ਜੰਮੂ, 8 ਸਤੰਬਰ (ਪੀ. ਟੀ.)- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟ ਪਹਾੜ ‘ਤੇ ਸਥਿਤ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫ਼ਾ ਦੀ ਯਾਤਰਾ ਲਗਾਤਾਰ ਚਾਰ ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ। ਜੰਮੂ ਕਸ਼ਮੀਰ ‘ਚ ਭਾਰੀ ਵਰਖਾ ਨੂੰ ਵੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁਅੱਤਲ ਕਰ ਦਿੱਤੀ ਗਈ ਸੀ। ਹਾਲਾਂਕਿ ਯਾਤਰਾ ਨੂੰ ਕੇਵਲ ਪੁਰਾਣੇ ਰਸਤੇ ‘ਤੇ ਸ਼ੁਰੂ ਕੀਤਾ ਗਿਆ ਹੈ ਤੇ ਦੋ ਨਵੇਂ ਮਾਰਗਾਂ ਨੂੰ ਜ਼ਮੀਨ ਖਿਸਕਣ ਦੇ ਕਾਰਨ ਬੰਦ ਰੱਖਿਆ ਗਿਆ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਇਨ ਬੋਰਡ (ਐਸਐਮਵੀਐਸਬੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨਦੀਪ ਕੇ ਭੰਡਾਰੀ ਨੇ ਦੱਸਿਆ ਕਿ ਚਾਰ ਦਿਨਾਂ ਲਈ ਯਾਤਰਾ ਨੂੰ ਮੁਅੱਤਲ ਰੱਖਣ ਤੋਂ ਬਾਅਦ ਅੱਜ ਸਵੇਰ ਤੋਂ ਪਵਿੱਤਰ ਗੁਫ਼ਾ ਲਈ ਯਾਤਰਾ ਸ਼ੁਰੂ ਕਰ ਦਿੱਤੀ ਗਈ। ਭਾਰੀ ਮੀਂਹ ਤੇ ਖ਼ਰਾਬ ਮੌਸਮ ਨੂੰ ਵੇਖਦੇ ਹੋਏ ਯਾਤਰਾ ਮੁਅੱਤਲ ਰੱਖੀ ਗਈ ਸੀ।