ਚੰਡੀਗੜ੍ਹ, 14 ਸਤੰਬਰ (ਨਾਗਪਾਲ)- ਹਰਿਆਣਾ ਲੋਕ ਹਿਤ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸ੍ਰੀ ਗੋਪਾਲ ਕਾਂਡਾ ਨੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਕਿਸਾਨਾਂ ਨੂੰ ਮੁਫਤ ਬਿਜਲੀ, ਸਾਰੇ ਵਿਦਿਆਰਥੀਆਂ ਨੂੰ ਲੈਪਟਾਪ ਅਤੇ ਉਦਯੋਗ ਲਈ ਟੈਕਸ ਫ੍ਰੀ ਜ਼ੋਨ ਸਥਾਪਿਤ ਕਰਨ ਦਾ ਵਾਅਦਾ ਕੀਤਾ ਹੈ। ਸ੍ਰੀ ਕਾਂਡਾ ਨੇ ਚੋਣ ਮੈਨੀਫੈਸਟੋ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕਹਿੱਤ ਪਾਰਟੀ ਦੀ ਸਰਕਾਰ ਬਣਨ ’ਤੇ ਹਰਿਆਣੇ ਦੇ ਨੌਜਵਾਨਾਂ ਨੂੰ 80 ਪ੍ਰਤੀਸ਼ਤ ਨੋਕਰੀਆਂ ਦਾ ਕੋਟਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ‘ਕੋਰੇ ਵਾਅਦੇ ਨਹੀਂ, ਨਿਰੇ ਇਰਾਦੇ ਹਨ’ ਹਰ ਮੁਲਾਜ਼ਮ ਨੂੰ ਪੰਜਾਬ ਤੋਂ ਵੱਧ ਤਨਖਾਹਾਂ ਦਿੱਤੀਆਂ ਜਾਣਗੀਆਂ, ਹਰ ਘਰ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। 8ਵੀਂ
ਕਲਾਸ ਤੱਕ ਦੇ ਬੱਚਿਆਂ ਨੂੰ ਮੁਫਤ ਲੈਪਟਾਪ ਦਿੱਤਾ ਜਾਵੇਗਾ। ਹਰ ਘਰ ਵਿੱਚ ਬੇਟੀ ਪੈਦਾ ਹੋਣ ’ਤੇ ਸਰਕਾਰ 5100 ਰੁਪਏ ਜਨਮ ਸਮੇਂ ਦੇਵੇਗੀ ਅਤੇ ਬੇਟੀ ਨੂੰ ਹਰ ਮਹੀਨੇ 1000 ਰੁਪਏ ਮਹੀਨਾ ਸਹਾਇਤਾ ਦਿੱਤੀ ਜਾਵੇਗੀ। ਹਰ ਬਜ਼ੁਰਗ ਦੰਪਤੀ ਨੂੰ 5000 ਰੁਪਏ ਮਹੀਨਾ ਦਿੱਤਾ ਜਾਵੇਗਾ। ਹਰ ਦੁਕਾਨ ਦਾ ਬੀਮਾ ਕੀਤਾ ਜਾਵੇਗਾ। ਹਰ ਬੱਚੇ ਨੂੰ ਉਸ ਦੀ ਯੋਗਤਾ ਅਨੁਸਾਰ ਕੰਮ ਦਿੱਤਾ ਜਾਵੇਗਾ। ਹਰ ਮਹਿਲਾ ਨੂੰ 13 ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇਗੀ। ਸ਼ਰਾਬ ਦੇ ਠੇਕੇ ਪਿੰਡ ਵਿੱਚ ਖੋਲ੍ਹਣ ਤੋਂ ਪਹਿਲਾਂ ਪਿੰਡ ਦੀ ਪੰਚਾਇਤ ਅਤੇ ਔਰਤਾਂ ਕੋਲੋਂ ਮਨਜ਼ੂਰੀ ਲੈਣੀ ਪਵੇਗੀ। ਹਰ ਮੰਦਿਰ ਮਸਜ਼ਿਦ ਗੁਰਦੁਆਰਿਆਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਅਤੇ ਟੈਕਸ ਫ੍ਰੀ ਇੰਡਸਟਰੀ ਜ਼ੋਨ ਬਣਾਏ ਜਾਣਗੇ। ਉਦਯੋਗ ਨੂੰ ਸਿੰਗਲ ਵਿੰਡੋ ਤਹਿਤ 7 ਦਿਨਾਂ ਦੇ ਅੰਦਰ-ਅੰਦਰ ਮਨਜ਼ੂਰੀ ਮਿਲੇਗੀ। ਹਰਿਆਣੇ ਵਿਚਲੀਆਂ ਮਾਇਨਾਂ ਲਈ 21-21 ਮੈਂਬਰੀ ਸੁਸਾਇਟੀਆਂ ਬਣਾ ਕੇ ਉਹਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ 4-5 ਦਿਨਾਂ ਅੰਦਰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਵਿਜੈ ਬੰਸਲ, ਅਜੀਤ ਬੈਨੀਵਾਲ, ਹਰੀ ਓਮ, ਵੇਦ ਪ੍ਰਕਾਸ਼ ਯਾਦਵ ਅਤੇ ਅਸ਼ੋਕ ਅਗਰਵਾਲ ਹਾਜ਼ਿਰ ਸਨ।