June 13, 2026 6:15 am

ਅੰਨ੍ਹੇ ਖੂਹ ਵਿਚ ਛਾਲਾਂ

ਹਰਿੰਦਰ ਸਿੰਘ ਚਹਿਲ
ਆਈ.ਪੀ.ਐ¤ਸ. , ਸਾਬਕਾ ਡੀ.ਆਈ.ਜੀ., ਪੰਜਾਬ ਪੁਲਿਸ
ਸੰਪਰਕ : 98789-91911

ਸੱਚੀ ਗੱਲ ਹੈ, ਬਹੁਤ ਫਿਕਰ ਹੁੰਦਾ ਹੈ.. ਪੰਜਾਬ ਅੰਦਰ ਬਦੇਸ਼ੀ ਲਾੜੇ ਲਾੜੀਆਂ ਵਾਲਾ ਜਿਹੜਾ ਚਕਾਚੌਂਧੀ ਚੱਕਰ ਚੱਲਿਆ ਹੋਇਆ ਹੈ। ਇਹ ਕਦੋਂ ਮੁੱਕੇਗਾ? ਇਸ ਸਭ ਕਾਸੇ ਲਈ ਕੌਣ ਜ਼ਿੰਮੇਵਾਰ ਹੈ…? ਇਹ ਇਕ ਵੱਡਾ ਸੁਆਲ ਹੈ… ਮੈਂ ਇਸ ਲਈ ਵਧੇਰੇ ਜ਼ਿੰਮੇਵਾਰ ਮਾਪਿਆਂ ਨੂੰ ਸਮਝਦਾ ਹਾਂ।
ਪੰਜਾਬ ਵਿਚ ਜਦੋਂ ਅੱਤਵਾਦ ਸੀ ਤਾਂ ਉਦੋਂ ਵੀ ਕਾਫੀ ਮਾਤਰਾ ਵਿਚ ਲੋਕ ਬਦੇਸ਼ਾਂ ਵੱਲ ਨੂੰ ਦੌੜੇ.. ਪੰਜਾਬੀ ਦੁਨੀਆਂ ਦੇ ਹਰ ਖਿੱਤੇ ਵਿਚ ਚਲੇ ਗਏ। ਉਥੇ ਜਾ ਕੇ ਵਿਆਹ ਕਰਵਾਏ। ਬੱਚੇ ਹੋਏ। ਚਾਹੁੰਦੇ ਸਨ ਕਿ ਉਨ੍ਹਾਂ ਦੇ ਉਥੇ ਪੈਦਾ ਹੋਏ ਬੱਚੇ ਹੀ ਵਿਆਹੇ ਜਾਣ ਦੀ ਬਿਜਾਏ ਪੰਜਾਬ (ਉਨ੍ਹਾਂ ਦੀ ਆਪਣੀ ਜੰਮਣ ਭੋਇੰ) ਉਥੇ ਹੀ ਕਿਉਂ ਨਾ ਵਿਆਹੇ ਜਾਣ। ਇਸ ਲਈ ਕੁਝ ਚਿਰ ਤਾਂ ਠੀਕ ਠਾਕ ਚੱਲਦਾ ਰਿਹਾ। ਫਿਰ ਗੱਲ ਲੱਖਾਂ ਰੁਪਈਆਂ ਵਿਚ ਹੋਣ ਲੱਗੀ ਤੇ ਮੋਟੇ ਮੋਟੇ ਸੌਦੇ ਹੋਣ ਲੱਗੇ। ਪੰਜਾਬ ਵਸਦੇ ਚੰਗੇ ਭਲੇ ਮੁੰਡਿਆਂ ਕੁੜੀਆਂ ਦੀ ਹਵਾ ਹੀ ਬਦਲ ਗਈ। ਸਭਾ ਦੇ ਮੂੰਹ ਬਾਹਰ ਵੱਲ ਹੀ ਹੋ ਗਏ ਕਿ ਕਿਹੜਾ ਵੇਲਾ ਹੋਵੇ। ਜਹਾਜ਼ ਚੜੀਏ। ਇਉਂ ਕਾਹਲ ਤੇ ਤੱਤ ਫੜੱਤੀ ਵਿਚ ਧੋਖੇ ਹੋਣੇ ਈ ਸੀ। ਉਧਰਲੇ ਲੋਕ ਵੀ ਵਪਾਰੀ ਬਣ ਗਏ ਤੇ ਏਧਰਲੇ ਆਪਣੀਆਂ ਜ਼ਮੀਨਾਂ ਬੈਅ ਕਰਨ ਲੱਗੇ। ਪੰਜਾਬ ਲਈ ਇਹ ਉਸਾਰੂ ਨਹੀਂ.. ਮਾਰੂ ਰੁਝਾਨ ਸੀ.. ਜੋ ਘਟੀਆ ਨਹੀਂ ਸਗੋਂ ਦਿਨੋਂ ਦਿਨ ਵਧਿਆ ਹੀ ਹੈ। ਅਨੇਕਾਂ ਲੋਕ ਲੁੱਟੇ ਗਏ ਹਨ। ਤੇ ਲੁਟੇ ਜਾ ਹੇ ਹਨ।

ਇਥੇ ਕੁਝ ਸਵਾਲ ਹਨ ਕਿ ਕੀ ਪੰਜਾਬ ਵਿਚ ਕੰਮ ਮੁਕ ਗਿਆ ਹੈ? ਜੇ ਮੁਕ ਗਿਆ ਹੈ ਤਾਂ ਭਈਆਂ ਤੋਂ ਕਿਉਂ ਕਰਵਾ ਰਹੇ ਹਾਂ। ਕੀ ਜੇ ਅਸੀਂ ਆਪਣੇ ਮੁਲਕ ਵਿਚ ਹੀ ਰੱਜ ਕੇ ਕੰਮ ਕਰੀਏ, ਭੁੱਖੇ ਮਰਾਂਗੇ? ਜੇ ਅਸੀਂ ਬਾਹਰਲੇ ਮੁਲਕਾਂ ਵਿਚ ਜਾ ਕੇ ਮਜ਼ਦੂਰੀ ਕਰਦੇ ਹਾਂ ਤਾਂ ਆਪਣੇ ਮੁਲਕ ਵਿਚ ਆਪਣਾ ਕੰਮ ਹੱਥੀਂ ਕਰਦਿਆਂ ਸਾਨੂੰ ਕਾਹਦੀ ਸੰਗ ਲੱਗਦੀ ਹੈ। ਸਾਡੇ ਮੁੰਡੇ ਕੁੜੀਆਂ ਇਥੋਂ ਚੰਗੀਆਂ ਡਿਗਰੀਆਂ ਹਾਸਲ ਕਰਕੇ ਬਦੇਸ਼ਾਂ ਵਿਚ ਦਿਹਾੜੀਆਂ ਮਜ਼ਦੂਰੀਆਂ ਕਰਦੇ ਫਿਰਦੇ ਹਨ। ਤਾਂ ਇਹ ਕੀ ਇਹ ਮੰਦਭਾਗੀ ਗੱਲ ਨਹੀਂ ਹੈ। ਕੀ ਅਸੀਂ ਆਪਣੇ ਬੱਚੇ ਬਦੇਸ਼ਾਂ ਵਿਚ ਜਾ ਕੇ ਰੁਲਣ ਲਈ ਹੀ ਪੈਦਾ ਕੀਤੇ ਸਨ?
ਏਨੀ ਮਹਿੰਗਾਈ ਵਿਦਿਆ ਹਾਸਲ ਕਰਵਾ ਕੇ ਤੇ ਲੱਖਾਂ ਰੁਪਏ ਖਰਚ ਕੇ ਕਾਨੂੰਨੀ ਅਤੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੇ ਹਜ਼ਾਰਾਂ ਬੱਚੇ ਬਦੇਸ਼ੀਂ ਭੇਜ ਦਿੱਤੇ ਹਨ ਤੇ ਭੇਜ ਜਾ ਰਹੇ ਹਨ। ਪੁਲਿਸ ਕੋਲ ਆਉਣ ਵਾਲੀਆਂ ਠੱਗੀਆਂ ਦੀਆਂ ਦਰਖਾਸਤਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ।
ਮੈਨੂੰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪੰਜਾਬੀਆਂ ਨੇ ਇਹ ਬਦੇਸ਼ ਜਾਣ ਦਾ ਇਕੋ ਇਕ ਰਸਤਾ ਲੱਭਿਆ ਹੋਇਆ ਹੈ ਕਿ ਕੁੜੀ ਵਿਆਹ ਕੇ ਤੋਰੋ.. ਭਾਵੇਂ ਕਿਹੋ ਜਿਹਾ ਹੀ ਮੁੰਡਾ ਹੋਵੇ. ਉਸ ਦੇ ਮਗਰ ਫਿਰ ਸਾਰਾ ਟੱਬਰ ਲੰਘ ਜਾਵਾਂਗੇ.. ਮੌਜਾਂ ਕਰਾਂਗੇ… ਫਿਰ ਜਦੋਂ ਉਥੇ ਜਾ ਕੇ ਕਮਾਵਾਂਗੇ ਤੇ ਏਧਰ ਆਦ ਕੇ ਮੁੰਡੇ ਵਿਆਹਾਂਗੇ ਤੇ ਏਧਰਲੀਆਂ ਕੁੜੀਆਂ ਨਾਲ ਸੌਦੇ ਕਰਾਂਗੇ। ਬੁੱਢਿਆਂ ਦੇ ਲੜ ਲਾ ਲਾ ਕੇ ਕੁੜੀਆਂ ਤੋਰਨ ਬਾਰੇ ਕੀ ਕੁਝ ਨਹੀਂ ਛਪਿਆ ਪੜਿਆ ਹੋਇਆ?
ਮੀਡੀਆ ਵਿਚ ਰੋਜ਼ ਆਉਂਦਾ ਹੈ ਕਿ ਬਦੇਸ਼ੋਂ ਆਇਆ ਲਾੜਾ ਐਨੇ ਲੱਖ ਲੈ ਕੇ ਫਰਾਰ, ਫਲਾਣੇ ਮੁਲਕੋਂ ਆਈ ਲਾੜੀ ਐਨੇ ਲੱਖ ਲੈਕੇ ਉਡਗੀ.. ਨਿੱਤ ਪਰਚੇ ਦਰਜ ਹੋ ਰਹੇ ਹਨ। ਦਿਨ ਦੀਵੀਂ ਠੱਗੀਆਂ ਵੱਜ ਰਹੀਆਂ ਨੇ.. ਲੋਕ ਫਿਰ ਵੀ ਸੁਧਰ ਨਹੀਂ ਰਹੇ। ਪੁਲਸ ਵੀ ਕੀ ਕਰੇ? ਬਹੁਤੇ ਪੁਲਿਸ ਅਫਸਰ ਅਜਿਹੇ ਆਏ ਫਰਿਆਦੀ ਨੂੰ ਕਹਿ ਦਿੰਦੇ ਹਨ ਕਿ , ‘ਕੀ ਤੁਸੀਂ ਪੁਲਿਸ ਨੂੰ ਪੁੱਛ ਕੇ ਪੈਸੇ ਦਿੱਤੇ ਸੀ?’’
ਮੈਂ ਜਗਰਾਉਂ ਐਸ.ਐਸ.ਪੀ. ਰਿਹਾ ਤਾਂ ਬਹੁਤ ਸਾਰੇ ਅਜਿਹੇ ਲੱਖਾਂ ਦੇ ਫਰਾਂਡਾਂ ਦੇ ਕੇਸ ਸਾਹਮਣੇ ਆਏ। ਦੇਖਣ ਵਾਲੀ ਗੱਲ ਹੈ ਕਿ ਦੁਆਬੇ ਜਾਂ ਮਾਝੇ ਦੇ ਲੋਕਾਂ ਨਾਲ ਹੁਣ ਠੱਗੀਆਂ ਘੱਟ ਵੱਜ ਰਹੀਆਂ ਹਨ ਤੇ ਖਾਸ ਕਰ ਮਾਲਵੇ ਦੇ ਲੋਕ ਹੀ ਠੱਗੇ ਜਾ ਰਹੇ ਹਨ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਦੁਆਬੇ ਦੇ ਲੋਕ ਚਿਰਾਂ ਦੇ ਗਏ ਹੋਏ ਹਨ ਤੇ ਆਪਣੇ ਉਥੇ ਕਾਰੋਬਾਰ ਚੰਗੇ ਸਥਾਪਤ ਕਰੀ ਬੈਠੇ ਹਨ। ਸ਼ਾਇਦ ਅਜਿਹੇ ਕੰਮਾਂ ਲਈ ਉਨ੍ਹਾਂ ਦਾ ਧਿਆਨ ਘੱਟ ਗਿਆ ਹੈ।
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਇਕੱਲਾ ਹੀ ਲੜ ਰਿਹਾ ਹੈ। ਕਦੇ ਉਹ ਠੱਗ ਲਾੜੀਆਾਂ-ਲਾੜਿਆਂ, ਅਖੌਤੀ ਟਰੈਵਲ ਏਜੰਟਾਂ ਤੇ ਨਕਲੀ ਮੈਰਿਜ ਬਿਊਰੋ ਵਾਲਿਆਂ ਵਿਰੁੱਧ ਪਰਚੇ ਦਰਜ ਕਰਨ ਲਈ ਅਪੀਲਾਂ ਕਰਦਾ ਹੈ। ਕਦੀ ਉਹ ਏਧਰੋਂ ਉਧਰੋਂ ਲੱਖਾਂ ਰੁਪਏ ਦੀਆਂ ਰਕਮਾਂ ਵਾਪਿਸ ਕਰਵਾਉਂਦਾ  ਦਿਖਾਈ ਦਿੰਦਾ ਹੈ। ਕਦੀ ਜੇਲ੍ਹਾਂ ਵਿਚ ਫਸਿਆਂ ਨੂੰ ਛੁਡਾ ਛੁਡਾ ਕੇ ਲਿਆ ਰਿਹਾ ਹੈ।
ਇਕ ਦਿਨ ਸ. ਰਾਮੂਵਾਲੀਆ ਮੈਨੂੰ ਮਿਲਣ ਆਏ ਤੇ ਕਹਿੰਦੇ, ‘‘ਐਸ.ਐਸ.ਪੀ. ਨੂੰ ਕਹੋ ਕਿ ਉਨ੍ਹਾਂ ਦੇ ਜਿਲ੍ਹੇ ਵਿਚ ਪਿੰਡ ਹੈ ਵੱਡਾ ਘਰ.. ਉਥੋਂ ਦੇ ਇਕ ਪਰਿਵਾਰ ਨੇ ਚਾਰ ਕਿੱਲੇ ਜ਼ਮੀਨ ਵੇਚੀ ਤੇ ਚਾਲੀ ਲੱਖ ਰੁਪਈਆ ਦੇ ਦਿੱਤਾ। ਕੁੜੀ ਵਿਆਹੁਣ ਬਦਲੇ। ਕੁੜੀ ਵਿਆਹੀ ਐਥੇ ਬੈਠੀ ਐ.. ਕੋਈ ਵੀਜ਼ਾ ਨਹੀਂ ਲੱਗਿਆ। ਉਧਰਲਿਆਂ ਦਾ ਕੋਈ ਅਤਾ ਪਤਾ ਨਹੀਂ। ਰੁਲੇ ਫਿਰਦੇ ਐ। ਐਸ.ਐਸ.ਪੀ. ਨੂੰ ਕਹੋ ਕਿ ਉਹ ਕਾਰਵਾਈ ਕਰੇ।’’
ਸ. ਰਾਮੂਵਾਲੀਆ ਦੀ ਗੱਲ ਸੁਣਨ ਮਗਰੋਂ ਮੈਂ ਐਸ.ਐਸ.ਪੀ. ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ.. ਨਾਲ ਹੀ ਰਾਮੂਵਾਲੀਆ ਦੀ ਗੱਲ ਵੀ ਉਸ ਨਾਲ ਕਰਵਾਈ। ਉਸ ਨੇ ਵੀ ਐਸ.ਐਸ.ਪੀ. ਨੂੰ ਸਾਰੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ।
ਮੈਨੂੰ ਆਸ ਸੀ ਕਿ ਐਸ.ਐਸ.ਪੀ. ਨੌਜਵਾਨ ਹੈ ਤੇ ਪੜ੍ਹਿਆ ਲਿਖਿਆ ਹੈ। ਪਰ ਮੈਨੂੰ ਦੁੱਖ ਲੱਗਿਆ ਕਿ ਡੇਢ ਦੋ ਮਹੀਨੇ ਤੱਕ ਕੁਝ ਵੀ ਨਾ ਹੋਇਆ ਤੇ ਮੈਨੂੰ ਉਥੋਂ ਇਨਕੁਆਰੀ ਬਦਲ ਕੇ ਫਿਰੋਜ਼ਪੁਰ ਵਿਖੇ ਇਕ ਕਾਬਲ ਤੇ ਸੁਹਿਰਦ ਸੂਝਵਾਨ ਐਸ.ਪੀ. ਹਰਜੀਤ ਸਿੰਘ ਪਨੂੰ ਨੂੰ ਦੇਣੀ ਪਈ। ਉਸਨੇ ਜਾਂਚ ਪੜਤਾਲ ਕਰਕੇ ਪਰਚਾ ਕੀਤਾ। ਉਸ ਜਿਲ੍ਹੇ ਵਿਚ ਇਕ ਡੀ.ਐਸ.ਪੀ. ਕੋਲ ਇਨਕੁਆਰੀ ਸੀ। ਉਸ ਨੇ ਕੱਖ ਨਹੀਂ ਕੀਤਾ। ਪਤਾ ਨਹੀਂ ਕਿਉਂ? ਮੈਂ ਆਪਣੀ ਆਦਤ ਮੁਤਾਬਿਕ ਆਪਣੀ ਪੁਲਿਸ ਨੂੰ ਕਹਿਣਾ ਹੁੰਨਾ ਕਿ ‘ਕਿਸੇ ਦੇ ਘਰ ਚੋਰੀ ਹੋ ਗਈ ਤਾਂ ਸਮਝਾਂ ਤੁਹਾਡੇ ਘਰ ਹੋ ਗਈ। ਕਿਸੇ ਨਾਲ ਕੋਈ ਵੀ ਦੁਖਾਂਤ ਵਾਪਰਿਆ ਹੈ। ਉਹ ਤੁਹਾਡੇ ਕਿਸੇ ਨਜ਼ਦੀਕੀ ਜਾਂ ਤੁਹਾਡੇ ਪਿਆਰੇ ਨਾਲ ਹੀ ਵਾਪਰਿਆ ਹੈ?’ ਜਦ ਮਸਲੇ ਹੱਲ ਹੁੰਦੇ ਹਨ ਅਤੇ ਸ਼ਿਕਾਇਤ ਕਰਤਾ ਆਪਣਤ ਮਹਿਸੂਸ ਕਰਦਾ ਹੈ।
ਇਸ ਕੇਸ ਵਿਚ ਵੀ ਮੈਂ ਐਸ.ਐਚ.ਓ. ਨੂੰ ਪਰਚਾ ਦਰਜ ਕਰਨ ਵੇਲੇ ਫੋਨ ਤੇ ਕਿਹਾ ਸੀ, ‘ਬੇਟਾ, ਤੈਨੂੰ ਮੈਂ ਵਿਸ਼ਵਾਸ ਹੋਣ ਕਾਰਨ ਇਹ ਜਾਂਚ ਪੜਤਾਲ ਦੇ ਰਿਹਾ ਹਾਂ.. ਕਿਸੇ ਨਾਲ ਕੋਈ ਲਿਹਾਜ਼ ਨਹੀਂ ਕਰਨਾ। ਠੱਗਾਂ ਨੂੰ ਫੜੋ ਤੇ ਇਨ੍ਹਾਂ ਦੇ ਪੈਸੇ ਵਾਪਿਸ ਕਰਵਾਓ।’
ਉਹਨੇ ਵੀ ਫੜੇ ਨਹੀਂ। ਕਹਿੰਦਾ, ‘ਜਨਾਬ, ਉਹ ਤਾਂ ਜ਼ਮਾਨਤ ਕਰਵਾ ਗਏ ਹਨ।’ ਪੀੜਤ ਧਿਰ ਵਾਲੇ ਰੋਂਦੇ ਪਿਟਦੇ ਫਿਰ ਮੇਰੇ ਕੋਲ ਆਏ। ਕੁੜੀ ਜੁਆਨ-ਜਹਾਨ ਨਾਲ ਮਾਂ ਤੇ ਨਾਲ ਕੁੜੀ ਦਾ ਭਰਾ।
ਮੈਨੂੰ ਬਹੁਤ ਦੁਖ ਹੋਇਆ। ਮੈਂ ਐਸ.ਐਚ.ਓ. ਨੂੰ ਬੁਲਾਇਆ ਪਰ ਉਹਦੇ ਮਨ ’ਤੇ ਕੋਈ ਬੋਧ ਨਹੀਂ ਸੀ। ਉਸਦੀ ਨਲਾਇਕੀ ਤਾਂ ਸਾਫ ਦਿੱਸ ਹੀ ਰਹੀ ਸੀ। ਮੈਂ ਉਹਦੀ ਬਦਲੀ ਵੀ ਕਰ ਸਕਦਾ ਸੀ, ਸਸਪੈਂਡ ਵੀ ਕਰ ਸਕਦਾ ਸੀ ਪਰ ਸਾਡੇ ਤਾਣੇ ਬਾਣੇ ਵਿਚ ਫਿਰ ਰਾਜਨੀਤਿਕ ਅੜਚਣਾਂ ਫਿਰ ਆ ਪੈਂਦੀਆਂ ਹਨ। ਮੈਂ ਪੁੱਛਿਆ, ‘ਕੀ ਗੱਲ ਕੁਝ ਕੀਤਾ ਕਿਉਂ ਨਹੀ?’ ਕਹਿਣ ਲੱਗਾ, ‘ਜਨਾਬ, ਮੈਂ ਕੀ ਕਰਦਾ ਜੀ, ਫਲਾਣਾ ਸਿਓਂ (ਜਿਹੜਾ ਐਮ.ਐਲ.ਏ. ਦੀ ਟਿਕਟ ਲੈਣੀ ਚਾਹੁੰਦਾ) ਉਹ ਪੇਸ਼ ਕਰਨ ਆ ਗਿਆ ਮੇਰੇ ਕੋਲ। ਮੈਂ ਉਹਦੀ ਪੁੱਛਗਿੱਛ ਕਰਕੇ ਤੌਰ ਤਾਂ ਉਹਦੇ ਨਾਲ..।’
ਕੱਖ ਨਹੀਂ ਪੁੱਛਿਆ ਉਗਦੇ ਤੋਂ. ਜਮਾਨਤ ਰੱਦ ਕਰਵਾਉਣ ਲਈ ਤਾਂ ਸੋਚਣਾ  ਹੀ ਕੀ ਸੀ? ਇਹ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ।
ਮੈਂ ਇਕ ਦਿਨ ਕਿਰਨ ਬੇਦੀ ਦੇ ਅਜੀਤ ਵਿਚ ਛਪੇ ਇਕ ਲੇਖ ਵਿਚ ਪੜ੍ਹਿਆ ਸੀ ‘ਪੁਲਿਸ ਫੇਲ ਹੋ ਜਾਂਦੀ ਹੈ..’ ਜਦੋਂ ਅਦਾਲਤਾਂ ਸਟੇਅ ਦੇ ਦਿੰਦੀਆਂ ਹਨ।’ ਇਹ ਠੀਕ ਹੈ ਅਦਾਲਤਾਂ ਨੂੰ ਇਨ੍ਹਾਂ ਕੇਸਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਮੈਂ ਅੱਗੇ ਗੱਲ ਕਰਨੀ ਚਾਹੁੰਦਾ ਹਾਂ ਕਿ ਇਕ ਐਸ.ਐਚ.ਓ. ਜੇਕਰ ਚਾਹੇ ਉਹ ਕੁਝ ਵੀ ਕਰ ਸਕਦਾ ਹੈ। ਉਹ ਗ੍ਰਿਫਤਾਰ ਵੀ ਕਰ ਸਕਦਾ ਹੈ। ਉਹ ਕਾਨੂੰਨ ਮੁਤਾਬਕ ਚਲੇ ਤਾਂ ਜ਼ਮਾਨਤ ਵੀ ਰੱਦ ਕਰਵਾ ਸਕਦਾ ਹੈ। ਉਹ ਇਹ ਵੀ ਕਰ ਸਕਦਾ ਹੈ ਕਿ ਜੇਕਰ ਇਹੋ ਜਿਹੇ ਲੋਕ ਇਨ੍ਹਾਂ ਕੇਸਾਂ ਵਿਚ ਮਦਦ ਕਰਦੇ ਫਿਰਦੇ ਹਨ ਉਨ੍ਹਾਂ ਨੂੰ ਕੇਸ ਵਿਚ ਸ਼ਾਮਲ ਕਰ ਸਕਦਾ ਹੈ। ਜਿਸ ਦਿਨ ਦੁਖੀ ਹੋਈ  ਉਹੀ  ਪੀੜਤ ਫਿਰ ਮੇਰੇ ਕੋਲ (ਸ਼ਾਇਦ ਦੂਜੀ ਵਾਰ) ਆਈ ਤਾਂ ਮੈਂ ਉਸੇ ਵਕਤ ਹੀ ਐਸ.ਐਸ.ਪੀ. ਨੂੰ ਫੋਨ ਮਿਲਾਇਆ ਤੇ ਪੁੱਛਿਆ ਕਿ ਇਸ ਕੇਸ ਵਿਚ ਕੀ ਹੋਇਆ ਹੈ? ਤਾਂ ਉਸ ਨੇ ਹੱਸਕੇ ਆਕਿਆ ਸੌਰੀ ਸਰ ਮੈਂ ਧਿਆਨ ਨਹੀਂ ਦੇ ਸਕਿਆ।
ਇਸ ਤੋਂ ਵੱਡਾ ਹੋਰ ਦੁਖਾਂਤ ਕੀ ਹੋਏਗਾ ਪੰਜਾਬ ਦਾ? ਜਿਸ ਰਾਜ ਵਿਚ ਪੜ੍ਹੇ ਲਿਖੇ ਨੌਜਵਾਨ ਅਫਸਰ ਲੱਗੇ ਹੋਣ ਤੇ ਕੇਂਦਰ ਦਾ ਇਕ ਵਜ਼ੀਰ ਰਿਹਾ ਬੰਦਾ ਉਹ ਫੋਨ ਕਰਕੇ ਸਾਰਾ ਕੁਝ ਦੱਸੇ ਤੇ ਫਿਰ ਡੀ.ਆਈ.ਜੀ. ਕੋਲ ਬਹਿਕੇ ਦੱਸੇ.. ਤਾਂ ਅਫਸਰ ਨੂੰ ਉਸ ਕੇਸ ਬਾਰੇ ਪਤਾ ਨਾ ਹੋਵੇ? ਇਥੇ ਅਫਸੋਸ ਹੀ ਕੀਤਾ ਜਾ ਸਕਦਾ ਹੈ.. ਹੋਰ ਕੀ ਕੀਤਾ ਜਾ ਸਕਦੈ? ਜਾਂ ਹਾਅ ਨਿਕਲ ਸਕਦੀ ਹੈ।

ਉਦੋਂ ਮੈਨੂੰ ਬਹੁਤ ਦੁੱਖ ਹੋਇਆ, ਜਦੋਂ ਕੁੜੀ ਦੀ ਮਾਂ ਨੇ ਆਪਣੀ ਕੁੜੀ ਦੇ ਸਾਹਮਣੇ ਕਿਹਾ, ‘ਵੀਰ, ਸਾਡੀ ਕੁੜੀ ਤਾਂ ਹੁਣ ਕਿਤੇ ਆਉਣ ਜਾਣ ਲੱਗੀ ਨ੍ਹੀਂ  ਰਹੀ. ਸਾਨੂੰ ਇਨਸਾਫ ਦਿਵਾ.. ਅਸੀਂ ਕਿੱਧਰ ਜਾਈਏ ਹੁਣ।’
ਕੁੜੀ ਦੀ ਮਾਂ ਨੇ ਦੱਸਿਆ, ‘ਵੀਰਾ ਸਾਡੇ ਬਹੁਤ ਨੇੜੇ ਦੇ ਇਕ ਰਿਸ਼ਤੇਦਾਰ ਦਾ ਬੇੜਾ ਡੁੱਬਿਆ, ਉਹਨੇ ਈ ਸਾਨੂੰ ਦੱਸ ਪਾਈ ਸੀ ਕਿ ਫਾਲਣੇ ਬੰਦੇ ਵਧੀਆ ਨੇ.. ਇਨ੍ਹਾਂ ਨਾਲ ਵਿਆਹ ਕੇ ਕੁੜੀ ਭੇਜ ਦਿਓ।’’
ਮੈਂ ਉਸ ਔਰਤ ਨੂੰ ਇਹ ਵੀ ਕਿਹਾ, ‘ਬੀਬਾ ਤੂੰ ਆਪਣੀ ਧੀ ਨੂੰ ਘਰ ਬਿਠਾ। ਏਹਨੂੰ ਅੱਗੇ ਤੋਂ ਨਾਲ ਨਾਲ ਲੈ ਕੇ ਆਵੀਂ।’ ਇਹ ਗੱਲ ਸੁਣ ਕੇ ਉਹ ਔਰਤ ਨੇ ਕੁੜੀ ਦੋਵੇਂ ਭੁੱਬਾਂ ਮਾਰ ਮਾਰ ਕੇ ਰੋਣ ਲੱਗੀਆਂ.. ਮੈਂ ਗੱਲ ਸਮਝੀ ਕਿ ਅਵੱਸ਼ ਹੀ ਇਨ੍ਹਾਂ ਨੂੰ ਖਰਾਬ ਖਰਾਬ ਕੀਤਾ ਗਿਆ ਹੈ। ਇਕ ਤਾਂ ਇਹ ਲੁੱਟੇ ਗਏ ਹਨ..ਦੂਜਾ ਹਾਸੇ ਮਜ਼ਾਕ ਦਾ ਪਾਤਰ ਬਣੇ ਰੁਲਕੇ ਫਿਰਦੇ ਹਨ।
ਬੈਠੇ ਬੈਠੇ ਮੈਨੂੰ ਯਾਦ ਆਇਆ ਮੈਂ ਇਕ ਨੇਤਾ ਜੀ ਕੋਲ ਬੈਠਾ ਸਾਂ ਤਾਂ ਉਨ੍ਹਾਂ ਕੋਲ ਇਕ ਆਜ਼ਾਦੀ ਘੁਲਾਟੀਏ ਦੀ ਪੜ੍ਹੀ ਲਿਖੀ ਤੇ ਸਿਆਣੀ ਕੁੜੀ ਆਈ ਤੇ ਕਹਿਣ ਲੱਗੀ,
‘ਅੰਕਲ ਜੀ, ਮੈਂ ਰਾਜਨੀਤੀ ਵਿਚ ਆਉਣਾ ਚਾਹੁੰਦੀ ਹਾਂ।’
ਤਾਂ ਉਸ ਨੇਤਾ ਜੀ ਨੇ ਆਖਿਆ ਸੀ, ‘ਬੇਟਾ ਸਾਡੇ ਰਾਜਨੀਤਿਕ ਲੋਕਾਂ ਦੇ ਬਘਿਆੜਾਂ ਵਾਂਗ ਵੱਡੇ-ਵੱਡੇ ਚੌੜੇ ਚੌੜੇ ਮੂੰਹ ਤੇ ਤਿੱਖੇ-ਤਿੱਖੇ ਦੰਦ ਹਨ। ਬੇਟਾ ਤੈਨੂੰ ਏਹ ਖਾ ਜਾਣਗੇ।’ ਤਾਂ ਇਹ ਸੁਣ ਕੇ ਕੁੜੀ ਦਾ ਚਿਹਰਾ ਉਤਰ ਗਿਆ ਸੀ। ਇਹ ਘਟਨਾ ਲਿਖਣ ਤੋਂ ਮੇਰਾ ਭਾਵ ਹੈ ਕਿ , ‘ਕੀ ਵੇਲਾ ਹੈ ਹੁਣ.. ਕਿਸੇ ਦੀ ਧੀ ਭੈਣ ਥਾਣਿਆਂ ਕਚਹਿਰੀਆਂ ਵਿਚ ਰੁਲਦੀ ਤੁਰੀ ਫਿਰੇ? ਬਿਲਕੁਲ ਨਹੀਂ ਵੇਲਾ.. ਸਾਨੂੰ ਸੋਚਣਾ ਪਵੇਗਾ ਕਿ ਇਸ ਨਿਜਾਮ ਖਿਲਾਫ ਜੂਝਣਾ ਪਵੇਗਾ ਤਾਂ ਹੀ ਅਸੀਂ ਆਪਣੀ ਧੀ ਭੈਣ ਦਾ ਤੇ ਆਪਣਾ ਸਤਿਕਾਰ ਕਰਾ ਸਕਾਂਗੇ ਤੇ ਔਰਤਾਂ ਨੂੰ ਵੱਧ ਤੋਂ ਵੱਧ ਲੋਕ ਅਦਾਰਿਆਂ ਵਿਚ ਲਿਆਉਣਾ ਪਵੇਗਾ।’
ਇਸ ਲੇਖ ਵਿਚ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਸਭ ਵਾਸਤੇ ਡੂੰਘੀ ਚੇਤਨਾ ਦੀ ਲੋੜ ਹੈ। ਇਸ ਲਈ ਸੈਮੀਨਾਰ ਹੋਣੇ ਚਾਹੀਦੇ ਹਨ ਕਿ ਆਪਣੇ ਧੀਆਂ ਪੁੱਤਾਂ ਨੂੰ ਠੀਕ ਢੰਗ ਨਾਲ ਬਦੇਸ਼ ਭੇਜਣ ਦੇ ਆਹ ਆਹ ਢੰਗ ਹਨ। ਵੱਖ ਵੱਖ ਚੈਨਲਾਂ ਤੇ ਅਖਬਾਰਾਂ ਨੂੰ ਇਸ ਕੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਰਕਾਰ ਦਾ ਲੋਕ ਸੰਪਰਕ ਵਿਭਾਗ ਹੈ। ਉਹ ਇਕ ਮੰਤਰੀ ਦੀ ਉਡੀਕ ਵਿਚ ਸਾਰਾ ਸਾਰਾ ਦਿਨ ਲੇਖੇ ਲਾ ਦਿੰਦਾ ਹੈ। ਇਹ ਵਿਭਾਗ ਪਿੰਡੋ ਪਿੰਡ ਜਾ ਕੇ ਨਾਟਕ ਤੇ ਭਾਸ਼ਣ ਕਰਵਾਵੇ। ਲੋਕਾਂ ਵਿਚ ਜਾਗ੍ਰਿਤੀ ਆਵੇਗੀ।
ਠੱਗ ਏਜੰਟਾਂ ਤੇ ਮੈਰਿਜ਼ ਬਿਊਰੋ ਵਾਲਿਆਂ ਦੀ ਪਛਾਣ ਹੋਵੇ। ਕਾਨੂੰਨੀ ਕਾਰਵਾਈ ਵਿਚ ਰਾਜਨੀਤਿਕ ਦਖਲ ਅੰਦਾਜ਼ੀ ਬੰਦ ਹੋਵੇ। ਦੋਸ਼ੀ ਲੋਕਾਂ ਨੂੰ ਸਜ਼ਾ ਮਿਲੇ। ਅਸੀਂ ਲੋਕਾਂ ਵੀ ਆਪਣੀ ਅੰਤਰ ਆਤਮਾ ਨੂੰ ਝਾਤੀ ਮਾਰੀਏ। ਮੈਂ ਤਾਂ ਇਹੋ ਅਪੀਲ ਕਰਾਂਗਾ ਕਿ ਆਓ ਪੰਜਾਬੀਓ. ਕੁਝ ਸੋਚੀਏ ਤੇ ਅੰਨ੍ਹੇ ਖੂਹ ਵਿਚ ਛਾਲਾਂ ਨਾ ਮੇਰੀਏ।

Send this to a friend