ਸ਼ਾਹਕੋਟ, 24 ਜੁਲਾਈ (ਸੁਰਿੰਦਰ ਸਿੰਘ ਪਦਮ)- ਪਿੰਡ ਜਾਣੀਆਂ ਵਿਖੇ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਵਾਲੇ ਮੁਖ ਮੁਲਜਮ ਸਮੇਤ ਉਕਤ ਘਟਨਾ ਦੇ ਸਬੰਧ ਵਿਚ ਦਰਜ ਮੁਕੱਦਮੇ ‘ਚ ਲੋੜੀਦੇ 6 ਹੋਰ ਮੁਲਜ਼ਮ ਘਟਨਾ ਦੇ ਚਾਰ ਦਿਨ ਬੀਤ ਜਾਣ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਪਿੰਡ ਜਾਣੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਸਰਪੰਚ ਦੀ ਚੋਣ ਜਿੱਤਣ ਵਾਲੀ ਧਿਰ ਵੱਲੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਰਖਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸੇ ਦੌਰਾਨ ਹੀ ਚੋਣ ਹਾਰਨ ਵਾਲੀ ਧਿਰ ਨੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਜਿੰਦਾ ਲਗਾ ਦਿੱਤਾ ਸੀ। ਦੋਹਾਂ ਧਿਰਾਂ ਦੇ ਹੋਏ ਆਪਸੀ ਝੱਗੜੇ ‘ਚ ਬਿੰਦਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਜਾਣੀਆਂ ਨੇ ਪਿਸਤੋਲ ਦੀ ਗੋਲੀ ਚਲਾ ਕਿ ਮੱਖਣ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਜਾਣੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਸ਼ਾਹਕੋਟ ਪੁਲਿਸ ਨੇ ਬਿੰਦਰ ਸਿੰਘ ਨੂੰ ਮੁਖ ਮੁਲਜ਼ਮ ਬਣਾਉਦੇ ਹੋਏ 8 ਮਰਦ ਤੇ ਔਰਤਾਂ ਦੇ ਖਿਲਾਫ਼ ਮੁਕੱਦਮਾ ਦਰਜ਼ ਕੀਤਾ ਸੀ ਪੁਲਿਸ ਨੇ ਉਕਤ ਮੁਕੱਦਮੇ ‘ਚ ਸ਼ਾਮਲ 2 ਔਰਤਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਘਟਨਾ ‘ਚ ਸ਼ਾਮਲ ਪਿਸਤੋਲ ਨੂੰ ਕਾਬੂ ਕਰ ਕੇ ਬਹੁਤ ਵੱਡਾ ਮਾਅਰਕਾ ਮਾਰਨ ਦਾ ਦਾਵਾ ਕੀਤਾ ਸੀ ਜਦੋਂ ਕਿ ਮੁਖ ਮੁਰਜ਼ਮ ਸਮੇਤ 6 ਮੁਰਜ਼ਮ ਅਜੇ ਤੱਕ ਵੀ ਪੁਲਿਸ ਦੀ ਪਕੜ ਤੋਂ ਅਜੇ ਤੱਕ ਦੂਰ ਹਨ। ਉਕਤ ਮਾਮਲੇ ‘ਚ ਪੁਲਿਸ ਵੱਲੋਂ ਦਿਖਾਈ ਜਾ ਰਹੀ ਢਿੱਲੀ ਕਾਰਗੁਜਾਰੀ ਉਨ੍ਹਾਂ ਦੇ ਕੰਮ ਕਾਜ ਉਪਰ ਕਈ ਤਰਾਂ ਦੇ ਸੁਆਲ ਖੜੇ ਕਰਦੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਔਰਤਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਹੋਰ ਕਿਸੇ ਵੀ ਮੁਲਜ਼ਮ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕੀਤਾ ਗਿਆ ਹੈ।
ਜਾਣੀਆਂ ਗੋਲੀ ਕਾਂਡ : ਮੁਖ ਮੁਲਜ਼ਮ ਸਮੇਤ 6 ਵਿਅਕਤੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ



