ਦੂਜੇ ਸਥਾਨ ਲਈ ਲਾਹੌਰ ਲਾਇਨਜ਼ ਤੇ ਜੋ ਜੋ ਟਾਈਗਰਜ਼ ਵਿਚਾਲੇ ਸਖਤ ਮੁਕਾਬਲਾ
ਚੰਡੀਗੜ੍ਹ, 1 ਸਤੰਬਰ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਸਰਕਲ ਸਟਾਈਲ ਕਬੱਡੀ ਦੀ ਸ਼ੁਰੂ ਹੋਈ ਪਹਿਲੀ ਪੇਸ਼ੇਵਰ ਲੀਗ ਦੇ ਤਿੰਨ ਲੈਗ ਸਮਾਪਤ ਹੋਣ ਤੋਂ ਬਾਅਦ ਇਸ ਹਫਤੇ 6 ਸਤੰਬਰ ਤੋਂ ਲੁਧਿਆਣਾ ਵਿਖੇ ਚੌਥਾ ਲੈਗ ਸ਼ੁਰੂ ਹੋਣ ਜਾ ਰਿਹਾ ਹੈ। ਵਿਸ਼ਵ ਕਬੱਡੀ ਲੀਗ ਦੇ ਕਮਿਸ਼ਨਰ ਅਤੇ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਲੀਗ ਦਾ ਪੰਜਾਬ ਲੈਗ 6 ਸਤੰਬਰ ਤੋਂ ਲੁਧਿਆਣਾ ਵਿਖੇ ਸ਼ੁਰੂ ਹੋਵੇਗਾ। ਲੰਡਨ ਦੇ ਓ ਟੂ ਐਰੀਨਾ ਤੋਂ ਸ਼ੁਰੂ ਹੋਈ ਵਿਸ਼ਵ ਕਬੱਡੀ ਲੀਗ ਦੇ ਲੰਡਨ, ਬਰਮਿੰਘਮ ਅਤੇ ਨਵੀਂ ਦਿੱਲੀ ਵਿਖੇ ਹੋਏ ਮੈਚਾਂ ਉਪਰੰਤ ਸ਼੍ਰੋਮਣੀ ਕਮੇਟੀ ਦੇ ਖਾਲਸਾਈ ਖਿਡਾਰੀਆਂ ਨਾਲ ਸਜੀ ਖਾਲਸਾ ਵਾਰੀਅਰਜ਼ ਟੀਮ ਨੇ ਆਪਣੇ ਚਾਰੇ ਮੈਚ ਜਿੱਤ ਕੇ ਪਹਿਲਾ ਸਥਾਨ ਮੱਲਿਆ ਹੋਇਆ ਹੈ
। ਖਾਲਸਾ ਵਾਰੀਅਰਜ਼ ਤੋਂ ਬਾਅਦ ਲਾਹੌਰ ਲਾਇਨਜ਼ ਤੇ ਜੋ ਜੋ ਟਾਈਗਰਜ਼ ਨੇ ਚਾਰ ਵਿੱਚੋਂ ਤਿੰਨ-ਤਿੰਨ ਮੈਚ ਜਿੱਤ ਕੇ ਦੂਜੇ ਸਥਾਨ ਲਈ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਯੂਨਾਈਟਿਡ ਸਿੰਘਜ਼ ਤੇ ਪੰਜਾਬ ਥੰਡਰਜ਼ ਨੇ 2-2 ਮੈਚ ਅਤੇ ਰਾਇਲ ਕਿੰਗਜ਼ ਯੂ.ਐਸ.ਏ. ਨੇ ਇਕ-ਇਕ ਮੈਚ ਜਿੱਤਿਆ ਹੈ ਜਦੋਂ ਕਿ ਆਪਣੇ ਚਾਰੋਂ ਮੈਚ ਹਾਰ ਕੇ ਆਖਰੀ ਸਥਾਨ ’ਤੇ ਚੱਲ ਰਹੀ ਕੈਲੇਫੋਰਨੀਆ ਈਗਲਜ਼ ਨੇ ਹਾਲੇ ਆਪਣਾ ਖਾਤਾ ਖੋਲ੍ਹਣਾ ਹੈ।
ਲੀਗ ਦੇ ਹੁਣ ਤੱਕ ਮੈਚਾਂ ਦਾ ਹਿਸਾਬ ਲਾਈਏ ਤਾਂ ਖਾਲਸਾ ਵਾਰੀਅਰਜ਼ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਜੂੜਿਆਂ ’ਤੇ ਰੁਮਾਲ ਸਜਾਈ ਲਾਲ ਰੰਗ ਦੀ ਪੁਸ਼ਾਕ ਵਿੱਚ ਖੇਡਦੇ ਖਾਲਸਾ ਟੀਮ ਨੇ ਨਵੀਂ ਦਿੱਲੀ ਵਿਖੇ ਲਾਹੌਰ ਲਾਇਨਜ਼ ਨੂੰ ਹਰਾ ਕੇ ਲੀਗ ਜਿੱਤਣ ਦਾ ਵੱਡਾ ਦਾਅਵਾ ਪੇਸ਼ ਕੀਤਾ ਹੈ। ਇਸ ਟੀਮ ਦੇ ਰੇਡਰ ਗਗਨਦੀਪ ਸਿੰਘ ਤੇ ਕਪਤਾਨ ਗੁਰਮੀਤ ਸਿੰਘ ਮੰਡੀਆਂ ਅਤੇ ਜਾਫੀ ਸਤਨਾਮ ਸੱਤੂ ਤੇ ਗੁਰਪ੍ਰੀਤ ਗੋਪੀ ਮਾਣਕੀ ਨੇ ਚੰਗੀ ਛਾਪ ਛੱਡੀ ਹੈ। ਖਾਲਸਾ ਵਾਰੀਅਰਜ਼ ਦੀ ਜਿੱਤ ਦਾ ਸੂਤਰਧਾਰ ਇਕਜੁੱਟਤਾ ਅਤੇ ਟੀਮ ਗੇਮ ਹੈ। ਲਾਹੌਰ ਟੀਮ ਵੱਲੋਂ ਰੇਡਰ ਚਿਸ਼ਤੀ ਤੇ ਅਕਮਲ ਡੋਗਰ ਨੇ ਵੀ ਵਧੀਆ ਖੇਡ ਦਿਖਾਈ ਹੈ ਪਰ ਖਾਲਸਾ ਟੀਮ ਅੱਗੇ ਇਨ੍ਹਾਂ ਨੂੰ ਵੀ ਸੰਘਰਸ਼ ਕਰਨਾ ਪਿਆ। ਲਾਹੌਰ ਟੀਮ ਤੋਂ ਇਲਾਵਾ ਪੰਜਾਬ ਥੰਜਰਜ਼, ਜੋ ਜੋ ਟਾਈਗਰਜ਼ ਅਤੇ ਵੈਨਕੂਵਰ ਲਾਇਨਜ਼ ਨੇ ਵੀ ਸੰਘਰਸ਼ੀ ਮੈਚ ਜਿੱਤ ਕੇ ਲੀਗ ਵਿੱਚ ਆਪਣਾ ਦਾਅਵਾ ਮਜ਼ਬੂਤ ਰੱਖਿਆ ਹੋਇਆ ਹੈ। ਕੈਲੇਫੋਰਨੀਆ ਈਗਲਜ਼ ਲਈ ਰਾਹ ਬਹੁਤ ਮੁਸ਼ਕਲ ਹੈ।
ਰੇਡਰਾਂ ਤੇ ਜਾਫੀਆਂ ਦੇ ਨਿੱਜੀ ਰਿਕਾਰਡ ਦੀ ਗੱਲ ਕਰੀਏ ਤਾਂ ਜੋ ਜੋ ਟਾਈਗਰਜ਼ ਦਾ ਮਨਮਿੰਦਰ ਸਿੰਘ ਹੁਣ ਤੱਕ ਕੁੱਲ 71 ਅੰਕ ਲੈ ਕੇ ਪਹਿਲੇ ਸਥਾਨ ’ਤੇ ਚੱਲ ਰਿਹਾ ਹੈ। ਇਸ ਤੋਂ ਬਾਅਦ ਲਾਹੌਰ ਲਾਇਨਜ਼ ਦੇ ਅਕਮਲ ਡੋਗਰ ਨੇ 69 ਤੇ ਸ਼ਫੀਕ ਅਹਿਮਦ ਚਿਸ਼ਤੀ ਨੇ 67, ਰਾਇਲ ਕਿੰਗਜ਼ ਯੂ.ਐਸ.ਏ. ਦੇ ਗੁਰਲਾਲ ਸਿੰਘ ਘਨੌਰ ਨੇ 65 ਤੇ ਖਾਲਸਾ ਵਾਰੀਅਰਜ਼ ਦੇ ਗਗਨਦੀਪ ਸਿੰਘ ਨੇ 64 ਅੰਕ ਹਾਸਲ ਕੀਤੇ ਹਨ। ਜਾਫੀਆਂ ਵਿੱਚੋਂ ਯੂਨਾਈਟਿਡ ਸਿੰਘਜ਼ ਦੇ ਜਾਫੀ ਸੰਦੀਪ ਸੰਧੂ ਨੰਗਲ ਅੰਬੀਆ ਨੇ 28 ਜੱਫੇ ਲਾ ਕੇ ਮੋਹਰੀ ਸਥਾਨ ਮੱਲਿਆ ਹੋਇਆ ਹੈ। ਉਸ ਤੋਂ ਬਾਅਦ ਪੰਜਾਬ ਥੰਡਰਜ਼ ਦੇ ਯਾਦਵਿੰਦਰ ਸਿੰਘ ਨੇ 24, ਕੈਲੇਫੋਰਨੀਆ ਈਗਲਜ਼ ਦੇ ਬਲਕਾਰ ਸਿੰਘ ਨੇ 19, ਖਾਲਸਾ ਵਾਰੀਅਰਜ਼ ਦੇ ਸਤਨਾਮ ਸਿੰਘ ਸੱਤੂ ਨੇ 16 ਤੇ ਲਾਹੌਰ ਲਾਇਨਜ਼ ਦੇ ਮੋਹਸੀਨ ਨਸੀਰ ਵਾਹਲਾ ਨੇ 15 ਜੱਫੇ ਲਾਏ ਹਨ।