ਲਖਨਊ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਉੱਤਰ ਪ੍ਰਦੇਸ਼ ਜ਼ਿਲ੍ਹੇ ‘ਚ ਇਕ ਪਾਗਲ ਪਿਓ ਵੱਲੋਂ ਆਪਣੀਆਂ 2 ਧੀਆਂ ਨੂੰ ਗੰਡਾਸੇ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਨਸਿਕ ਤੌਰ ‘ਤੇ ਬੀਮਾਰ ਹੋਣ ਕਾਰਨ ਇਸ ਵਿਅਕਤੀ ਨੇ ਗੰਡਾਸੇ ਨਾਲ ਆਪਣੀਆਂ ਦੋਹਾਂ ਧੀਆਂ ਦੀ ਹੱਤਿਆ ਕਰ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮਪੁਰ ਪਿੰਡ ਦੇ ਰਹਿਣ ਵਾਲੇ ਅਕਸ਼ੈ ਪ੍ਰਤਾਪ ਸਿੰਘ ਦੇ ਦਿਮਾਗ ਦਾ ਇਲਾਜ ਚੱਲ ਰਿਹਾ ਹੈ। ਸ਼ਨਿਚਰਵਾਰ ਨੂੰ ਹੀ ਉਸ ਨੂੰ ਇਲਾਜ ਤੋਂ ਬਾਅਦ ਘਰ ਵਾਪਸ ਲਿਆਂਦਾ ਗਿਆ। ਐਤਵਾਰ ਨੂੰ ਰਾਤ ਦੇ ਕਰੀਬ 2.00 ਵਜੇ ਇਸ ਵਿਅਕਤੀ ਨੇ ਛੱਤ ‘ਤੇ ਸੌਂ ਰਹੀਆਂ ਆਪਣੀਆਂ ਬੇਟੀਆਂ 6 ਸਾਲਾ ਕਸ਼ਿਸ਼ ਅਤੇ 4 ਸਾਲਾ ਕੱਲੋ ‘ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਕੁੜੀਆਂ ਦੀਆਂ ਚੀਕਾਂ ਸੁਣ ਕੇ ਜਦੋਂ ਉਨ੍ਹਾਂ ਦੀ ਮਾਂ ਸ਼ੀਲਾ ਉਨ੍ਹਾਂ ਨੂੰ ਬਚਾਉਣ ਲਈ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਕੁੜੀਆਂ ‘ਤੇ ਗੰਡਾਸੇ ਨਾਲ ਵਾਰ ‘ਤੇ ਵਾਰ ਕਰ ਰਿਹਾ ਹੈ। ਜਦੋਂ ਉਸ ਨੇ ਚੀਖ ਮਾਰੀ ਤਾਂ ਅਕਸ਼ੇ ਗੰਡਾਸਾ ਲੈ ਕੇ ਉਸ ਵੱਲ ਦੌੜਿਆ ਅਤੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਮਜਬੂਰੀ ‘ਚ ਸ਼ੀਲਾ ਨੂੰ ਆਪਣੀ ਜਾਨ ਬਚਾਉਣ ਲਈ ਘਰੋਂ ਬਾਹਰ ਭੱਜਣਾ ਪਿਆ। ਪੁਲਿਸ ਨੇ ਦੱਸਿਆ ਕਿ ਦੋਹਾਂ ਬੱਚੀਆਂ ਦੀ ਮੌਤ ਗਰਦਨ ‘ਤੇ ਸੱਟ ਲੱਗਣ ਕਾਰਨ ਮੌਕੇ ‘ਤੇ ਹੀ ਹੋ ਗਈ ਸੀ, ਜਦੋਂ ਕਿ ਉਨ੍ਹਾਂ ਦੀ ਮਾਂ ਸ਼ੀਲਾ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ।



