ਇਕ ਮਹੀਨੇ ਦੇ ਵਿਚ ਵਿਚ ਸੇਮ ਪ੍ਰਭਾਵਿਤ ਪਿੰਡਾਂ ਦੇ ਮੁੜ ਵਸੇਬੇ ਦਾ ਕੰਮ ਹੋਵੇਗਾ ਸ਼ੁਰੂ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕਜਲੰਧਰ/ਉੜਾਂਗ (ਮਲੋਟ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ), 14 ਸਤੰਬਰ – ਸੂਬੇ ਵਿਚ ਸੇਮ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਸਿੰਚਾਈ ਵਿਭਾਗ ਨੂੰ ਸੂਬੇ ਦੇ ਸੇਮ ਨਾਲ ਪ੍ਰਭਾਵਿਤ ਦੱਖਣ-ਪੱਛਮੀ ਜ਼ਿਲ੍ਹਿਆਂ ਦੇ ਸਮੂਚੇ ਜਲ ਨਿਕਾਸੀ ਸਿਸਟਮ ਦਾ ਨਵੀਨੀਕਰਨ ਕਰਨ ਲਈ ਆਖਦਿਆਂ ਇਸ ਨੂੰ ਹੋਰ ਚੌੜਾ ਅਤੇ ਮਜਬੂਤ ਕਰਨ ਤੇ ਜੋਰ ਦਿੱਤਾ। ਇੱਥੇ ਸੂਬੇ ਦੇ ਮੀਂਹਾਂ ਨਾਲ ਪ੍ਰਭਾਵਿਤ ਖੇਤਰਾਂ ਦੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਉਪਰੰਤ ਸ: ਬਾਦਲ ਨੇ ਕਿਹਾ ਕਿ ਡ੍ਰੇਨੇਜ ਸਿਸਟਮ
ਦੇ ਨਵੀਨੀਕਰਨ ਨਾਲ ਸੇਮ ਪ੍ਰਭਾਵਿਤ ਖੇਤਰਾਂ ਦੇ ਵਿਚ ਵਾਧੂ ਪਾਣੀ ਦੇ ਨਿਕਾਸ ਵਿਚ ਸਹਾਇਤਾ ਮਿਲੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਸੇਮ ਨੂੰ ਠੱਲ ਪਾਉਣ ਵਾਸਤੇ ਸੂਬਾ ਸਰਕਾਰ ਵੱਲੋਂ ਉਲੀਕੇ ਗਏ ਮਾਸਟਰ ਪਲਾਨ ਦੇ ਵਿਚ ਵੀ ਇਸ ਸਬੰਧੀ ਤਜਵੀਜ ਹੈ ਜੋ ਕਿ ਫੌਰੀ ਤੌਰ ਤੇ ਲਾਗੂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡ੍ਰੇਨੇਜ ਪ੍ਰਣਾਲੀ ਦੇ ਚੌੜਾ ਹੋਣ ਨਾਲ ਸੇਮ ਪ੍ਰਭਾਵਿਤ ਹਿੱਸਿਆ ਵਿਚ ਪਾਣੀ ਦੀ ਨਿਕਾਸੀ ਲਈ ਹੁਣ ਲੱਗਣ ਵਾਲੇ 14 ਤੋਂ 21 ਦਿਨ ਘੱਟ ਕੇ 7 ਦਿਨ ਰਹਿ ਜਾਣਗੇ। ਜਿਸ ਨਾਲ ਸੇਮ ਦੀ ਸਮਸਿਆ ਦੇ ਕਾਫੀ ਹੱਦ ਮੰਤਰੀ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਸ ਵੱਡੀ ਤ੍ਰਾਸਦੀ ਨਾਲ ਪੀੜਤ ਲੋਕਾਂ ਨੂੰ ਮੁਆਵਜਾ ਦੇਣ ਸਬੰਧੀ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਸ੍ਰੀ ਐਨ.ਐਸ. ਕੰਗ ਨੂੰ ਆਖਿਆ ਕਿ ਉਹ ਇਸ ਸਬੰਧੀ ਪੁਰੀ ਪ੍ਰਕ੍ਰਿਆ ਨੂੰ ਨਿੱਜੀ ਤੌਰ ਤੇ ਵੇਖਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਮੁਆਵਜਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਲੋਕਾਂ ਦਾ ਮਾਲੀ ਤੌਰ ਤੇ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ਵਿਚ ਪੂਰਨ ਤੌਰ ਤੇ ਲੋਕਾਂ ਦੇ ਨਾਲ ਹੈ ਅਤੇ ਹਰ ਹਾਲ ਵਿਚ ਉਨ੍ਹਾਂ ਨੂੰ ਇਸ ਮੁਸਕਿਲ ਦੀ ਘੜੀ ਵਿਚੋਂ ਕੱਢਣ ਲਈ ਜਰੂਰੀ ਉਪਰਾਲੇ ਕੀਤੇ ਜਾ ਰਹੇ ਹਨ।
ਲੋਕਾਂ ਨੂੰ ਸੇਮ ਦੀ ਸਮੱਸਿਆ ਦੇ ਮੱਦੇਨਜ਼ਰ ਦਰਪੇਸ਼ ਆ ਰਹੀਆਂ ਮੁਸਕਿਲਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਸਿੰਚਾਈ ਵਿਭਾਗ ਨੂੰ ਸੇਮ ਪ੍ਰਭਾਵਿਤ ਦੱਖਣ ਪੱਛਮੀ ਜ਼ਿਲ੍ਹਿਆਂ ਵਿਚ ਵੱਖਰੇ ਤੌਰ ਤੇ ਚੀਫ ਇੰਜਨੀਅਰ ਹੜ੍ਹ ਦੀ ਅਸਾਮੀ ਦੀ ਰਚਨਾ ਕਰਨ ਦੀਆਂ ਸੰਭਾਵਨਾਵਾਂ ਤਲਾਸ ਕਰਨ ਲਈ ਆਖਿਆ ਤਾਂ ਜੋ ਇੰਨ੍ਹਾਂ ਇਲਾਕਿਆਂ ਲਈ ਇਕ ਵੱਖਰੀ ਤਜ਼ਵੀਜ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪਦ ਤੇ ਨਿਯੁਕਤ ਕੀਤੇ ਜਾਣ ਵਾਲੇ ਮਾਹਿਰ ਅਫ਼ਸਰ ਦਾ ਇਕੋ ਇਕ ਮੰਤਵ ਹੜ੍ਹਾਂ ਦੀ ਮਾਰ ਤੋਂ ਇਸ ਖੇਤਰ ਨੂੰ ਬਚਾਉਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਆਉਣ ਵਾਲੇ ਹੜ੍ਹਾਂ ਕਾਰਨ ਇੰਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਤਬਾਹੀ ਹੁੰਦੀ ਹੈ ਜਿਸ ਲਈ ਸਾਨੂੰ ਇਹ ਤਬਾਹੀ ਰੋਕਣ ਲਈ ਹਰ ਸੰਭਵ ਉਪਰਾਲਾ ਕਰਨਾ ਪਵੇਗਾ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਲਈ ਸਰਕਾਰ ਵੱਲੋਂ ਪੂਰੀ ਰਣਨੀਤੀ ਇਕ ਪੰਦਰਵਾੜੇ ਵਿਚ ਤਿਆਰ ਕਰ ਲਈ ਜਾਵੇਗੀ ਅਤੇ ਹਰੇਕ ਪਿੰਡ ਦੇ ਨਿਵਾਸੀ ਵੱਲੋਂ ਇਸ ਤੇ ਸਹੀ ਪਾਉਣ ਉਪਰੰਤ ਸੂਬਾ ਸਰਕਾਰ ਵੱਲੋਂ ਇਹ ਸਾਰਾ ਕੰਮ ਇਕ ਮਹੀਨੇ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਆਲ੍ਹਾਂ ਅਫ਼ਸਰ ਹਰੇਕ ਪਿੰਡ ਦਾ ਦੌਰਾ ਕਰਕੇ ਪਾਣੀ ਕਾਰਨ ਹੋਏ ਨੁਕਸਾਨ ਦਾ ਪੂਰੀ ਤਰਾਂ ਨਾਲ ਜਾਇਜਾ ਲੈ ਰਹੇ ਹਨ। ਇਸ ਵੱਡੇ ਕਾਰਜ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਪੂਰਾ ਸਮਰੱਥਨ ਦੇਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਬਿਨ੍ਹਾਂ ਇਹ ਮਹੱਤਵਪੂਰਨ ਕਾਰਜ ਪੂਰਾ ਨਹੀਂ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਅੱਜ ਮਲੋਟ ਵਿਧਾਨ ਸਭਾ ਹਲਕਾ ਮਲੋਟ ਦੇ ਪਿੰਡ ਮਲੋਟ, ਈਨਾ ਖੇੜਾ, ਤਰਖਾਣ ਵਾਲਾ, ਲਖਮੀਰੇਆਣਾ, ਖੁੰਨਣ ਕਲਾਂ, ਉੜਾਂਗ, ਬਾਂਮ, ਮਹਾਂਬੱਧਰ, ਭਾਗਸਰ, ਰੁਹੇੜਿਆਂ ਵਾਲੀ ਅਤੇ ਗਿੱਦੜਬਾਹਾ ਦੇ ਪਿੰਡ ਭੁੰਦੜ, ¦ੁਡੇਵਾਲਾ, ਬਬਾਨੀਆਂ, ਹੁਸਨਰ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਯੋਗ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਮਲੋਟ ਦੇ ਵਿਧਾਇਕ ਸ: ਹਰਪ੍ਰੀਤ ਸਿੰਘ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸੀਨੀਅਰ ਅਕਾਲੀ ਆਗੂ ਸ: ਮਨਜੀਤ ਸਿੰਘ ਬਰਕੰਦੀ, ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਸ਼ਨੀ ਢਿੱਲੋਂ, ਸ: ਸੰਤ ਸਿੰਘ ਬਰਾੜ, ਮਨਜਿੰਦਰ ਸਿੰਘ ਬਿੱਟੂ ਸਰਕਲ ਪ੍ਰਧਾਨ, ਐਫ.ਸੀ.ਆਰ. ਸ੍ਰੀ ਐਨ.ਐਸ. ਕੰਗ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਸਕੱਤਰ ਸਿੰਚਾਈ ਵਿਭਾਗ ਸ: ਕਾਹਨ ਸਿੰਘ ਪਨੂੰ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਡੀ.ਆਈ.ਜੀ. ਸ: ਅਮਰ ਸਿੰਘ ਚਾਹਲ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਸ: ਬਲਦੇਵ ਸਿੰਘ ਬਲਮਗੜ੍ਹ, ਮਲੋਟ ਮਾਰਕਿਟ ਕਮੇਟੀ ਦੇ ਚੇਅਰਮੈਨ ਸ: ਬਸੰਤ ਸਿੰਘ ਕੰਗ, ਸ੍ਰੀ ਮੌਂਟੂ ਵੋਹਰਾ, ਬਿੰਦਰ ਗੋਣੇਆਣਾ, ਵੀਰਪਾਲ ਕੌਰ ਤਰਮਾਲਾ ਆਦਿ ਵੀ ਹਾਜਰ ਸਨ।