June 12, 2026 8:58 am

ਸੇਵਾ ਦਾ ਮਸਕੀਨ ਸਿੱਖ ਸੁਰਿੰਦਰ ਸਿੰਘ ਕੰਧਾਰੀ

ਸ. ਸੁਰਿੰਦਰ ਸਿੰਘ ਕੰਧਾਰੀ
imageਇਸ ਦੁਨੀਆਂ ’ਤੇ ਵਾਪਰਕ ਖੇਤਰ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਤਾਂ ਬਹੁਤ ਲੋਕ ਹਨ ਪਰ ਉਹ ਲੋਕ ਬਹੁਤ ਘੱਟ ਹਨ ਜੋ ਦੁਨਿਆਵੀ ਸਫਲਤਾ ਵੱਲ ਧਿਆਨ ਨਾ ਦੇਕੇ ਅੰਦਰੂਨੀ ਭਾਵਨਾਤਮਕ ਸੰਤੁਸ਼ਟੀ ਨੂੰ ਪ੍ਰਾਪਤ ਕਰਦੇ ਹਨ। ਅਜਿਹੇ ਚੁਣੀਂਦਾ ਵਿਅਕਤੀਆਂ ਵਿਚੋਂ ਸ. ਸੁਰਿੰਦਰ ਸਿੰਘ ਕੰਧਾਰੀ ਇੱਕ ਹਨ। ਉਹ ਦੁਬਈ ਦੇ ਅਲ ਦੋਬੋਵੀ ਗਰੁੱਪ ਦੇ ਚੇਅਰਮੈਨ ਅਤੇ ਸੰਸਥਾਪਕ ਹਨ। ਉਨ੍ਹਾਂ ਦੀ 11 ਸਾਲ ਵਿਚ ਕੁਝ ਵੱਖਰਾ ਕਰਨ ਦੀ ਇੱਛਾ ਨੇ ਹੀ ਲੋਕਾਂ ਲਈ ਅਜਿਹਾ ਧਾਰਮਿਕ ਸਥਾਨ ਬਣਾ ਦਿੱਤਾ ਜੋ ਕਿ ਦੁਨੀਆਂ ਵਿਚ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਯੂ ਏ ਈ ਦੀ ਸਿੱਖ ਅਤੇ ਸਿੰਧੀ ਕੌਮ ਦੀ ਅਗਵਾਈ ਕਰਦੇ ਹੋਏ ਦੁਬਈ ਦੇ ਮੱਧ ਪੂਰਬ ਵਿਚ ਜੈਬਲ ਅਲੀ ਵਿਖੇ ਪਹਿਲਾ ਗੁਰਦੁਆਰਾ ਬਣਾ ਕੇ ਇਕ ਇਤਿਹਾਸ ਰਚਿਆ ਹੈ। ਇਸ ਮਹਾਨ ਸ਼ਖਸੀਅਤ ਦਾ ਜਨਮ 1948 ਵਿਚ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਖੇ ਹੋਇਆ। ਉਨ੍ਹਾਂ ਦੀ ਸਕੂਲੀ ਪੜ੍ਹਾਈ ਹੈਦਰਾਬਾਦ ਪਬਲਿਕ ਸਕੂਲ ਤੋਂ ਹੋਈ ਅਤੇ ਲੋਯੌਲਾ ਕਾਲਜ, ਚੇਨਈ ਤੋਂ ਕਾਮਰਸ ਵਿਚ ਆਨਰ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਬੱਬਲ ਨਾਂ ਦੀ ਕੁੜੀ ਨਾਲ ਹੋਇਆ। ਅਤੇ ਹੁਣ ਉਨ੍ਹਾਂ ਦੇ ਦੋ ਸਪੁੱਤਰ ਹਨ, ਜਸਜੀਵ ਸਿੰਘ ਅਤੇ ਹਰਜੀਵ ਸਿੰਘ। ਇਨ੍ਹਾਂ ਦੇ ਦੋਨੋਂ ਪੁੱਤਰਾਂ ਨੇ ਯੂਰਪ ਦੇ ਵੱਡੇ ਪੱਧਰ ਦੇ ਇੰਸਟੀਚਿਊਸ਼ਨਜ਼ ਤੋਂ ਪੜ੍ਹਾਈ ਕੀਤੀ ਹੈ। ਜਸਜੀਵ ਯੂਰਪ ਵਿਚ ਹੀ ਚਾਰਟਡ ਅਕਾਊਟੈਂਟ ਹੈ ਅਤੇ ਹਰਜੀਵ ਨਿੱਜੀ ਬੈਂਕਿੰਗ ਖੇਤਰ ਵਿਚ ਦਿਲਚਸਪੀ ਰੱਖਦਾ ਹੈ। 

58 ਸਾਲ ਪਹਿਲਾਂ ਸ. ਸੁਰਿੰਦਰ ਸਿੰਘ ਜੀ ਦੇ ਦਾਦਾ ਸ. ਆਤਮਾ ਸਿੰਘ ਨੇ ਉਨ੍ਹਾਂ  ਨੂੰ ਕਿਹਾ ਸੀ ਕਿ ਇਕ ਦਿਨ ਉਹ ਗੁਰਦੁਆਰਾ ਬਣਾਵੇਗਾ। ਇਸ ਤੋਂ ਇਲਾਵਾ ਇਕ ਦਿਨ ਅਚਾਨਕ ਜਦੋਂ ਸੁਰਿੰਦਰ ਕੰਧਾਰੀ 12 ਸਾਲ ਦੇ ਸਨ ਅਤੇ ਹੈਦਰਾਬਾਦ ਪਬਲਿਕ ਸਕੂਲ ਵਿਖੇ ਪੜ੍ਹਦੇ ਸਨ ਤਾਂ ਇਕ ਜੋਤਸ਼ੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ 45 ਸਾਲ ਦੀ ਉਮਰ ਵਿਚ ਗ੍ਰੰਥੀ ਭਾਵ ਪਾਠੀ ਬਣੇਗਾ। ਸੁਰਿੰਦਰ ਸਿੰਘ ਕੰਧਾਰੀ ਨੇ ਉਸ ਸਮੇਂ ਜੋਤਸ਼ੀ ਨੂੰ ਕਿਹਾ ਕਿ ਨਹੀਂ ਉਸ ਤਾਂ ਆਪਣੇ ਪਰਿਵਾਰਕ ਕਾਰੋਬਾਰ ਨੂੰ ਹੀ ਅੱਗੇ ਵਧਾਵੇਗਾ। ਪਾਠੀ ਕਦੀ ਵੀ ਨਹੀਂ ਬਣੇਗਾ।
ਸੰਨ 1976 ਵਿਚ ਜਦੋਂ ਉਹ 26 ਸਾਲ ਦੇ ਸਨ ਤਾਂ ਉਸ ਸਮੇਂ ਆਪਣੀ ਪਤਨੀ ਬੱਬਲ ਅਤੇ ਸਪੁੱਤਰਾਂ ਸਮੇਤ ਉਹ ਯੂ.ਏ.ਈ. ਆ ਗਏ। ਉਥੇ ਆ ਕੇ ਉਨ੍ਹਾਂ ਨੇ ਆਟੋਮੇਟਿਵ ਪਾਰਟਜ਼ ਬਿਜ਼ਨਸ ਨੂੰ ਸੰਭਾਲਿਆ ਅਤੇ ਜਿਵੇਂ ਹੀ ਦੁਬਈ ਦਾ ਵਿਕਾਸ ਹੁੰਦਾ ਗਿਆ ਉਨ੍ਹਾਂ ਦਾ ਕਾਰੋਬਾਰ ਵੀ ਵਧਿਆ ਫੁੱਲਿਆ। ਯੂ ਏ ਈ ਵਿਚ ਉਨ੍ਹਾਂ ਦੀ ਟਾਇਰ ਫੈਕਟਰੀ ਦੀਆਂ ਕਈ ਬ੍ਰਾਂਚਾਂ ਹਨ। ਇਨ੍ਹਾਂ ਸਫਲਤਾਵਾਂ ਤੋਂ ਇਲਾਵਾ ਸੁਰਿੰਦਰ ਸਿੰਘ ਕੰਧਾਰੀ ਜੀ ਇਕ ਸਪੋਰਟਸਮੈਨ ਅਤੇ ਦੁਬਈ ਦੇ ਐਮੀਰੇਟਸ ਗੋਲਫ ਕਲੱਬ ਦੇ ਕਪਤਾਨ ਵੀ ਹਨ।
ਜਦੋਂ ਸ. ਸੁਰਿੰਦਰ ਸਿੰਘ ਕੰਧਾਰੀ ਅਤੇ ਉਨ੍ਹਾਂ ਦਾ ਪਰਿਵਾਰ ਦੁਬਈ ਆਏ  ਸਨ ਅਤੇ ਉਨ੍ਹਾਂ ਨੂੰ ਉਥੇ ਇਕ ਚੀਜ਼ ਦੀ ਕਮੀ ਨਜ਼ਰ ਆਈ, ਉਹ ਕਮੀ ਸੀ ਕਿ ਉਥੇ ਕੋਈ ਗੁਰਦੁਆਰਾ ਨਹੀਂ ਸੀ। ਅੱਜ ਸੁਰਿੰਦਰ ਸਿੰਘ ਕੰਧਾਰੀ ਜੀ ਦਾ ਸੁਪਨਾ ਪੂਰਾ ਹੋ ਚੁੱਕਾ ਹੈ ਜੋ ਕਾਰਜ ਉਨ੍ਹਾਂ ਦੇ ਸਿਰੜ ਸਦਕਾ 1987 ਵਿਚ ਸ਼ੁਰੂ ਹੋਇਆ ਸੀ ਉਹ 2008 ਵਿਚ ਨਿਰਵਿਘਨ ਪੂਰਾ ਹੋ ਗਿਆ ਹੈ। ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਉਨ੍ਹਾਂ ਲਈ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੂੰ ਮਾਣ ਹੈ ਕਿ ਇਹ ਗੁਰਦੁਆਰਾ ਸਿੱਖ ਇਤਿਹਾਸ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਇਸ ਗੁਰੁਦਆਰੇ ਦੀ ਸਥਾਪਨਾ ਨਾਲ ਦੁਬਈ ਦੀ ਵੀ ਸ਼ਾਨ ਵਧੀ ਹੈ।

Send this to a friend