June 20, 2026 1:37 pm

ਤਰਲੋਚਨ ਸਿੰਘ ਵੱਲੋਂ ਫੀਬਾ ਦੇ ਫੈਸਲੇ ਦਾ ਸਵਾਗਤ

Page-1_19 ਨਵੀਂ ਦਿੱਲੀ,17 ਸਤੰਬਰ (ਪੀ. ਟੀ.)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਬਾਸਕਿਟ ਬਾਲ ਖੇਡ ਨਾਲ ਸੰਬੰਧਿਤ ਕੌਮਾਂਤਰੀ ਸੰਸਥਾ ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਖੇਡਣ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਫੀਬਾ ਵੱਲੋਂ ਸਰਕੂਲਰ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਖਾਂ ਤੇ ਮੁਸਲਿਮ ਖਿਡਾਰੀਆਂ ਦੇ ਹੱਕ ‘ਚ ਵੱਡੀ ਗਿਣਤੀ ‘ਚ ਉਠ ਰਹੀਆਂ ਆਵਾਜਾਂ ਦੇ ਮੱਦੇਨਜ਼ਰ ਪਟਕਾ ਬੰਨ ਕੇ ਖੇਡਨ ‘ਤੇ ਲਾਈ ਪਾਬੰਦੀ ਨੂੰ 2 ਵਰ੍ਹੇ ਤੱਕ ਲਈ ਟਾਲ ਦਿੱਤਾ ਗਿਆ ਹੈ। ਸ. ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਮਸਲੇ ਬਾਰੇ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹੀ ਪਟਕਾ ਬੰਨ ਕੇ ਖੇਡਨ ਦੀ ਪਾਬੰਦੀ ਨੂੰ

ਟਾਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਸਿਰਫ ਬਾਕਸਿੰਗ ਖੇਡ ਹੀ ਰਹਿ ਗਈ ਹੈ ਜਿਸ ਵਿਚ ਉਕਤ ਪਾਬੰਦੀ ਹਾਲੇ ਤੱਕ ਜਾਰੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਚੀਨ ਸ਼ਹਿਰ ਦੇ ਬੁਹਾਨ ਵਿਖੇ 23ਵੀਂ ਫੀਬਾ ਏਸ਼ੀਆ ਅੰਡਰ ਬਾਸਕਿਟ ਬਾਲ ਚੈਂਪੀਅਨਸ਼ਿਪ ‘ਚ ਭਾਰਤੀ ਸਿੱਖ ਖਿਡਾਰੀ ਨੂੰ ਸਿਰ ਤੋਂ ਪਟਕਾ ਉਤਰਵਾ ਕੇ ਖੇਡਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ।

Send this to a friend