ਨਵੀਂ ਦਿੱਲੀ, (ਪੀ. ਟੀ)- ਇੰਡੀਅਨ ਆਇਲ ਕਾਰਪੋਰੇਓਸ਼ਨ (ਆਈ.ਓ.ਸੀ.) ਦੇ ਚਾਰ ਆਜ਼ਾਦ ਨਿਰਦੇਸ਼ਕਾਂ ਨੂੰ ਬਰਖਾਸਤ ਕਰਨ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਹੁਣ ਓ.ਐੱਨ.ਜੀ.ਸੀ., ਐੱਚ.ਪੀ.ਸੀ.ਐੱਲ. ਅਤੇ ਐੱਮ.ਆਰ.ਪੀ.ਐੱਲ. ਦੇ ਨਿਰਦੇਸ਼ਕ ਮੰਡਲ ਵਿਚ ਕਾਂਗਰਸ ਵੱਲੋਂ ਨਿਯੁਕਤ 9 ਆਜ਼ਾਦ ਨਿਰਦੇਸ਼ਕਾਂ ਨੂੰ ਬਰਖਾਸਤ ਕਰਨ ‘ਤੇ ਵਿਚਾਰ ਕਰ ਰਹੀ ਹੈ।ਸੂਤਰਾਂ ਨੇ ਦੱਸਿਆ ਕਿ ਐੱਨ.ਡੀ.ਏ. ਸਰਕਾਰ ਸਾਬਕਾ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੇ ਆਖਰੀ ਸਾਲ ਵਿਚ ਕੀਤੀਆਂ ਗਈਆਂ ਨਿਯੁਕਤੀਆਂ ਦੀ ਸਮੀਖਿਆ ਕਰ ਰਹੀ ਹੈ ਅਤੇ ਜਿੱਥੇ ਵੀ ਸੰਭਵ ਹੈ ਉੱਥੋਂ ਸਿਆਸੀ ਤੌਰ ‘ਤੇ ਨਿਯੁਕਤ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਆਈ.ਓ.ਸੀ. ਦੇ ਚਾਰ ਆਜ਼ਾਦ ਨਿਰਦੇਸ਼ਕਾਂ ਅਤੇ ਇੰਜੀਨੀਅਰਸ ਇੰਡੀਆ ਲਿਮਿਟਡ ਤੋਂ ਦੋ ਆਜ਼ਾਦ ਨਿਰਦੇਸ਼ਕਾਂ ਨੂੰ ਹਟਾਉਣ ਤੋਂ ਬਾਅਦ ਹੁਣ ਸਰਕਾਰ ਓ.ਐੱਨ.ਜੀ.ਸੀ. ਦੇ ਨਿਰਦੇਸ਼ਕ ਮੰਡਲ ਤੋਂ ਸਾਬਕਾ ਬਿਜਲੀ ਸਕੱਤਰ
ਪੀ. ਉਮਾ ਸ਼ੰਕਰ, ਚਾਰਟਰਡ ਅਕਾਉਂਟੈਂਟ ਐੱਸ.ਰਵੀ ਅਤੇ ਬੀ.ਪੀ.ਸੀ.ਐੱਲ. ਦੇ ਸਾਬਕਾ ਆਰ. ਕੇ ਸਿੰਘ ਨੂੰ ਹਟਾਉਣ ‘ਤੇ ਵਿਚਾਰ ਕਰ ਰਹੀ ਹੈ।ਸਰਕਾਰ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚ.ਪੀ.ਸੀ.ਐੱਲ.) ਦੇ ਨਿਰਦੇਸ਼ਕ ਮੰਡਲ ਤੋਂ ਚਾਰਟਰਡ ਅਕਾਉਂਟੈਂਟ ਰੋਹਿਤ ਖੰਨਾ ਨੂੰ ਵੀ ਹਟਾਉਣਾ ਚਾਹੁੰਦੀ ਹੈ।ਇਸ ਤੋਂ ਇਲਾਵਾ ਓ. ਐੱਨ. ਜੀ. ਸੀ. ਦੀ ਸਹਾਇਕ ਮੇਂਗਲੂਰ ਰਿਫਾਈਨਰੀ ਐਂਡ ਪੈਟਰੋਕੈਮੀਕਲਸ ਲਿਮਿਟਡ (ਐੱਮ.ਆਰ.ਪੀ.ਐੱਲ.) ਦੇ ਨਿਰਦੇਸ਼ਕ ਮੰਡਲ ਤੋਂ ਚਾਰਟਰਡ ਅਕਾਉਂਟੈਂਟ ਸੀ. ਐੱਲ. ਸ਼ਾਹ, ਸਾਬਕਾ ਆਈ.ਏ.ਐੱਸ. ਅਧਿਕਾਰੀ ਨੀਲਾ ਗੰਗਾਧਰਨ, ਇੰਡੀਅਨ ਇੰਸਟੀਚਿਊਟ ਆਫ ਸਾਈਂਸ ਦੇ ਪ੍ਰੋਫੈਸਰ ਜਯੰਤ ਐੱਮ. ਮੋਦਕ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮਾਰਕਿਟਿੰਗ ਵਿਭਾਗ ਦੀ ਪ੍ਰੋਫੈਸਰ ਉਸ਼ਾ ਕਿਰਨ ਰਾਏ, ਕੈਪਟਨ ਜਾਨ ਪ੍ਰਸਾਦ ਮੇਨੀਜੀਸ ਨੂੰ ਵੀ ਹਟਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਨਿਰਦੇਸ਼ਕਾਂ ਨੂੰ ਉਸੇ ਤਰ੍ਹਾਂ ਹਟਾਇਆ ਜਾ ਰਿਹਾ ਹੈ ਜਿਵੇਂ ਆਈ.ਓ.ਸੀ. ਦੇ ਮਾਮਲੇ ਵਿਚ ਹੋਇਆ ਸੀ।