ਫ਼ਿਰੋਜ਼ਪੁਰ, 6 ਸਤੰਬਰ (ਪੀ. ਟੀ)- ਭਾਰਤ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਇੱਕ ਪਾਕਿਸਤਾਨੀ ਨਾਗਰਿਕ ਬੀ.ਐਸ.ਐਫ. ਦੇ ਜਵਾਨਾਂ ਹੱਥੋਂ ਬੀਤੀ ਦੇਰ ਸ਼ਾਮ ਮਾਰਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੀ ਚੌਂਕੀ ਰਾਜੋ ਕੀ ਗੱਟੀ ਨਜ਼ਦੀਕ 22 ਸਾਲਾ ਨੌਜਵਾਨ ਜਦੋਂ ਪਾਕਿਸਤਾਨ ਵਾਲੇ ਪਾਸਿਉਂ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਦੀ ਤਾਕ ‘ਚ ਸੀ ਤਾਂ ਉੱਥੇ ਤਾਇਨਾਤ ਬੀ.ਐਸ.ਐਫ. ਦੀ 164 ਬਟਾਲੀਅਨ ਦੇ ਜਵਾਨਾਂ ਨੇ ਉਸ ਨੂੰ ਲਲਕਾਰਾ ਮਾਰਿਆ ਪਰ ਨੌਜਵਾਨ ਭਾਰਤੀ ਸੁਰੱਖਿਆ ਬਲਾਂ ਦੀ ਪ੍ਰਵਾਹ ਕੀਤੇ ਬਿਨਾਂ ਭਾਰਤੀ ਖੇਤਰ ‘ਚ ਦਾਖਲ ਹੋ ਗਿਆ ਜਿਸ ਉਪਰੰਤ ਜਵਾਨਾਂ ਨੇ ਕਾਰਵਾਈ ਕਰਦਿਆਂ ਪਾਕਿਸਤਾਨੀ ਘੁਸਪੈਠੀਏ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ। ਮ੍ਰਿਤਕ ਪਾਕਿਸਤਾਨੀ ਨਾਗਰਿਕ ਦੀ ਸ਼ਨਾਖ਼ਤ ਨਹੀਂ ਹੋ ਸਕੀ।