ਜੱਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ
ਪਹਿਲੇ ਪ੍ਰਕਾਸ਼ ਦਿਵਸ ’ਤੇ ਵਿਸ਼ੇਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਸਤਿਗੁਰੂ ਹਨ ਅਤੇ ਇਸ ਵਿਚ ਦਰਜ ਬਚਨ ਅਲਾਹੀ ਹਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕਰਤਾਰੀ ਸ਼ਕਤੀ ਦੇ ਹੁਕਮ ਅਨੁਸਾਰ ਰਚੀ ਗਈ ਰੱਬੀ ਬਾਣੀ ਦਾ ਖਜ਼ਾਨਾ ਹਨ। ਇਹ ਗਿਆਨ ਦਾ ਉਹ ਸਾਗਰ ਹਨ, ਜਿਸ ਵਿਚ ਟੁੱਭੀ ਲਾ ਕੇ ਪ੍ਰਾਣੀ-ਮਾਤਰ ਆਤਮਿਕ ਗਿਆਨ ਪ੍ਰਾਪਤ ਕਰਨ ਨਾਲ ਪ੍ਰਭੂ ਦੇ ਚਰਨ-ਕਮਲਾਂ ਦੀ ਪ੍ਰੀਤ ਪਾ ਲੈਂਦਾ ਹੈ।
ਗੁਰਬਾਣੀ ਦੇ ਬਚਨ ਸਮੁੱਚੀ ਮਨੁੱਖਤਾ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜੂ ਕਰਵਾਉਂਦੇ ਹਨ, ਜਿਸ ’ਤੇ ਚੱਲ ਕੇ ਮਨੁੱਖੀ-ਜੀਵਨ ਦੇ ਅਸਲ ਸੱਚ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਖ਼ੂਬੀ ਹੈ ਕਿ ਇਹ ਸਮੁੱਚੀ ਲੋਕਾਈ ਨੂੰ ਇੱਕ ਧਾਗੇ ਵਿਚ ਪਰੋਣ ਦਾ ਅਮਲ ਪੇਸ਼ ਕਰਦੀ ਹੈ, ਕਿਉਂਕਿ ਸਮੁੱਚੀ ਮਨੁੱਖਤਾ ਇੱਕੋ ਪਰਮ ਹਸਤੀ (ਪਰਮਾਤਮਾ) ਦੀ ਹੀ ਅੰਸ਼ ਹੈ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਮੁਬਾਰਕ ਕਾਰਜ ਪੰਚਮ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਸਥਾਨ ’ਤੇ ਕੀਤਾ ਅਤੇ ਸਮੇਂ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਲਿਖਣ ਦੀ ਸੇਵਾ ਲਈ। ਇਹ ਪਵਿੱਤਰ ਕਾਰਜ ਸੰਪੂਰਨ ਹੋਣ ਉਪਰੰਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਸੰਮਤ 1661 ਵਿਚ ਭਾਦਰੋਂ ਸੁਦੀ ਏਕਮ ਦੇ ਦਿਨ ਨਗਰ ਕੀਰਤਨ ਦੇ ਰੂਪ ਵਿਚ ਬੜੇ ਸਤਿਕਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆ ਕੇ ਪ੍ਰਕਾਸ਼ਮਾਨ ਕੀਤਾ ਗਿਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨਤਾ ਬਖਸ਼ੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਕਾਰਜ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਦੇ ਅਸਥਾਨ ’ਤੇ ਹੋਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਦੁੱਤੀ ਧਰਮ ਗ੍ਰੰਥ ਹੈ, ਜੋ ਸਭ ਦਾ ਸਾਂਝਾ ਹੈ ਅਤੇ ਸੰਸਾਰ ਦਾ ਹਰ ਪ੍ਰਾਣੀ ਮਾਤਰ ਇਸ ਨੂੰ ਪੜ੍ਹ-ਸੁਣ ਕੇ ਸਚੁੱਜੀ ਤੇ ਉਸਾਰੂ ਜੀਵਨ ਸੇਧ ਪ੍ਰਾਪਤ ਕਰ ਸਕਦਾ ਹੈ। ਇਸ ਦੇ ਪਵਿੱਤਰ ਉਪਦੇਸ਼, ਚਾਰਾਂ ਵਰਨਾਂ ਦੇ ਕਲਿਆਣ ਅਤੇ ਉਧਾਰ ਲਈ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ 748)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਠੋਸ ਅਤੇ ਦਲੀਲ ਭਰਪੂਰ ਸਿਧਾਂਤ ਪੇਸ਼ ਕੀਤੇ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੈਵੀ-ਗਿਆਨ ਦੇ ਲਟ-ਲਟ ਬਲਦੇ ਸੂਰਜ ਦੇ ਰੂਪ ਵਿਚ ਪ੍ਰਕਾਸ਼ਮਾਨ ਹਨ, ਜਿਸ ਦੀ ਚਮਕ ਸਮੇਂ ਦੇ ਗੁਜ਼ਰਨ ਨਾਲ ਘਟਣ ਵਾਲੀ ਨਹੀਂ ਹੈ। ਇਹ ਗਿਆਨ ਦਾ ਸੂਰਜ ਹਮੇਸ਼ਾਂ ਲਈ ਲੋਕਾਈ ਨੂੰ ਉਜਵਲ ਪ੍ਰਕਾਸ਼ ਦੇਣ ਦੇ ਸਮਰੱਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੁਖੀਆਂ ਦੇ ਦੁੱਖ ਹਰਨ, ਮਨ ਦੇ ਸੰਸੇ ਦੂਰ ਕਰਨ, ਡਰ ਅਤੇ ਭਉ ਮਿਟਾ ਕੇ ਨਿਰਭੈ ਬਣਾਉਣ, ਸਾਵੇਂ-ਪੱਧਰੇ ਜੀਵਨ ਦਾ ਮਾਰਗ ਦਰਸਾਉਣ ਅਤੇ ਸਮੁੱਚੇ ਸੰਸਾਰ ਵਿਚ ਏਕਤਾ ਅਤੇ ਸ਼ਾਂਤੀ ਦਾ ਮਾਹੌਲ ਸਥਾਪਤ ਕਰਨ ਵਾਲੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਵਡਮੁੱਲਾ ਸੋਮਾ ਹੈ, ਜੋ ਅਗਿਆਨ ਰੂਪੀ ਹਨ੍ਹੇਰੇ ਤੋਂ ਛੁਟਕਾਰੇ ਦਾ ਮਾਰਗ ਦਰਸਾਉਂਦੀ ਹੈ। ਅਸਲ ਵਿਚ ਗਿਆਨਵਾਨ ਮਨੁੱਖ ਹੀ ਜੀਵਨ ਮਾਰਗ ’ਤੇ ਚੱਲਦਿਆਂ ਆਪਣੀ ਅਸਲ ਮੰਜ਼ਿਲ ’ਤੇ ਪਹੁੰਚ ਸਕਦਾ ਹੈ, ਦੂਸਰੇ ਪਾਸੇ ਅਗਿਆਨੀ ਮਨੁੱਖ ਭਰਮਜਾਲ ਵਿਚ ਫਸ ਕੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ। ਸੋ ਗਿਆਨ ਪ੍ਰਾਪਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਸਰਾ ਬੇਹੱਦ ਜ਼ਰੂਰੀ ਹੈ:
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 67)
ਦਸ ਗੁਰੂ ਸਾਹਿਬਾਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਗੁਰੂ ਹਨ। 1708 ਈਸਵੀ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਭਵਿੱਖ ਵਿਚ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਹਮੇਸ਼ਾ ਲਈ ਖ਼ਤਮ ਕਰਦੇ ਹੋਏ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਂਦੇ ਹੋਏ ਫ਼ੁਰਮਾਇਆ ਸੀ:
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ।
ਅਸਲ ਵਿਚ ‘ਸ਼ਬਦ’ ਨਾਲ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਜੋੜ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਉਚਾਰਣ ਕਰਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ ਸੀ। ਇਸੇ ਤਰ੍ਹਾਂ ਸ਼ਬਦ-ਗੁਰੂ ਦੀ ਪ੍ਰੋੜ੍ਹਤਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪਾਵਨ ਬਾਣੀ ਅੰਦਰ ਇਸ ਤਰ੍ਹਾਂ ਕਰਦੇ ਹਨ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥
(ਪੰਨਾ 982)
ਸ਼ਬਦ-ਗੁਰੂ ਦਾ ਸਤਿਕਾਰ ਗੁਰੂ-ਘਰ ਵਿਚ ਪਰਮੇਸ਼ਰ ਦੇ ਸਾਮਾਨ ਹੈ। ਗੁਰੂ ਤੇ ਪਰਮੇਸ਼ਰ ਸਾਮਾਨ ਹਨ, ਭਾਵ ਇਕ ਹੀ ਹਨ। ਦੋਹਾਂ ਵਿਚ ਕੋਈ ਭੇਦ, ਵੱਖਰਤਾ ਨਹੀਂ ਹੈ। ਗੁਰੂ ਤੇ ਪਰਮੇਸ਼ਰ ਦਾ ਗੁਰਮਤਿ ਵਿਚ ਦਰਜਾ ਬਰਾਬਰ ਅਤੇ ਸਨਮਾਨਯੋਗ ਹੈ:
– ਗੁਰੁ ਪਰਮੇਸਰੁ ਏਕੋ ਜਾਣੁ॥
(ਪੰਨਾ 864)
– ਪਾਰਬ੍ਰਹਮ ਗੁਰ ਨਾਹੀ ਭੇਦ॥
(ਪੰਨਾ 1142)
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਸ਼ੁਭ ਅਵਸਰ ’ਤੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਆਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ।