ਚੰਡੀਗੜ੍ਹ, 16 ਸਤੰਬਰ (ਪੀ.ਟੀ.)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਭਰ ਵਿਚ ਕਮਜ਼ੋਰ ਤਬਕੇ ਦੇ ਲੋਕਾਂ ਲਈ ਅਕਤੂਬਰ 2016 ਤੱਕ ਇਕ ਲੱਖ ਘਰ ਬਣਾਕੇ ਦਿੱਤੇ ਜਾਣਗੇ। ਇਸ ਸਬੰਧੀ ਅੱਜ ਉਨ੍ਹਾਂ ਨੇ ਮਕਾਨ ਉਸਾਰੀ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ 3750 ਕਰੋੜ ਰੁਪੈ ਹੋਵੇਗੀ।ਅੱਜ ਇੱਥੇ ਇਸ ਸਬੰਧੀ ਉਚ ਪੱਧਰੀ ਮੀਟਿੰਗ ਦੌਰਾਨ ਸ. ਬਾਦਲ ਨੇ ਨਿਰਦੇਸ਼ ਦਿੱਤਾ ਕਿ ਇਹ ਪ੍ਰਾਜੈਕਟ ਛੋਟੇ ਕਸਬਿਆਂ ਤੇ ਮੰਡੀਆਂ ਤੋਂ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਨਾ ਸਿਰਫ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਆਸਾਨੀ ਨਾਲ ਘਰ ਮਿਲ ਸਕੇਗਾ ਉੱਥੇ ਤੇਜੀ ਨਾਲ ਸ਼ਹਿਰਾਂ ਵੱਲ ਹੋ ਰਹੇ ਪਲਾਇਨ ਨੂੰ ਠੱਲ੍ਹ ਪਾਕੇ ਸ਼ਹਿਰੀ ਖੇਤਰਾਂ ’ਤੇ ਦਬਾਅ ਘਟਾਉਣ ਵਿਚ
ਮਦਦ ਮਿਲੇਗੀ। ਪ੍ਰਾਜੈਕਟ ਦੇ ਕੱਚੇ ਖਾਕੇ ਅਨੁਸਾਰ ਇਸ ਲਈ ਕੁੱਲ 500 ਏਕੜ ਜ਼ਮੀਨ ਦੀ ਲੋੜ ਪਵੇਗੀ। ਸ. ਬਾਦਲ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਜਿਨ੍ਹਾਂ ਕਸਬਿਆਂ ਜਾਂ ਮੰਡੀਆਂ ਦੀ ਆਬਾਦੀ 8000 ਤੋਂ 15000 ਤੱਕ ਹੈ, ਵਿਖੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਲਈ ਜ਼ਮੀਨ ਦੀ ਤਲਾਸ਼ ਦਾ ਕੰਮ ਸ਼ੁਰੂ ਕੀਤਾ ਜਾਵੇ। ਇਹ ਪ੍ਰਾਜੈਕਟ ਮਕਾਨ ਉਸਾਰੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਕਿਰਤ ਵਿਭਾਗ ਵਲੋਂ ਸਾਂਝੇ ਤੌਰ ’ਤੇ ਮੁਕੰਮਲ ਕੀਤਾ ਜਾਵੇਗਾ ਤੇ ਕੁੱਲ ਇਕ ਲੱਖ ਘਰਾਂ ਵਿਚੋਂ 25-25 ਹਜ਼ਾਰ ਘਰ ਹਾਊਸਿੰਗ ਤੇ ਕਿਰਤ ਵਿਭਾਗ ਵਲੋਂ ਜਦਕਿ ਬਾਕੀ 50 ਹਜ਼ਾਰ ਘਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਉਸਾਰੇ ਜਾਣਗੇ।
ਇਹ ਘਰ ਲੈਣ ਲਈ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਘਰ ਦੀ ਕੁੱਲ ਲਾਗਤ ਦਾ ਸਿਰਫ 10 ਫੀਸਦੀ ਹੀ ਦੇਣਾ ਹੋਵੇਗਾ ਜਦਕਿ ਜ਼ਮੀਨ ਦਾ ਪੂਰਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਮੁੱਖ ਤੌਰ ’ਤੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਸ੍ਰੀ ਵਿਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ, ਮਕਾਨ ਉਸਾਰੀ ਵਿਭਾਗ ਦੇ ਸਕੱਤਰ ਏ.ਵੇਣੂ ਪ੍ਰਸ਼ਾਦ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਸ਼ੋਕ ਗੁਪਤਾ, ਪੁੱਡਾ ਦੇ ਪ੍ਰਸ਼ਾਸ਼ਕ ਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ ਤੇ ਰਾਹੁਲ ਤਿਵਾੜੀ ਹਾਜ਼ਰ ਸਨ।