ਸ੍ਰੀ ਅਨੰਦਪੁਰ ਸਾਹਿਬ, 5 ਸਤੰਬਰ (ਦਵਿੰਦਰ ਪਾਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਲਈ ਸਰਕਾਰ ਵਲੋਂ 11 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਵਿਚੋਂ 3 ਕਰੋੜ ਰੁਪਏ ਅਨੰਦਪੁਰ ਸਾਹਿਬ ਸ਼ਹਿਰ ਉੱਤੇ ਅਤੇ 3 ਕਰੋੜ ਰੁਪਏ ਕੀਰਤਪੁਰ ਸਾਹਿਬ ਸ਼ਹਿਰ ਉੱਤੇ ਤੇ 5 ਕਰੋੜ ਰੁਪਏ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾਣਗੇ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ੍ਰੀ ਮਿੱਤਲ ਨੇ ਕਿਹਾ ਕਿ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰਕੇ ਇਸ ਇਲਾਕੇ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਬੁਨਿਆਦੀ ਢਾਂਚੇ ਵਿਚ ਵੱਡਾ ਸੁਧਾਰ ਕੀਤਾ ਗਿਆ ਹੈ ਅਤੇ ਅੱਗੇ ਤੇ ਵੀ ਇਸ ਖੇਤਰ ਦੇ ਪਿੰਡਾਂ ਵਿਚ ਲੋਕਾਂ ਦੀ ਮੰਗ ਅਨੁਸਾਰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਧਰਮਸ਼ਾਲਾ ਸਕੂਲ ਪੱਕੀਆਂ ਗਲੀਆਂ ਤੇ ਨਾਲੀਆਂ , ਸੀਵਰੇਜ ਤੇ ਜਲ ਸਪਲਾਈ ਲਈ ਗ੍ਰਾਂਟਾਂ ਦੇ ਕੇ ਵਿਕਾਸ ਕਰਵਾਇਆ ਜਾ ਰਿਹਾ ਹੈ।