June 19, 2026 9:11 am

ਕਸ਼ਮੀਰ ’ਚ ਸ਼੍ਰੋਮਣੀ ਕਮੇਟੀ ਵੱਲੋਂ ਅਣਥੱਕ ਰਾਹਤ ਸੇਵਾ ਜਾਰੀ

Page3_39 ਸ੍ਰੀਨਗਰ, 13 ਸਤੰਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਦੀ ਕੁਦਰਤੀ ਆਫਤ ਦੇ ਪੀੜਤ ਲੋਕਾਂ ਦੀ ਸਹਾਇਤਾ ਲਈ ਭੇਜੀ ਗਈ ਟੀਮ ਦਿਨ ਰਾਤ ਸਖਤ ਮਿਹਨਤ ਕਰਕੇ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ। ਲੋੜਵੰਦ ਲੋਕਾਂ ਨੂੰ ਪਾਣੀ, ਰਾਸ਼ਨ, ਚੱਪਲਾਂ, ਕੱਪੜੇ, ਦਵਾਈਆਂ ਅਤੇ ਹੋਰ ਲੋੜੀਂਦੇ ਸਾਮਾਨ ਰਾਹੀਂ ਮਦਦ ਕੀਤੀ ਜਾ ਰਹੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਦੀ ਟੀਮ ਦੇ ਆਗੂ ਸ. ਕੇਵਲ ਸਿੰਘ ਬਾਦਲ ਸੀਨੀਅਰ ਮੀਤ ਪ੍ਰਧਾਨ, ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਅਤੇ ਸਕੱਤਰ ਸ. ਦਲਜੀਤ ਸਿੰਘ ਬੇਦੀ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਹਾਲੇ ਵੀ ਸ਼ਹਿਰ ਅੰਦਰ ਕਈਂ ਥਾਵਾਂ ’ਤੇ 10-10 ਫੁੱਟ ਪਾਣੀ ਭਰਿਆ ਹੋਇਆ ਹੈ। ਮੁਢਲੀਆਂ ਲੋੜਾਂ ਨੂੰ ਪੂਰੀਆਂ ਕਰਨ ਤੋਂ ਬਾਅਦ ਹੁਣ ਇਸ ਗੱਲ ਦੀ

ਭਰਪੂਰ ਚਿੰਤਾ ਹੈ ਕਿ ਖੜ੍ਹੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਨਾ ਫੈਲਣ ਜਿਸ ਦੇ ਟਾਕਰੇ ਲਈ ਵੱਡੀ ਪੱਧਰ ’ਤੇ ਮੈਡੀਕਲ ਕੈਂਪ ਲਾਉਣ ਦੀ ਸਖਤ ਜ਼ਰੂਰਤ ਪਵੇਗੀ ਜਿਸ ਸਬੰਧੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਤਿਆਰ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ ਪੰਜੋਲੀ ਜੰਮੂ ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਟੈਲੀਫੋਨ ਉੱਤੇ ਗੱਲਬਾਤ ਕਰ ਕੇ ਪੁੱਛਿਆ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਫਸਿਆ ਹੈ ਉਸ ਸਬੰਧੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਸ਼੍ਰੋਮਣੀ ਕਮੇਟੀ ਉਸ ਦੀ ਮਦਦ ਕਰ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਰਿਪੋਰਟ ਤੋਂ ਬਾਅਦ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੁਢਲੀ ਸਹਾਇਤਾ ਤਾਂ ਹੋ ਰਹੀ ਹੈ ਪ੍ਰੰਤੂ ਅਜੇ ਠੰਡ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਲਈ ਕੇਂਦਰ ਅਤੇ ਰਾਜ ਸਰਕਾਰ, ਉਨ੍ਹਾਂ ਸਾਰੇ ਲੋਕਾਂ ਨੂੰ ਫੈਬਰਿਕ ਘਰ ਬਣਾ ਕੇ ਦਿੱਤੇ ਜਾਣ ਤਾਂ ਕਿ ਇਹ ਲੋਕ ਠੰਡ ਤੋਂ ਬਚ ਸਕਣ। ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਇਹ ਵੱਡੀ ਆਫਤ ਹੈ ਜਿਸ ਨਾਲ ਨਿਪਟਣ ਲਈ ਪੂਰੇ ਦੇਸ਼ ਨੂੰ ਇੱਕਜੁੱਟ ਹੋ ਕੇ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਉਮਰ ਅਬਦੁੱਲਾ ਅਤੇ ਫੌਜ ਦੀ ਭਰਪੂਰ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਇਸ ਮੁਸੀਬਤ ਸਮੇਂ ਸਖਤ ਮਿਹਨਤ ਕੀਤੀ ਹੈ।
ਅੱਜ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਸ੍ਰੀਨਗਰ ’ਚ ਫਸੇ ਕੁੱਝ ਲੋਕਾਂ ਨੂੰ ਆਪਣੇ ਖਰਚੇ ਉਤੇ ਜਹਾਜ਼ ਰਾਹੀਂ ਜੰਮੂ ਭੇਜਿਆ ਗਿਆ ਅਤੇ ਅਜਿਹੇ ਯਤਨ ਲਗਾਤਾਰ ਜਾਰੀ ਹਨ। ਸ. ਬੇਦੀ ਨੇ ਦੱਸਿਆ ਕਿ  ਸਾਡੇ ਧਿਆਨ ਵਿੱਚ ਆਇਆ ਹੈ ਕਿ ਹੁਣ ਤੱਕ 4 ਸਿੱਖ ਇਸ ਕੁਦਰਤੀ ਆਫਤ ਵਿੱਚ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ 4 ਕੈਂਸਰ ਮਰੀਜ਼ਾਂ ਅਤੇ ਬੀਬੀ ਕਮਲਜੀਤ ਕੌਰ ਜਿਨ੍ਹਾਂ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਦੇ ਪਤੀ ਸ. ਰਵਿੰਦਰ ਸਿੰਘ ਨੂੰ ਅੰਮ੍ਰਿਤਸਰ ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਗਿਆ ਹੈ।

Send this to a friend