ਫਰੀਦਕੋਟ, 5 ਸਤੰਬਰ (ਗੁਰਜੀਤ ਸਿੰਘ ਡੱਗੋ ਰੋਮਾਣਾ)-ਫਰੀਦਕੋਟ ਦੇ ਗੋਬਿੰਦ ਨਗਰ ਦੀ ਵਸਨੀਕ ਦੀ ਸ਼ਿਕਾਇਤ ਤੇ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਨੇ ਆਈ ਪੀ ਸੀ ਦੀ ਧਾਰਾ 392, 364, 366, 376, 420, 379, 342, 218, 295 ਏ, 511 ਅਤੇ 506/34 ਤਹਿਤ ਸ਼ਕਾਇਤ ਦਰਜ ਕਰਕੇ ਐੱਸ ਐੱਚ ਓ ਸਮੇਤ ਪੰਜ ਵਿਅਕਤੀਆਂ ਵਿਰੁੱਧ ਮੁਢਲੀ ਸੁਣਵਾਈ ਸ਼ੁਰੂ ਕਰ ਦਿੱਤੀ ਹੈ, ਪੀੜਤ ਔਰਤ ਨੇ 11 ਅਗਸਤ ਨੂੰ ਅਦਾਲਤ ਵਿੱਚ ਫੌਜ਼ਦਾਰੀ ਸ਼ਿਕਾਇਤ ਨੰਬਰ 78 ਦਰਜ ਕਰਵਾ ਕੇ ਦੋਸ਼ ਲਾਇਆ ਸੀ ਕੇ ਰਾਜਸਥਾਨ ਦੇ ਵਸਨੀਕ ਦੇ ਵਿਅਕਤੀਆਂ ਨੇ ਸਾਜਿਸ਼ ਤਹਿਤ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਦਾ ਕੀਮਤੀ ਸਮਾਨ ਲੁੱਟ ਲਿਆ। ਜਦੋਂ ਉਸ ਨੇ ਇਸ ਘਟਨਾ ਬਾਰੇ ਬੋਲਣਾ ਚਾਹਿਆ ਤਾਂ ਦੋਸ਼ੀ ਮਨਜੀਤ ਸਿੰਘ ਤੇ ਅੰਗਰੇਜ਼ ਸਿੰਘ ਨੇ ਕਥਿੱਤ ਤੌਰ ’ਤੇ ਪੀੜਤ ਦੀ ਕੁੱਟਮਾਰ ਕੀਤੀ, ਧਮਕੀਆਂ ਦਿੱਤੀਆਂ ਅਤੇ ਉਸ ਨਾਲ ਕਥਿੱਤ ਤੌਰ ’ਤੇ ਜਬਰ ਜਨਾਹ ਕੀਤਾ।
ਸ਼ਿਕਾਇਤਕਰਤਾ ਨੇ ਇਸ ਦੀ ਸੂਚਨਾ ਫਰੀਦਕੋਟ ਸਿਟੀ ਐੱਸ ਐੱਚ ਓ ਨੂੰ ਦਿੱਤੀ ਸੀ ਪਰ ਉਨ੍ਹਾਂ ਉਕਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਥਾਣੇ ਵਿੱਚ ਐੱਸ ਐੱਚ ਓ ਅਤੇ ਸਬ ਇੰਸਪੈਕਟਰ ਮੱਖਣ ਸਿੰਘ ਨੇ ਉਸ ਨੂੰ ਜ਼ਲੀਲ ਕੀਤਾ ਤੇ ਹਵਾਲਾਤ ’ਚ ਬੰਦ ਕਰ ਦਿੱਤਾ, ਪੁਲਿਸ ਮੁਲਜ਼ਮਾਂ ਨੂੰ ਬਚਾਉਣ ਲਈ ਉਸ ਨੂੰ ਰਾਜ਼ੀਨਾਮੇ ਵਾਸਤੇ ਡਰਾਉਂਦੀ ਧਮਕਾਉਂਦੀ ਰਹੀ।ਅਦਾਲਤ ਇਸ ਮਾਮਲੇ ਵਿੱਚ 16 ਸਤੰਬਰ ਨੂੰ ਅਗਲੀ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਮੈਜਿਸਟਰੇਟ ਸਤੀਸ਼ ਕੁਮਾਰ ਨੇ 11 ਅਗਸਤ ਨੂੰ ਫਰੀਦਕੋਟ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪੀੜਤ ਔਰਤ ਦਾ ਨਿਯਮਾਂ ਅਨੁਸਾਰ ਤੁਰੰਤ ਮੈਡੀਕਲ ਕੀਤਾ ਜਾਵੇਗਾ।