ਸੀ. ਮਾਰਕੰਡਾ
ਸੰਪਰਕ : 094172-72161
19 ਫਰਵਰੀ ਦੀ ਸਵੇਰ ਨੂੰ ਜੀ ਆਇਆਂ ਆਖਦਿਆਂ ਲੀਲਾ ਨੇ ਕਿਹਾ ਅੱਗੇ ਤਾਂ ਘਰ ਵਿੱਚ ਅਖਬਾਰ ਡਿੱਗਣ ਦਾ ਖੜਕਾ ਹੋਣ ਸਾਰ ਉਠ ਖੜਦੇ ਸੀ, ਹੁਣ ਉਠਣ ਦਾ ਨਾਂ ਈ ਨੀ ਲੈਂਦੇ, ਘੇਸਲ ਵੱਟੀ ਪਏ ਓਂ।
ਮੈਨੂੰ ਸੱਚਮੁੱਚ ਅਖਬਾਰ ਦੀ ਹੀ ਤਲਬ ਸੀ। ਚਾਹ ਦਾ ਵੀ ਇੰਤਜ਼ਾਮ ਨਹੀਂ ਸੀ। ਲੀਲਾ ਨੇ ਉਠਣ ਸਾਰ ਗੀਜ਼ਰ ਦਾ ਬਟਨ ਦਬਾ ਦਿੱਤਾ। ਉਹ ਨਹਾਉਣ ਧੋਣ ਦੀ ਤਿਆਰੀ ਕਰਨ ਲੱਗੀ।
ਲੱਗਿਆ ਜਿਵੇਂ ਸੱਤ ਹੋਰਾਂ ਦਾ ਦਰਵਾਜ਼ਾ ਤਾਂ ਕਦੋਂ ਦਾ ਖੁੱਲਾ ਪਿਆ ਹੋਵੇ ਪਰ ਉਨ੍ਹਾਂ ਦਾ ਗੀਜ਼ਰ ਪਾਣੀ ਗਰਮ ਨਹੀਂ ਸੀ ਕਰ ਰਿਹਾ। ਸੱਤ ਸਾਡੇ ਕਮਰੇ ਵਿੱਚੋਂ ਗਰਮ ਪਾਣੀ ਦੀ ਬਾਲਟੀ ਭਰ ਕੇ ਲੈ ਗਿਆ। ਦੋ ਜਣੇ ਸਾਡੇ ਕਮਰੇ ਦੇ ਗੁਸਲਖਾਨੇ ਵਿੱਚ ਹੀ ਨਹੀਂ ਲਏ। ਮੈਂ ਸਭ ਤੋਂ ਮਗਰੋਂ ਨਹਾਤਾ ਦੇ ਤਿਆਰ ਹੋਇਆ। ਫੋਗਲਾ ਆਸ਼ਰਮ ਵਿੱਚ ਬਣੇ ਮੰਦਰਾਂ ਵਿੱਚ ਲੀਲਾ ਹੋਰੀਂ ਜਾ ਕੇ ਮੱਥਾ ਵੀ ਟੇਕ ਆਈਆਂ ਸਨ। ਲੀਲਾ ਦੇ ਆਉਣ ਤੇ ਹੀ ਮੰਗੇ ਪੱਗ ਦੀ ਪੂਣੀ ਹੋਈ ਸੀ। ਕੁਦਰਤੀ ਬਾਵਾ ਡਰਾਈਵਰ ਵੀ ਆ ਗਿਆ। ਉਹ ਵੀ ਪਗੜੀ ਧਾਰੀ ਹੋਣ ਕਰਕੇ ਪੂਣੀ ਕਰਵਾਉਣੀ ਜਾਣਦਾ ਸੀ। ਉਸ ਤੋਂ ਪੱਗ ਦੀ ਪੂਣੀ ਕਰਵਾਈ। ਘੋਟ ਕੇ ਪੱਗ ਬੰਨ੍ਹੀ, ਖੁਸ਼ਬੂਦਾਰ ਤੇਲ ਤੇ ਕਰੀਮ ਲਾ ਕੇ ਤਿਆਰ ਹੋ ਕੇ ਬੈਠਣ ਹੀ ਲੱਗਿਆ ਸੀ ਕਿ ਦਰਸ਼ਨ ਅਤੇ ਸੱਤ ਮੌੜ ਹੋਰੀਂ ਆ ਗਏ। ਉਨ੍ਹਾਂ ਮੰਦਰ ਜਾਣ ਲਈ ਆਖਿਆ। ਮੈਂ ਵੀ ਕਮਰੇ ਦਾ ਜੰਦਰਾ ਮਾਰ ਕੇ ਉਨ੍ਹਾਂ ਦੇ ਮਗਰ ਮਗਰ ਹੋ ਤੁਰਿਆ।
ਜਿਥੇ ਰਾਤ ਵੇਲੇ ਕਥਾ ਹੋਈ ਸੀ ਉਸਦੇ ਸਾਹਮਣੇ ਹੀ ਇਕ ਮੰਦਰ ਬਣਿਆ ਹੋਇਆ ਹੈ। ਇਸ ਅੱਗੇ ਬਾਂਦਰਾਂ ਦਾ ਜਮਘਟਾ ਸੀ। 20-25 ਬਾਂਦਰ ਬਾਂਦਰੀਆਂ ਤੇ ਉਨ੍ਹਾਂ ਦੇ ਬੱਚੇ ਇਧਰ ਉਧਰ ਘੁੰਮਦੇ ਤੇ ਕਈ ਦਰਖਤਾਂ ਤੇ ਟਪੂਸੀਆਂ ਮਾਰ ਰਹੇ ਸਨ। 25-30 ਮਰਦ ਔਰਤਾਂ ਜੋ ਬਾਹਰਲੇ ਸੂਬਿਆਂ ਵਿੱਚੋਂ ਇਥੇ ਪਹੁੰਚੇ ਹੋਏ ਸਨ ਬਾਂਦਰਾਂ ਲਈ ਛੋਲਿਆਂ ਦੇ ਦਾਣੇ, ਕੇਲੇ, ਬਰੈਡ ਪੀਸ, ਫਲ ਉਨ੍ਹਾਂ ਅੱਗੇ ਸੁੱਟ ਰਹੇ ਸਨ। ਬਾਨਰ ਸੈਨਾਂ ਨੂੰ ਭੋਜਨ ਕਵਰਾ ਕੇ ਜਿਵੇਂ ਪੁੰਨ ਦੇ ਭਾਗੀ ਹੋਣ ਦਾ ਭਰਮ ਪਾਲ ਰਹੇ ਹੋਣ। ਕਈ ਯਾਤਰੀ ਇਧਰ ਉਧਰ ਘੁੰਮਦੇ ਹੋਏ ਦਾਤਣਾਂ ਅਤੇ ਬੁਰਸ਼ ਕਰਦੇ ਨਜ਼ਰ ਆ ਰਹੇ ਸਨ ਪਰ ਬਹੁਤੇ ਯਾਤਰੀ ਇਥੋਂ ਦੇ ਮੰਦਰਾਂ ਵਿੱਚ ਮੱਥਾ ਟੇਕ ਕੇ ਆ ਰਹੇ ਸਨ।
ਮੰਦਰਾਂ ਵਿੱਚ ਪੂਜਾ ਅਰਚਨਾ ਲਈ ਸੱਤ ਪਾਲ ਮੌੜ ਸਾਡੀ ਅਗਵਾਈ ਕਰ ਰਿਹਾ ਸੀ। ਮੰਦਰ ਦੇ ਬਾਹਰ ਜੁੱਤੇ ਉਤਾਰ ਕੇ ਮੈਂ ਤੇ ਦਰਸ਼ਨ, ਸੱਤ ਦੇ ਮਗਰ ਮਗਰ ਹੋ ਤੁਰੇ। ਮੰਦਰ ਵਿਚ ਡੇਢ ਸੋ ਔਰਤਾਂ ਜਿਨ੍ਹਾਂ ਬਾਈਆਂ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ, ਕਤਾਰਾਂ ਵਿੱਚ ਬੈਠੀਆਂ ਜੈ ਰਾਧੇ ਜੈ ਰਾਧੇ ਦੇ ਭਜਨ ਗਾ ਰਹੀਆਂ ਸਨ। ਇਹ ਹਰ ਰੋਜ਼ ਮੰਦਰ ਦੇ ਹਾਲ ਵਿੱਚ ਤੜਕੇ ਤੋਂ ਹੀ ਬੈਠੀਆਂ ਭਜਨ ਬੰਦਗੀ ਕਰ ਰਹੀਆਂ ਹੁੰਦੀਆਂ ਹਨ।
ਇਨ੍ਹਾਂ ਬਾਈਆਂ ਕਾਰਨ ਹੀ ਵ੍ਰਿੰਦਾਵਨ ਵਿਧਵਾ ਔਰਤਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਇਥੇ ਵੱਡੀ ਸੰਖਿਆ ਵਿੱਚ ਵਿਧਵਾ ਔਰਤਾਂ ਦਾ ਨਿਵਾਸ ਹੈ। ਉਹ ਇਸ ਨਗਰ ਵਿੱਚ ਆਮ ਹੀ ਘੁੰਮਦੀਆਂ ਫਿਰਦੀਆਂ ਦੇਖੀਆਂ ਜਾ ਸਕਦੀਆਂ ਹਨ।
ਹਿੰਦੂ ਰਿਵਾਜ ਅਨੁਸਾਰ ਉਚੀ ਕੁੱਲ ਦੀਆਂ ਵਿਧਵਾਵਾਂ ਦੋਬਾਰਾ ਵਿਆਹ ਨਹੀਂ ਕਰਵਾਉਂਦੀਆਂ। ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਵ੍ਰਿੰਦਾਵਨ ਵਿਖੇ ਆ ਠਹਿਰਦੀਆਂ ਹਨ। ਇਕ ਸਰਸਰੀ ਅੰਦਾਜ਼ੇ ਮੁਤਾਬਕ ਇਥੇ 15 ਹਜ਼ਾਰ ਤੋਂ ਲੈ ਕੇ 20 ਹਜ਼ਾਰ ਤੱਕ ਵਿਧਵਾ ਔਰਤਾਂ ਦਾ ਵਸੇਬਾ ਹੈ। ਬਹੁਤ ਸਾਰੀਆਂ ਪਿਛਲੇ 30 ਵਰ੍ਹਿਆਂ ਤੋਂ ਇਥੇ ਰਹਿ ਕੇ ਭਜਨ ਬੰਦਗੀ ਵਿਚ ਲੀਨ ਰਹਿੰਦੀਆਂ ਹਨ। ਇਹ ਔਰਤਾਂ ਤਰਸ ਦੀਆਂ ਪਾਤਰ ਹਨ ਜੋ ਸਵੇਰੇ 7-8 ਘੰਟੇ ਆਸ਼ਰਮਾਂ ਵਿੱਚ ਭਜਨ ਗਾਉਂਦੀਆਂ ਹਨ। ਇਨ੍ਹਾਂ ਸਬੰਧੀ ਦੱਸਿਆ ਗਿਆ ਕਿ ਬਦਲੇ ਵਿਚ ਇਨ੍ਹਾਂ ਨੂੰ ਇਕ ਇਕ ਕਟੋਰਾ ਚਾਵਲਾਂ ਦਾ ਅਤੇ 10-10 ਰੁਪਏ ਮਾਮਲੂ ਰਾਸ਼ੀ ਦਿੱਤੀ ਜਾਂਦੀ ਹੈ। ਇਨ੍ਹਾਂ ਵਿਧਵਾਵਾਂ ਦੇ ਜੀਵਨ ਸੁਧਾਰ ਲਈ ਇਥੇ ਇਕ ਸੰਸਥਾ ਗਿਲਡ ਆਫ ਸਰਵਿਸ ਹੋਂਦ ਵਿਚ ਆ ਚੁੱਕੀ ਹੈ, ਜਿਸ ਨੇ ਇਨ੍ਹਾਂ ਵਿਧਵਾਵਾਂ ਅਤੇ ਅਨਾਥ ਬੱਚਿਆਂ ਦੇ ਮੁੜ ਵਸੇਬੇ ਲਈ ਕਈ ਉਪਰਾਲੇ ਕੀਤੇ ਹਨ। ਇਸ ਸਮਾਜ ਸੇਵੀ ਸੰਸਥਾ ਨੇ ਸੰਨ 2000 ਵਿੱਚ ਅਮਰ ਬਾੜੀ (ਮੇਰਾ ਘਰ) ਨਾਂ ਦਾ ਆਸ਼ਰਮ ਬਣਾਇਆ, ਜਿਥੇ ਉਨ੍ਹਾਂ ਦੇ ਠਹਿਰਣ ਤੇ ਚੰਗਾ ਜੀਵਨ ਬਤੀਤ ਕਰਨ ਦੇ ਪੁਖਤਾ ਇੰਤਾਜ਼ਮ ਕੀਤੇ ਗਏ ਹਨ।
ਸਾਨੂੰ ਦੱਸਿਆ ਗਿਆ ਕਿ ਇਹ ਵਿਧਵਾ ਅਤੇ ਗਰੀਬ ਔਰਤਾਂ ਹਨ ਜਿਨ੍ਹਾਂ ਨੂੰ ਕੋਈ ਨਹੀਂ ਝਲਦਾ। ਇਹ ਵਿਚਾਰੀਆਂ ਇਥੋਂ ਦੇ ਮੰਦਰਾਂ ਵਿੱਚ ਜਾ ਕੇ ਤਿੰਨ ਤਿੰਨ, ਚਾਰ ਚਾਰ ਘੰਟੇ ਭਜਨ ਗਾਉਂਦੀਆਂ ਹਨ। ਜੋ ਵੀ ਸ਼ਰਧਾਲੂ ਆਉਂਦੇ ਹਨ ਉਨ੍ਹਾਂ ਨੂੰ ਦਾਨ ਪੁੰਨ ਕਰਦੇ ਅਤੇ ਕੱਪੜੇ ਲੀੜੇ ਦੇ ਜਾਂਦੇ ਹਨ ਜੋ ਉਨ੍ਹਾਂ ਵਿੱਚ ਬਰਾਬਰ ਬਰਾਬਰ ਵੰਡ ਦਿੱਤੇ ਜਾਂਦੇ ਹਨ। ਦਿਨ ਭਰ ਦੀ ਡੰਗ ਦੀ ਰੋਟੀ ਤੇ ਥੋੜੇ ਬਹੁਤੇ ਪੈਸੇ ਮੰਦਰਾਂ ਦੇ ਪੁਜਾਰੀਆਂ ਵੱਲੋਂ ਵੀ ਮਿਲਦੇ ਹਨ। ਏਸੇ ਨੂੰ ਹੀ ਇਸ ਰੱਬ ਦੀ ਰਹਿਮਤ ਸਮਝਦੀਆਂ ਹਨ। ਇਹ ਬਾਈਆਂ ਰੋਜ਼ਾਨਾ ਦੋ ਤਿਨੰ ਮੰਦਰਾਂ ਵਿਚ ਬਜਨ ਬੰਦਗੀ ਕਰਕੇ ਆਪਣਾ ਪੇਟ ਪਾਲਦੀਆਂ ਹਨ।
ਯੂ.ਪੀ. ਦੇ ਵਿੰ੍ਰਦਾਵਨ ਖਿੱਤੇ ਵਿੱਚ ਵਿਧਵਾ ਅਤੇ ਬੇਸਹਾਰਾ ਔਰਤਾਂ ਦੀ ਅੰਦਰੂਨੀ ਅਤੇ ਬਾਹਰੀ ਹਾਲਤ ਬੜੀ ਕਰੁਣਾਮਈ ਅਤੇ ਤਰਸਯੋਗ ਹੈ। ਉਨ੍ਹਾਂ ਦੀ ਸਾਂਭ ਸੰਭਾਲ ਅਤੇ ਉਦਰਪੂਰਤੀ ਐਨ.ਜੀ.ਓ. ਵਰਗੇ ਸਮਾਜ ਭਲਾਈ ਘਰਾਂ ਵੱਲੋਂ ਕੀਤੀ ਜਾਂਦੀ ਹੈ। ਇਹ ਵੀ ਪਤਾ ਲੱਗਿਆ ਕਿ ਕਈ ਐਨ.ਜੀ.ਓ. ਨੇ ਆਪਣੇ ਭਲਾਈ ਘਰਾਂ ਨੂੰ ਵਪਾਰਕ ਘਰ ਬਣਾ ਰੱਖਿਆ ਹੈ। ਉਹ ਸਰਕਾਰ ਤੋਂ ਉਨ੍ਹਾਂ ਵਿਧਵਾਵਾਂ ਦੀ ਭਲਾਈ ਲਈ ਸਰਕਾਰੀ ਗਰਾਂਟਾਂ ਲੈ ਕੇ ਹੜੱਪ ਜਾਂਦੇ ਹਨ ਅਤੇ ਇਨ੍ਹਾਂ ਮਜ਼ਬੂਰ ਔਰਤਾਂ ਨਾਲ ਘਟੀਆ ਅਤੇ ਇਖਲਾਕਹੀਣ ਵਰਤਾਓ ਕੀਤਾ ਜਾਂਦਾ ਹੈ। ਉਨ੍ਹਾਂ ਲਾਚਾਰ ਵਿਧਵਾਵਾਂ ਦੀ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੁੰਦੀ।
ਅਜਿਹੇ ਗੈਰ ਸਰਕਾਰੀ ਸੰਗਠਨਾਂ ਦੇ ਪ੍ਰਬੰਧਕ ਜੋ ਭਲਾਈ ਘਰ ਚਲਾਉਂਦੇ ਹਨ ਉਹ ਵਿਧਵਾਵਾਂ ਦੇ ਇਕੋ ਗਰੁੱਪ ਨੂੰ ਅਲੱਗ ਅਲੱਗ ਭਲਾਈ ਘਰਾਂ ਵਿੱਚ ਠਹਿਰਿਆ ਵਿਖਾ ਕੇ ਵੱਡੇ ਪੱਧਰ ਤੇ ਸਰਕਾਰੀ ਫੰਡ ਵਟੋਰਦੇ ਰਹਿੰਦੇ ਹਨ। ਸਰਦੇ ਪੁਜਦੇ ਘਰਾਂ ਵਲੋਂ ਤਿਆਗੀਆਂ, ਅਜਿਹੇ ਨਾਮਨਿਹਾਦ ਭਲਾਈ ਘਰਾਂ ਵਿੱਚ ਰਹਿ ਰਹੀਆਂ ਵਿਧਵਾਵਾਂ ਲਈ ਆਉਂਦੇ ਫੰਡ ਉਨ੍ਹਾਂ ਤੱਕ ਨਹੀਂ ਪਹੁੰਚਦੇ। ਜੇ ਗਾਹੇ ਬਗਾਹੇ ਇਸ ਤਰ੍ਹਾਂ ਦੀ ਰਾਸ਼ੀ ਉਨ੍ਹਾਂ ਨੂੰ ਨਸੀਬ ਵੀ ਹੋ ਜਾਵੇ ਤਾਂ ਉਨ੍ਹਾਂ ਦੀ ਦੇਖ ਭਾਲ ਦਾ ਵੱਡਾ ਹਿੱਸਾ ਉਹ ਖੁਦ ਵਟੋਰ ਲੈਂਦੇ ਹਨ। ਇਨ੍ਹਾਂ ਭਲਾਈ ਘਰਾਂ ਵੱਲੋਂ ਵਿਚਾਰੀਆਂ ਅਬਲਾ ਇਸਤਰੀਆਂ ਦਾ ਸੋਸ਼ਣ ਹੋ ਰਿਹਾ ਹੈ। ਤਕਰੀਬਨ ਪਿਛਲੇ 500 ਸਾਲਾਂ ਤੋਂ ਵੱਡੀ ਗਿਣਤੀ ਵਿੰਚ ਬੰਗਾਲ ਦੀਆਂ ਵਿਧਵਾ ਔਰਤਾਂ ਦੀ ਰਾਖੀ ਵਿੰ੍ਰਦਾਵਨ ਵਿਚ ਬਣੇ ਮੰਦਰ ਕਰਦੇ ਆ ਰਹੇ ਹਨ। ਭੁਖਮਰੀ, ਮੰਦਹਾਲੀ ਅਤੇ ਬਦਨਸੀਬੀ ਨੂੰ ਝੇਲਦੀਆਂ ਹੋਈਆਂ ਉਨ੍ਹਾਂ ਵਿਧਵਾਵਾਂ ਦੀ ਉਮਰ ਬੀਤ ਜਾਂਦੀ ਹੈ। ਉਨ੍ਹਾਂ ਵਿਧਵਾ ਔਰਤਾਂ ਵੱਲੋਂ ਇਸ ਘਿਨਾਉਣੇ ਜੀਵਨ ਤੋਂ ਛੁਟਕਾਰਾ ਪਾਉਣ ਉਪਰੰਤ ਵੀ ਉਨ੍ਹਾਂ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ। ਕਈ ਆਸ਼ਰਮਾਂ ਦੇ ਸੰਚਾਲਕ ਤਾਂ ਮੌਤ ਮਗਰੋਂ ਮਰੀਆਂ ਵਿਧਵਾਵਾਂ ਦੇ ਮ੍ਰਿਤਕ ਸਰੀਰਾਂ ਨੂੰ ਬੋਰੇ ਵਿੱਚ ਬੰਦ ਕਰਕੇ ਜਮਨਾ ਨਦੀ ਦੀਆਂ ਤੇਜ਼ ਧਾਰਾਂ ਨਾਲ ਹੀ ਵਹਾ ਦਿੰਦੇ ਹਨ।
ਵਿਧਵਾਵਾਂ ਦਾ ਇਹ ਮਾਮਲਾ ਇਕ ਜਨਹਿਤ ਪਟੀਸ਼ਨ ਰਾਹੀਂ ਸੁਪਰੀਮ ਕੋਰਟ ਵਿਚ ਵੀ ਲਿਜਾਂਦਾ ਗਿਆ। ਇਨ੍ਹਾਂ ਵਿਧਵਾਵਾਂ ਦੀ ਦਿਲ ਕੰਬਾਊ ਤੇ ਤ੍ਰਾਸਦਿਕ ਹਾਲਾਤ ਦੇ ਮੱਦੇਨਜ਼ਰ ਮਾਣਯੋਗ ਜੱਜ ਦਾ ਬੈਂਚ ਹੈਰਾਨ ਹੋਇਆ ਤੇ ਉਨ੍ਹਾਂ ਉਤਰ ਪ੍ਰਦੇਸ਼ ਦੀ ਸਰਕਾਰ ਅਤੇ ਮਥੁਰਾ ਦੇ ਪ੍ਰਸਾਸ਼ਨ ਨੂੰ ਝਾੜਾਂ ਪਾਈਆਂ ਅਤੇ ਵਿਧਵਾਵਾਂ ਦੀ ਹਾਲਤ ਸੁਧਾਰਣ ਲਈ ਯੋਗ ਕਦਮ ਉਠਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਇਕ ਸਰਵੇ ਅਨੁਸਾਰ ਬੰਗਾਲ ਦੀਆਂ ਵਿਧਵਾਵਾਂ ਹੀ ਵੱਡੀ ਗਿਣਥੀ ਵਿੱਚ ਇਥੇ ਆਉਂਦੀਆਂ ਹਨ। ਇਸ ਦਾ ਮੁੱਖ ਕਾਰਨ ਮੱਧ ਕਾਲੀਨ ਬੰਗਲਾ ਦੇ ਕ੍ਰਿਸ਼ਨ ਭਗਤ ਕਵੀ ਚੈਤੰਨਿਆ ਮਹਾਂਪ੍ਰਭੂ 1515 ਈਸਵੀ ਵਿੱਚ ਵ੍ਰਿੰਦਾਵਨ ਆਏ ਸਨ ਅਤੇ ਉਨ੍ਹਾਂ ਆਪਣਾ ਬਾਕੀ ਬਚਦਾ ਜੀਵਨ ਵੀ ਇਥੇ ਕ੍ਰਿਸ਼ਨ ਭਗਤੀ ਵਿੱਚ ਗੁਜਾਰਿਆ। ਇਹ ਉਹ ਸਮਾਂ ਸੀ ਜਦੋਂ ਬੰਗਾਲ ਵਿੱਚ ਬਾਲ ਵਿਆਹ ਦੀ ਪ੍ਰਥਾ ਨੇ ਜੋਰ ਫੜਿਆ ਹੋਇਆ ਸੀ, ਅਜਿਹਾ ਹੋਣ ਕਰਕੇ ਇਥੋਂ ਦੀਆਂ ਵਧੇਰੇ ਔਰਤਾਂ ਬਾਲ ਵਿਧਵਾ ਹੋ ਜਾਂਦੀਆਂ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਪਰਿਵਾਰਕ ਤਸੀਹੇ ਦਿੱਤੇ ਜਾਂਦੇ ਅਤੇ ਸਮਾਜਿਕ ਦੁਰਵਿਵਹਾਰ ਵੀ ਸਹਿਣਾ ਪੈਂਦਾ।
ਇਨ੍ਹਾਂ ਦੀ ਭਲਾਈ ਅਤੇ ਦਿਨ ਕਟੀ ਲਈ ਸਮਾਜਿਕ ਅਤੇ ਪਰਿਵਾਰਕ ਤੌਰ ਤੇ ਤ੍ਰਿਸਕਾਰੀਆਂ ਇਨ੍ਹਾਂ ਵਿਧਵਾਵਾਂ ਨੂੰ ਖੁੱਲ ਦਿੱਤੀ ਗਈ ਕਿ ਉਹ ਵਿੰ੍ਰਦਾਵਨ ਜਾਂ ਕਾਸ਼ੀ ਜੀ ਵਿਖੇ ਜਾ ਕੇ ਆਸ਼ਰਮਾਂ ਵਿੱਚ ਰਹਿਣ। ਇਸਦੇ ਉਲਟ ਅਸਰ ਇਹ ਹੋਇਆ ਕਿ ਬੰਗਾਲ ਦੀਆਂ ਵਿਧਵਾਵਾਂ ਤੇ ਘਰੇਲੂ ਹਿੰਸਾ ਵਧੀ, ਲੜਾਈ ਝਗੜਾ ਅਤੇ ਕਲੇਸ਼ ਤੋਂ ਤੰਗ ਆ ਕੇ ਪੀੜਤ ਔਰਤਾਂ ਵਿੰ੍ਰਦਾਵਨ ਦੇ ਆਸ਼ਰਮਾਂ ਵਿੱਚ ਆ ਕੇ ਠਹਿਰਣ ਲੱਗੀਆਂ ਤੇ ਕਈ ਪਰਿਵਾਰ ਵਿਧਵਾਵਾਂ ਨੂੰ ਆਪਣੇ ਆਪ ਹੀ ਇਥੇ ਛੱਡ ਜਾਂਦੇ।
ਸਰਕਾਰੀ ਅੰਕੜਿਆਂ ਅਨੁਸਾਰ ਵ੍ਰਿੰਦਾਵਨ ਵਿਚ ਤਕਰੀਬਨ 3351 ਵਿਧਵਾ ਔਰਤਾਂ ਹਨ ਜੋ ਨਿੱਜੀ ਆਸ਼ਰਮਾ ਅਤੇ ਸਰਕਾਰੀ ਭਲਾਈ ਘਰਾਂ ਵਿੱਚ ਰਹਿੰਦੀਆਂ ਹਨ। ਅੱਜਕੱਲ੍ਹ ਇਨ੍ਹਾਂ ਨੂੰ 15 ਰੁਪਏ ਅਤੇ ਇਕ ਡੰਗ ਦੀ ਰੋਟੀ ਖਾਣ ਨੂੰ ਮਿਲਦੀ ਹੈ। ਸਰਕਾਰੀ ਭਲਾਈ ਘਰਾਂ ਵਿਚ ਰਹਿੰਦੀਆਂ ਵਿਧਵਾਵਾਂ ਨੂੰ ਇਸ ਤੋਂ ਇਲਾਵਾ ਸ਼ਾਮ ਦੇ ਖਾਣੇ ਦਾ ਪੰਜ ਸੌ ਰੁਪਏ ਮਹੀਨਾ ਅਤੇ ਸਰਕਾਰ ਵੱਲੋਂ ਹਰ ਛੇ ਮਹੀਨਿਆਂ ਉਪਰੰਤ 1800 ਰੁਪਏ ਪੈਨਸ਼ਨ ਮਿਲਦੀ ਹੈ।
ਨਿੱਜੀ ਆਸ਼ਰਮਾਂ ਵਾਲਿਆਂ ਦੀ ਚਾਂਦੀ ਹੈ। ਉਹ ਵਿਧਵਾਵਾਂ ਦੀ ਦੇਖ ਭਾਲ ਲਈ ਮਿਲਦੀ ਸਰਕਾਰੀ ਰਾਸ਼ੀ ਦਾ ਮਨਮਰਜੀ ਨਾਲ ਉਪਯੋਗ ਨਹੀਂ ਸਗੋਂ ਦੁਰਉਪਯੋਗ ਕਰਦੇ ਹਨ। ਵਿਧਵਾਵਾਂ ਦੀ ਭਲਾ ਸਰਗਰਮ ਸੁਲੱਭ ਇੰਟਰਨੈਸ਼ਨਲ ਦੇ ਸੰਚਾਲਕ ਨੂੰ ਸਿਰਫ 1780 ਵਿਧਵਾ ਔਰਤਾਂ ਦੀ ਸੂਚੀ ਮਿਲੀ ਹੈ ਜਿਨ੍ਹਾਂ ਨੂੰ ਆਸ਼ਰਮਾਂ ਵਿੱਚ ਇਕ ਡੰਗ ਦਾ ਭੋਜਨ ਅਤੇ 300 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ। ਕਈ ਆਸ਼ਰਮਾਂ ਵਿੱਚ ਇਕ ਡੰਗ ਦਾ ਭੋਜਨ ਅਤੇ 4 ਰੁਪਏ ਰੋਜ਼ਾਨਾ ਮਿਲਦੇ ਹਨ। ਇਸ ਮਹਿੰਗਾਈ ਦੇ ਯੁੱਗ ਵਿੱਚ ਅਜਿਹੀਆਂ ਬਦਨਸੀਬ ਔਰਤਾਂ ਤੇ ਕੀ ਗੁਜ਼ਰਦੀ ਹੋਵੇਗੀ?