ਜ¦ਧਰ, 16 ਸਤੰਬਰ (ਪੀ.ਟੀ.)-ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਇਥੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਨੈਸ਼ਨਲ ਹਾਈਵੇਜ਼ ਅਤੇ ਸ਼ਡਿਊਲਡ ਸੜਕਾਂ ਉੱਪਰ ਨਾਜਾਇਜ਼ ਕਬਜ਼ਿਆਂ ਅਤੇ ਅਨਿਯਮਿਤ ਲਾਂਘੇ ਬਣਾਉਣ ਦੇ ਮਾਮਲਿਆਂ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।ਅੱਜ ਇਥੇ ਮਹੀਨਾਵਾਰੀ ਮੀਟਿੰਗਾਂ ਦੌਰਾਨ ਕੌਮੀ ਮਾਰਗਾਂ ਅਤੇ ਸ਼ਡਿਊਲਡ ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਅਤੇ ਅਨਿਯਮਿਤ ਪਹੁੰਚਾਂ ਦੇ ਮੁੱਦੇ ਉੱਪਰ ਸ੍ਰੀ ਯਾਦਵ ਨੇ ਨੈਸ਼ਮਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਮਾਮਲਿਆਂ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਤਾਂ ਜੋ ਆਵਾਜਾਈ ਵਿੱਚ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਰਪੇਸ਼ ਨਾ ਰਹੇ। ਮੀਟਿੰਗ ਦੌਰਾਨ ਉਨ੍ਹਾਂ ਵੱਖ-ਵੱਖ ਵਿਭਾਗਾਂ ਪਾਸੋਂ ਜਲੰਧਰ-ਪਠਾਨਕੋਟ, ਜਲੰਧਰ-ਹੁਸਿਆਰਪੁਰ, ਜਲੰਧਰ-ਕਪੂਰਥਲਾ, ਨਕੋਦਰ-ਸ਼ਾਹਕੋਟ
ਮਾਰਗਾਂ ਅਤੇ ਕੌਮੀ ਮਾਰਗ-1 ਨਾਲ ਸਬੰਧਤ ਅਜਿਹੇ ਮਾਮਲਿਆਂ ਦੀ ਤਫਸੀਲ ਪੁੱਛੀ ਅਤੇ ਹਦਾਇਤ ਕੀਤੀ ਕਿ ਅਜਿਹੇ ਮਾਮਲਿਆਂ ਸਬੰਧੀ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜੀ ਜਾਵੇ।
ਇਸੇ ਦੌਰਾਨ ਇੱਕ ਵੱਖਰੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਅੰਦਰ ਫਰਦ ਕੇਂਦਰਾਂ ਦੇ ਕੰਮ-ਕਾਜ਼ ਸਬੰਧੀ ਰੀਵਿਊ ਕੀਤਾ ਅਤੇ ਡੀ.ਐਸ.ਐਮ ਸ੍ਰੀ ਚਰਨਕੰਵਲ ਸਿੰਘ ਪਾਸੋਂ ਲੰਘੇ ਮਹੀਨੇ ਦੌਰਾਨ ਫਰਦ ਦੀਆਂ ਕਾਪੀਆਂ ਲਈ ਆਈਆਂ ਦਰਖਾਸਤਾਂ ਅਤੇ ਜਾਰੀ ਕੀਤੀਆਂ ਗਈਆਂ ਨਕਲਾਂ ਸਬੰਧੀ ਵੇਰਵੇ ਪੁੱਛੇ।
ਸ੍ਰੀ ਯਾਦਵ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਜ਼ਮੀਨੀ ਰਿਕਾਰਡ ਨੂੰ ਆਨਲਾਈਨ ਕਰਨ ਦੇ ਚੱਲ ਰਹੇ ਕੰਮ ਸਮੇਂ ਸਿਰ ਪੂਰਾ ਕਰਨ ਲਈ ਸੰਜੀਦਗੀ ਨਾਲ ਕੰਮ ਜਾਰੀ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸੰਭਾਵਿਤ ਰੂਪ ਵਿੱਚ ਜ਼ਮੀਨੀ ਰਿਕਾਰਡ ਨੂੰ ਆਨ ਲਾਈਨ ਕਰਨ ਦਾ ਟੀਚਾ ਅਪ੍ਰੈਲ 2015 ਤੱਕ ਪੂਰਾ ਕਰ ਲਿਆ ਜਾਵੇਗਾ।
ਇੱਕ ਵੱਖਰੀ ਮੀਟਿੰਗ ਦੌਰਾਨ ਸ੍ਰੀ ਯਾਦਵ ਵੱਲਂੇ ਚਾਈਲਡ ਲੇਬਰ ਸਬੰਧੀ ਆਈਆਂ ਸ਼ਿਕਾਇਤਾਂ ਅਤੇ ਇਸ ਸਬੰਧੀ ਹੋਈ ਕਾਰਵਾਈ ਬਾਰੇ ਵੇਰਵੇ ਪੁੱਛੇ ਜਾਣ ‘ਤੇ ਸਹਾਇਕ ਲੇਬਰ ਕਮਿਸ਼ਨਰ ਨੇ ਦੱਸਿਆ ਕਿ ਲੰਘੇ ਮਹੀਨੇ ਦੌਰਾਨ ਚਾਈਲਡ ਲੇਬਰ ਸਬੰਧੀ ਕੁੱਲ 7 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਸਬੰਧੀ ਤੁਰੰਤ ਛਾਪੇਮਾਰੀ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ। ਸਹਾਇਕ ਲੇਬਰ ਕਮਿਸ਼ਨਰ ਨੇ ਦੱਸਿਆ ਕਿ ਮਿਲੀਆਂ ਸ਼ਿਕਾਇਤਾਂ ਵਿੱਚਂ ਇੱਕ ਮਾਮਲੇ ਵਿੱਚ ਛਾਪੇਮਾਰੀ ਦੌਰਾਨ ਕੰਮ ਕਰਦੇ ਮਿਲੇ ਮਜ਼ਦੂਰ ਲੜਕੇ ਦੀ ਉਮਰ ਸਬੰਧੀ ਮਾਲਕ ਨੂੁੰ ਸਬੂਤ ਵਜੋਂ ਸਕੂਲ ਸਰਟੀਫਿਕੇਟ ਪੇਸ਼ ਕਰਨ ਲਈ ਆਖਿਆ ਜਾ ਚੁੱਕਾ ਹੈ ਜਿਸ ਸਬੰਧੀ ਸਬੂਤ ਨੂੰ ਪਰਖਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਮਹੀਨਾਵਾਰੀ ਮੀਟਿੰਗਾਂ ਦੌਰਾਨ ਮਾਲ ਵਿਭਾਗ ਨਾਲ ਸਬੰਧਤ ਕੇਸਾਂ ਅਤੇ ਸੁਵਿਧਾਂ ਕੇਂਦਰਾਂ ਦੀ ਕਾਰਗੁਜ਼ਾਰੀ ਸਬੰਧੀ ਵੀ ਰੀਵਿਊ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਪ੍ਰੀਤਮ ਸਿੰਘ, ਆਈ.ਏ.ਐਸ.ਮਿਸ ਰਿਚਾ, ਐਸ.ਡੀ.ਐਮ ਜਲੰਧਰ-1 ਡਾ. ਰਜਤ ਓਬਰਾਏ, ਐਸ.ਡੀ.ਐਮ ਜਲੰਧਰ-2 ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਐਸ.ਡੀ.ਐਮ-ਫਿਲੌਰ ਸ੍ਰੀ ਜਸਬੀਰ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਡਾ. ਸ਼ਿਖਾ ਭਗਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।