿੱਚ ਸੀਵਰੇਜ ਪ੍ਰਣਾਲੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਸਮਰਥਾ ਨਿਰਮਾਣ ਵਾਸਤੇ ਮੈਨੇਜਮੈਂਟ ਐਂਡ ਟਰੇਨਿੰਗ ਇੰਸਟੀਚਿਊਟ ਸਥਾਪਤ ਕੀਤਾ ਜਾ ਰਿਹਾ ਹੈ।
        ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਹੋਏ ਵਿਸ਼ਵ ਬੈਂਕ ਦੇ ਵਿੱਤੀ ਮਾਹਿਰ ਸ਼੍ਰੀ ਤਨੁਜ ਮਾਥੁਰ ਨੇ ਕਿਹਾ ਕਿ ਪਹਿਲਾਂ ਇਹ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਤੋਂ ਬਾਅਦ ਜੀ.ਪੀ.ਡਬਲਿਯੂ.ਐਸ.ਸੀਜ਼ ਜਲ ਸਪਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਸਹੀ ਢੰਗ ਨਾਲ ਫੰਡਾਂ ਦਾ ਪ੍ਰਬੰਧ ਕਰਨ ਦੇ ਯੋਗ ਨਹੀਂ ਹੋਣਗੀਆਂ ਪਰ ਆਜ਼ਾਦ ਲੇਖਾ ਪ੍ਰੀਖਿਅਕਾਂ ਵਲੋਂ ਜੀ.ਪੀ.ਡਬਲਿਯੂ.ਐਸ.ਸੀਜ਼ ਦੇ ਵਿੱਤੀ ਖਾਤਿਆਂ ਦੀ ਨਿਯਮਤ ਤੌਰ ‘ਤੇ ਆਡਿਟਿੰਗ ਕਰਨ ਤੋਂ ਬਾਅਦ ਇਸ ਵਿੱਚ ਕੋਈ ਵੀ ਊਣਤਾਈ ਨਹੀਂ ਪਾਈ ਗਈ। ਅਜਿਹਾ ਕੇਵਲ ਵਿਭਾਗ ਦੀ ਸਹਾਇਤਾ ਨਾਲ ਜੀ.ਪੀ.ਡਬਲਿਯੂ.ਐਸ.ਸੀਜ਼ ਦੇ ਖਾਤਿਆਂ ਦੇ ਉਤਮ ਪ੍ਰਬੰਧਨ ਦੇ ਕਾਰਨ ਹੀ ਹੋਇਆ ਹੈ।  ਵਿਸ਼ਵ ਬੈਂਕ ਦੀ ਸੂਚਨਾ, ਸਿੱਖਿਆ ਅਤੇ ਸੰਚਾਰ ਦੀ ਮਾਹਿਰ ਸ਼੍ਰੀਮਤੀ ਵੰਦਨਾ ਮਹਿਰਾ ਨੇ ਦੱਸਿਆ ਕਿ ਪਿੰਡਾਂ ਦੀਆਂ ਔਰਤਾਂ ਨੇ ਇਸ ਕਾਰਜ ਉਤੇ ਬਹੁਤ ਜ਼ਿਆਦਾ ਖੁਸ਼ੀ ਅਤੇ ਤਸੱਲੀ ਪ੍ਰਗਟਾਈ ਹੈ ਕਿਉਂਕਿ ਉਨ੍ਹਾਂ ਨੂੰ ਇਸ ਪ੍ਰਾਜੈਕਟ ਦੇ ਨਤੀਜੇ ਵਜੋਂ ਪਾਣੀ ਉਪਲਬਧ ਹੋਇਆ ਹੈ। ਸ਼੍ਰੀ ਪੌਡੀਪੀਰੈਡੀ ਨੇ ਦੱਸਿਆ ਕਿ ਵਿਸ਼ਵ ਬੈਂਕ ਦਾ ਮਿਸ਼ਨ ਇਸ ਪ੍ਰਾਜੈਕਟ ਦੀ ਕਾਰਜ ਕੁਸ਼ਲਤਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਇਸ ਪ੍ਰਾਜੈਕਟ ਨੂੰ ਸਮੇਂ ਸਿਰ ਲਾਗੂ ਕਰਨ ਵਾਸਤੇ ਰਾਜ ਸਰਕਾਰ ਦੇ ਅਧਿਕਾਰੀਆਂ ਨੇ ਪੂਰਾ ਸਹਿਯੋਗ ਅਤੇ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਇਸ ਪ੍ਰਾਜੈਕਟ ‘ਤੇ ਸਮੁੱਚੀ ਨਿਗਰਾਨੀ ਰੱਖਣ, ਅਗਵਾਈ ਦੇਣ ਅਤੇ ਨਿਯਮਤ ਤੌਰ ‘ਤੇ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਇਹ ਪ੍ਰਾਪਤੀਆਂ ਸੰਭਵ ਨਹੀਂ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਰਾਜ ਦੇ ਵੱਖ ਵੱਖ ਹਿੱਸਿਆਂ ਦੇ ਦੌਰੇ ਦੌਰਾਨ ਪੰਚਾਇਤਾਂ ਅਤੇ ਪਿੰਡਾਂ ਦੇ ਸਥਾਨਕ ਨਿਵਾਸੀਆਂ ਨੂੰ ਪ੍ਰੇਰਿਤ ਕਰਨ ਦੇ ਨਤੀਜੇ ਵਜੋਂ ਸਕੀਮ ਦੇ ਲਈ ਲਾਜ਼ਮੀ ਯੋਗਦਾਨ ਯਕੀਨੀ ਹੋ ਸਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੁੰ ਸਿਹਤਮੰਦ ਰਹਿਣ ਲਈ ਚੰਗਾ ਪਾਣੀ ਪੀਣ ਲਈ ਵੀ ਪ੍ਰੇਰਿਤ ਕੀਤਾ ਜਿਸ ਦੇ ਕਾਰਨ ਉਨ੍ਹਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਵੇਲੇ 44 ਜਲ ਸਪਲਾਈ, 57 ਸਵੀਰੇਜ ਸਕੀਮਾਂ ਅਤੇ 43 ਜਲ ਸਪਲਾਈ ਪਾਸਾਰ ਸਕੀਮਾਂ ਜੋਰ ਸ਼ੋਰ ਨਾਲ ਚੱਲ ਰਹੀਆਂ ਹਨ ਅਤੇ ਇਹ ਦਸੰਬਰ, 2014 ਤੱਕ ਮੁਕੰਮਲ ਹੋ ਜਾਣਗੀਆਂ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ਼੍ਰੀ ਸੁਰਜੀਤ ਸਿੰਘ ਰਖੜਾ, ਐਫ.ਸੀ.ਡੀ.-ਕਮ-ਪ੍ਰਮੁੱਖ ਸਕੱਤਰ ਜਲ ਸਪਲਾਈ ਸ਼੍ਰੀ ਸੁਰੇਸ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ, ਸ਼੍ਰੀ ਏ.ਕੇ.ਸੋਨੀ ਸੀ.ਈ-ਕਮ-ਪ੍ਰੋਗਰਾਮ ਡਾਇਰੈਕਟਰ ਅਤੇ ਸ਼੍ਰੀ ਐਸ.ਆਰ. ਅਗਰਵਾਲ ਮੁੱਖ ਤਕਨੀਕੀ ਕੋਆਰਡੀਨੇਟਰ ਹਾਜ਼ਰ ਸਨ। ਵਿਸ਼ਵ ਬੈਂਕ ਦੀ ਟੀਮ ਵਿੱਚ ਸ਼੍ਰੀ ਐਸ.ਪੌਡੀਪੀਰੈਡੀ, ਸ਼੍ਰੀਮਤੀ ਪ੍ਰਤਿਭਾ ਮਿਸਤਰੀ, ਸ਼੍ਰੀ ਤਨੁਜ ਮਾਥੁਰ, ਸ਼੍ਰੀ ਮਨੀਸ਼ ਕੁਮਾਰ, ਸ਼੍ਰੀਮਤੀ ਵੰਦਨਾ ਮਹਿਰਾ ਅਤੇ ਡਬਲਿਯੂ.ਐਸ.ਪੀ. ਦੇ ਸ਼੍ਰੀਮਤੀ ਲੌਰਾ ਇਨਹਾ ਸ਼ਾਮਲ ਸਨ।ੳ

Send this to a friend