June 7, 2026 8:39 am

ਪੇਡ ਨਿਊਜ਼ ਉੱਤੇ ਆਧਾਰਿਤ ਮੀਡਿਆ ਵਰਕਸ਼ਾਪ ਦਾ ਆਯੋਜਨ

ਚੰਡੀਗੜ੍ਹ, 4 ਸਤੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵੱਲੋਂ ਪੈਸੇ ਲੈ ਕੇ ਵਿਖਾਏ ਜਾਣ ਵਾਲੇ ‘ਪੇਡ ਨਿਊਜ਼’ ਦੇ ਪ੍ਰਸਾਰਣ ਅਤੇ ਪ੍ਰਕਾਸ਼ਨ ’ਤੇ ਯੋਗ ਕਾਰਵਾਈ ਕੀਤੀ ਜਾਵੇਗੀ । ਪੇਡ ਨਿਊਜ਼ ਦੀ ਨਿਗਰਾਨੀ ਲਈ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ।ਸ੍ਰੀ ਵਾਲਗਦ ਅੱਜ ਇੱਥੇ ਆਯੋਜਿਤ ਪੇਡ ਨਿਊਜ਼ ’ਤੇ ਵਰਕਸ਼ਾਪ ਦੇ ਦੌਰਾਨ ਮੀਡਿਆ ਦੇ ਨੁਮਾਇੰਦਿਆਂ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਦੀ ਸ਼੍ਰੇਣੀ ਵਿਚ ਉਹ ਸਾਰੇ ਸਮਾਚਾਰ ਸ਼ਾਮਿਲ ਹੋਣਗੇ, ਜੋ ਕਿਸੇ ਵਿਸ਼ੇਸ਼ ਉਮੀਦਵਾਰ ਨੂੰ ਪ੍ਰੋਤਸ਼ਾਹਿਤ ਕਰਨਗੇ ਅਤੇ ਦੂਜੇ ਉਮੀਦਵਾਰਾਂ ਨੂੰ ਘੱਟ ਤਰਜੀਹ ਦੇਣਗੇ । ਹਾਲ ਹੀ ਵਿਚ ਹੋਏ ਲੋਕ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ਨਾਲ ਸਬੰਧਤ ਕੁਲ 41 ਮਾਮਲੇ, ਉਨ੍ਹਾਂ ਦੇ ਕੋਲ ਆਏ ਸਨ, ਜਿਨ੍ਹਾਂ ਦੀ ਜਾਂਚ ਕਰਨ ਤੋਂ ਬਾਅਦ 25 ਮਾਮਲੇ ਸਹੀ ਪਾਏ

ਗਏ ਅਤੇ ਇਨ੍ਹਾਂ ਨੂੰ ਕੇਂਦਰੀ ਚੋਣ ਕਮਿਸ਼ਨ ਦੇ ਕੋਲ ਯੋਗ ਕਾਰਵਾਈ ਲਈ ਭਿਜਵਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਨਾਲ ਸਬੰਧਤ ਕਿਸੇ ਵੀ ਸਮਾਚਾਰ ’ਤੇ ਚੋਣ ਕਮਿਸ਼ਨ ਖੁਦ ਵੀ ਕਾਰਵਾਈ ਕਰ ਸਕਦਾ ਹੈ। ਇਸ ਤੋਂ ਇਲਾਵਾ, ਇਸ ਦੀ ਸ਼ਿਕਾਇਤ ਕੋਈ ਵੀ ਉਮੀਦਵਾਰ/ਵਿਅਕਤੀ ਜ਼ਿਲ੍ਹਾ/ਰਾਜ ਪੱਧਰੀ ਨਿਗਰਾਨੀ ਕਮੇਟੀਆਂ ਦੇ ਕੋਲ ਕਰ ਸਕਦਾ ਹੈ। ਜ਼ਿਲ੍ਹਾ ਪੱਧਰ ’ਤੇ ਬਣਾਏ ਜਾਣ ਵਾਲੀ ਕਮੇਟੀ ਵਿਚ ਜ਼ਿਲ੍ਹਾ ਚੋਣ ਅਧਿਕਾਰੀ/ਰਿਟਰਨਿੰਗ ਅਧਿਕਾਰੀ/ਸਹਾਇਕ ਰਿਟਰਨਿੰਗ ਅਧਿਕਾਰੀ/ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਨੁਮਾਇੰਦੇ/ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ/ਜ਼ਿਲ੍ਹਾ ਸੂਚਨਾ ਅਧਿਕਾਰੀ ਆਦਿ ਸ਼ਾਮਿਲ ਹੋਣਗੇ । ਇਸੇ ਤਰ੍ਹਾਂ, ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਭੇਜੀਆਂ ਜਾਣ ਵਾਲੀਆਂ ਸ਼ਿਕਾਇਤਾਂ ’ਤੇ ਕਰਵਾਈ ਦਾ ਕੰਮ ਰਾਜ ਪੱਧਰੀ ਕਮੇਟੀ ਵੱਲੋਂ ਕੀਤਾ ਜਾਵੇਗਾ।
ਸ੍ਰੀ ਵਾਲਗਦ ਨੇ ਦਸਿਆ ਕਿ ਆਰ.ਪੀ. ਐਕਟ 126 ਦੇ ਤਹਿਤ ਪੇਡ ਨਿਊਜ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ’ਤੇ ਸਬੰਧਤ ਮੀਡਿਆ ਹਾਊਸ ’ਤੇ ਕਾਰਵਾਈ ਕੀਤੀ ਜਾਵੇਗੀ । ਇਸ ਦੇ ਤਹਿਤ ਦੋ ਸਾਲ ਤਕ ਦੀ ਸਜ਼ਾ ਦਾ ਪ੍ਰਵਧਾਨ ਹੈ । ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ 13 ਅਪ੍ਰੈਲ, 2004 ਦੇ ਆਦੇਸ਼ਾਨੁਸਾਰ ਕੋਈ ਵੀ ਕੇਬਲ ਆਪਰੇਟਰ ਜਾਂ ਟੀਵੀ ਚੈਨਲ ਅਜਿਹਾ ਕੋਈ ਵੀ ਇਸ਼ਤਿਹਾਰ ਪ੍ਰਸਾਰਿਤ ਨਹੀਂ ਕਰ ਸਕਦਾ, ਜਿਸ ਨਾਲ ਲੋਕਾਂ ਵਿਚ ਨੈਤਿਕਤਾ, ਸ਼ਾਲੀਨਤਾ ਵਿਚ ਕਮੀ, ਇਰਖਾ ਵਿਚ ਵਾਧਾ, ਲੜਾਈ-ਝਗੜਾ ਹੋਣ ਦਾ ਖਤਰਾ ਅਤੇ ਸ਼ਾਂਤੀ ਭੰਗ ਹੋਣ ਦਾ ਡਰ ਹੋਵੇ । ਇਸ ਦੇ ਨਾਲ ਹੀ ਹਾਂਸ-ਮਜਾਕ, ਰੰਗਭੇਦ ਅਤੇ ਜਾਤੀ ਸੂਚਕ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੇ ਇਸ਼ਤਿਹਾਰਾਂ ’ਤੇ ਵੀ ਰੋਕ ਰਹੇਗੀ।
ਉਨ੍ਹਾਂ ਨੇ ਕਿਹਾ ਕਿ ਵੋਟ ਖਤਮ ਹੋਣ ਤੋਂ 48 ਘੰਟੇ ਪਹਿਲਾਂ ਕੋਈ ਵੀ ਉਮੀਦਵਾਰ, ਪਾਰਟੀ ਕਾਰਕੁਨ ਜਾਂ ਵਿਅਕਤੀ, ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੰਮ ਨਹੀਂ ਕਰ ਸਕਦਾ । ਉਨ੍ਹਾਂ ਨੇ ਕਿਹਾ ਕਿ ਹਰਿਆਣਾ ’ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੀਡਿਆ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ । ਮੀਡਿਆ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਦੌਰਾਨ ਹਾਂ-ਪੱਖੀ ਭੂਮਿਕਾ ਨਿਭਾਏ ਤਾਂ ਜੋ ਰਾਜ ਵਿਚ ਚੋਣਾਂ ਦਾ ਕੰਮ ਸ਼ਾਤੀ ਨਾਲ ਕਰਵਾਇਆ ਜਾ ਸਕੇ।

Send this to a friend