June 16, 2026 5:22 pm

ਭਾਰਤ ਨਾਲ ਕਦਮ ਨਾਲ ਕਦਮ ਵਧਾਉਣ ਲਈ ਚੀਨ ਤਿਆਰ

ਦੁਸ਼ਾਂਬੇ, 14 ਸਤੰਬਰ (ਪੀ. ਟੀ.)- ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਭਾਰਤ ਯਾਤਰਾ ਤੋਂ ਪਹਿਲਾਂ  ਚੀਨ ਨੇ ਭਾਰਤ ਵਿਚ ‘ਕਾਰਜਕੁਸ਼ਲਤਾ‘ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਰੱਕੀ ਨੂੰ ਉਤਸ਼ਾਹ ਦੇਣ ਲਈ ਹਾਲੀਆ ਸੁਧਾਰਾਂ ਦਾ ਸਵਾਗਤ ਕੀਤਾ ਹੈ। ਚੀਨ ਨੇ ਕਿਹਾ ਕਿ ਉਹ ਵਿਕਾਸ ਅਤੇ ਖੁਸ਼ਹਾਲੀ ਲਈ ਭਾਰਤ ਦੇ ਨਾਲ ਕਦਮ ਨਾਲ ਕਦਮ ਵਧਾਉਣ ਲਈ ਤਿਆਰ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਸ਼ੀ ਦੀ ਭਾਰਤ ਯਾਤਰਾ ਦੌਰਾਨ ਭਾਰਤ ਵਿਚ ਬੁਨਿਆਦੀ ਢਾਂਚਾ ਖੇਤਰ ਵਿਚ ਨਿਵੇਸ਼ ਦੇ ਪ੍ਰਾਜੈਕਟਾਂ ‘ਤੇ ਦਸਤਖਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਨ੍ਹਾਂ ਵਿਚ ਉਦਯੋਗਿਕ  ਪਾਰਕ ਅਤੇ ਰੇਲਵੇ ਨੈੱਟਵਰਕ ਸ਼ਾਮਲ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਯਾਤਰਾ ਨਾਲ ਦੁਵੱਲੇ ਸਬੰਧ ਇਕ ਨਵੀਂ ਪੱਧਰ ‘ਤੇ ਪਹੁੰਚ ਸਕਣਗੇ। ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਅਸੀਂ ਸੁਧਾਰ ਚਾਹੁੰਦੇ ਹਾਂ। ਭਾਰਤ ਵਿਚ ਆਰਥਿਕ ਸੁਧਾਰ ਸਾਡੇ ਹਿੱਤ ਵਿਚ ਹਨ। ਅਸੀਂ ਕਹਿ

ਸਕਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸੁਧਾਰਾਂ ਨੂੰ ਅੱਗੇ ਵਧਾ ਰਹੇ ਹਨ। ਜੇਕਰ ਤੁਸੀਂ ਮੈਨੂੰ ਕਿਸੇ ਇਕ ਖੇਤਰ ਬਾਰੇ ਪੁੱਛੋਗੇ ਤਾਂ ਮੈਂ ਇਹੀ ਉਮੀਦ ਕਰਾਂਗਾ ਕਿ ਤੁਸੀਂ ਆਪਣੀ ਕਾਰਜਕੁਸ਼ਲਤਾ ਵਧਾਓ। ਚੀਨ ਦਾ ਵਿਦੇਸ਼ ਮੁਦਰਾ ਭੰਡਾਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ। ਮਾਰਚ ਵਿਚ ਇਹ 3950 ਅਰਬ ਡਾਲਰ ਸੀ।

Send this to a friend