ਜਲੰਧਰ, (ਪੀ. ਟੀ)- ਦਿੱਲੀ ਵਿਖੇ ਦੋਪਹੀਆ ਵਾਹਨ ’ਤੇ ਸਿੱਖ ਬੀਬੀਆਂ ਨੂੰ ਸਵਾਰੀ ਦੌਰਾਨ ਹੈਲਮਟ ਤੋਂ ਮਿਲੀ ਛੋਟ ‘ਤੇ ਵੱਖ-ਵੱਖ ਸਿੱਖ ਬੀਬੀਆਂ ਦੀਆਂ ਜਥੇਬੰਦੀਆਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮੁਹਿੰਮ ਨੂੰ ਚਲਾਉਣ ਅਤੇ ਸਿਰੇ ਚੜ੍ਹਾਉਣ ਲਈ ਧੰਨਵਾਦ ਪ੍ਰਗਟਾਇਆ ਹੈ। ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਦਿੱਲੀ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਸਿੱਖ ਬੀਬੀਆਂ ਦੇ ਇਕ ਵੱਡੇ ਵਫਦ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਮਿਲੀ ਛੋਟ ਵਾਸਤੇ ਦਿੱਲੀ ਕਮੇਟੀ ਵਲੋਂ ਨਿਭਾਈ ਗਈ ਉਸਾਰੂ ਭੂਮਿਕਾ ਵਾਸਤੇ ਧੰਨਵਾਦ ਜਤਾਇਆ। ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੂੰ ਇਸ ਛੋਟ ਵਾਸਤੇ ਸ਼ੁਕਰਾਨਾ ਜਤਾਉਂਦੇ ਹੋਏ ਬੀਬੀ ਬਖਸ਼ੀ ਨੇ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਦੇ ਆਧਾਰ ਨੂੰ ਮੁੱਖ ਰੱਖ ਕੇ ਦਿੱਲੀ ਕਮੇਟੀ ਵਲੋਂ ਚਲਾਈ
ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਸਰਕਾਰ ਅਤੇ ਦਿੱਲੀ ਦੇ ਉਪ ਰਾਜਪਾਲ ਨੂੰ ਇਸ ਮਸਲੇ ‘ਤੇ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਚਲਾਈ ਗਈ ਇਸ ਵੱਡੀ ਮੁਹਿੰਮ ਦਾ ਸਿਹਰਾ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੇ ਸਿਰ ਬੰਨ੍ਹਦੇ ਹੋਏ ਦੱਸਿਆ ਕਿ ਦਿੱਲੀ ਦੀਆਂ ਸਿੱਖ ਬੀਬੀਆਂ ਵਲੋਂ ਦਿੱਲੀ ਕਮੇਟੀ ਕੋਲ ਇਸ ਮਸਲੇ ‘ਤੇ ਸਰਕਾਰ ਦੇ ਸਾਹਮਣੇ ਕਰੜਾ ਸਟੈਂਡ ਰੱਖਣ ਦਾ ਦਬਾਅ ਬਣਾਇਆ ਗਿਆ ਸੀ ਤਾਂ ਕਿ ਗੁਰਮਤਿ ਦੇ ਆਧਾਰ ‘ਤੇ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੋਟ ਮਿਲ ਸਕੇ।ਸਿੱਖ ਬੀਬੀਆਂ ਦੀ ਪਛਾਣ ਦੇ ਮਸਲੇ ‘ਤੇ ਦਿੱਲੀ ਕਮੇਟੀ ਵਲੋਂ ਸਿੱਖ ਬੱਚੀਆਂ ਅਤੇ ਬੀਬੀਆਂ ਨੂੰ ਕਮੇਟੀ ਵਲੋਂ ਪਛਾਣ ਪੱਤਰ ਜਾਰੀ ਕਰਨ ਵਾਸਤੇ ਛੇਤੀ ਹੀ ਲੋੜੀਂਦੀ ਵਿਵਸਥਾ ਕਰਨ ਦਾ ਵੀ ਜੀ. ਕੇ. ਨੇ ਭਰੋਸਾ ਦਿੱਤਾ। ਦਿੱਲੀ ਕਮੇਟੀ ਵਲੋਂ ਘੱਟ ਗਿਣਤੀ ਸਿੱਖ ਬੱਚਿਆਂ ਨੂੰ ਕਾਲਜਾਂ ਵਿਚ ਦਾਖਲੇ ਵਾਸਤੇ ਦਿੱਤੇ ਜਾਂਦੇ ਮਾਇਨਾਰਟੀ ਸਟੇਟਸ ਸਰਟੀਫਿਕੇਟ ਦੀ ਤਰਜ਼ ‘ਤੇ ਜੀ. ਕੇ. ਨੇ ਸਾਬਤ ਸੂਰਤ, ਗੁਰਮਤਿ ਦੀਆਂ ਧਾਰਨੀ ਸਿੱਖ ਬੀਬੀਆਂ ਨੂੰ ਸਿੱਖ ਵਜੋਂ ਪਛਾਣ ਪੱਤਰ ਜਾਰੀ ਕਰਨ ਦੀ ਵੀ ਜਾਣਕਾਰੀ ਦਿੱਤੀ।