ਚੰਡੀਗੜ੍ਹ, 18 ਸਤੰਬਰ (ਪੀ. ਟੀ.)- ਪੰਜਾਬ ਪੁਲਿਸ ਵਲੋਂ ਇੱਕ ਕੇਂਦਰੀ ਏਜੰਸੀ ਨਾਲ ਮਿਲਕੇ ਕੀਤੇ ਗਏ ਸਾਂਝੇ ਆਪਰੇਸ਼ਨ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਖਤਰਨਾਕ ਅੱਤਵਾਦੀ ਰਤਨਦੀਪ ਸਿੰਘ ਜੋ ਕਿ ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ (ਬੀ.ਟੀ.ਐਫ.ਕੇ) ਦਾ ਮੁੱਖੀ ਸੀ ਅਤੇ ਪਾਕਿਸਤਾਨ ਵਿਚ ਰਹਿ ਰਿਹਾ ਸੀ, ਨੂੰ ਯੂ.ਪੀ. ਦੇ ਗੋਰਖਪੁਰ ਸ਼ਹਿਰ ਦੇ ਬਾਹਰ ਵਾਰੋਂ ਕਲ 17 ਸਤੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਇੰਸਪੈਕਟਰ ਹਰਵਿੰਦਰ ਪਾਲ ਸਿੰਘ ਅਤੇ ਬਲਬੀਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਪੁਲਿਸ ਦੀ 19 ਮੈਂਬਰੀ ਟੀਮ ਨੂੰ 14 ਸਤੰਬਰ ਨੂੰ ਰਵਾਨਾ ਕੀਤਾ ਗਿਆ ਸੀ ਅਤੇ ਉਹ 15 ਸਤੰਬਰ ਤੋਂ ਗੋਰਖਪੁਰ ਵਿਚ ਰਤਨਦੀਪ ਦੀ ਭਾਲ ਵਿਚ ਸੀ। ਇਸ ਸਬੰਧੀ ਸਥਾਨਕ ਯੂ.ਪੀ. ਪੁਲਿਸ ਨਾਲ ਲੋੜੀਂਦਾ ਤਾਲਮੇਲ ਕੀਤਾ ਗਿਆ ਸੀ ਅਤੇ
ਗ੍ਰਿਫਤਾਰੀ ਸਮੇਂ ਰਤਨਦੀਪ ਸਿੰਘ ਕੋਲੋਂ ਇੱਕ ਪਾਕਿਸਤਾਨੀ ਪਾਸਪੋਰਟ ਅਤੇ ਇੱਕ ਪਾਕਿ ਸਨਾਖ਼ਤੀ ਕਾਰਡ ਜੋ ਕਿ ਹੁਸੈਨ ਸ਼ੇਖ ਜਾਹਿਦ ਪੁੱਤਰ ਸ਼ੇਖ ਨਸੀਰੁਦੀਨ ਦੇ ਨਾਮ ਨਾਲ ਸੀ ਤੋਂ ਇਲਾਵਾ 300 ਰੁਪਏ ਦੀ ਪਾਕਿਸਤਾਨੀ ਅਤੇ 11,000 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਮਨਮੋਹਨ ਸਿੰਘ, ਏ.ਆਈ.ਜੀ, ਸਟੇਟ ਸਪੈਸ਼ਲ ਆਪਰੇਸ਼ਨ ਸੈਲ, ਪੰਜਾਬ ਨੇ ਦੱਸਿਆ ਕਿ ਸ਼ੁਰੂ ਵਿਚ ਰਤਨਦੀਪ ਖਾਲਿਸਤਾਨ ਕਮਾਂਡੋ ਫੋਰਸ ਦਾ ਮੁੱਖ ਕਾਰਕੁਨ ਸੀ ਅਤੇ ਫੇਰ ਉਸਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾ ਲਏ ਸਨ ਅਤੇ ਇਸ ਜੱਥੇਬੰਦੀ ਦੀਆਂ ਅੱਤਵਾਦੀ ਕਾਰਵਾਈਆਂ ਲਈ ਮੁੱਖੀ ਬਣ ਗਿਆ ਸੀ।