ਜੰਮੂ, 13 ਸਤੰਬਰ (ਪੀ. ਟੀ.)- ਜੰਮੂ-ਕਸ਼ਮੀਰ ‘ਚ ਕਈ ਸਥਾਨਾਂ ’ਤੇ ਜ਼ਮੀਨ ਖਿਸਕਣ ਅਤੇ ਸੜਕਾਂ ਦੇ ਧਸਣ ਕਾਰਨ ਅੱਜ ਲਗਾਤਾਰ 10ਵੇਂ ਦਿਨ ਵੀ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ’ਤੇ ਆਵਾਜਾਈ ਬੰਦ ਹੈ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ‘ਤੇ ਸੈਂਕੜੇ ਵਾਹਨ ਫਸੇ ਹੋਏ ਹਨ। ਚਾਰ ਸਤੰਬਰ ਨੂੰ ਕਈ ਖੇਤਰਾਂ ‘ਚ ਹੜ੍ਹ ਆ ਜਾਣ ਕਾਰਨ ਜ਼ਮੀਨ ਖਿਸਕਣ ਅਤੇ ਸੜਕਾਂ ਦੇ ਰੁੜ੍ਹ ਜਾਣ ਨਾਲ 300 ਕਿੱਲੋਮੀਟਰ ਲੰਬੇ ਇਸ ਬੇਹੱਦ ਅਹਿਮ ਮਾਰਗ ‘ਤੇ ਆਵਾਜਾਈ ਬੰਦ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਸਥਾਨਾਂ ਬਨਿਹਾਲ, ਰਾਮਬਨ, ਬਟੋਟੇ, ਕੁਦ, ਪਟਨੀਟਾਪ, ਚੇਨਾਨੀ, ਉਧਮਪੁਰ ਅਤੇ ਜੰਮੂ ’ਚ ਰਾਜ ਮਾਰਗ ’ਤੇ ਸੈਂਕੜਿਆਂ ’ਚ ਯਾਤਰੀ ਅਤੇ ਵਾਹਨ ਫਸੇ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਸੀਮਾ ਸੜਕ ਸੰਗਠਨ ਨੇ ਰਾਜ ਮਾਰਗ ਨੂੰ ਠੀਕ ਕਰਨ ਦੇ ਕੰਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਅਭਿਆਨ ਤੇਜ਼ ਕਰ ਦਿੱਤਾ ਹੈ।