June 12, 2026 10:08 am

ਗੁਰਬਚਨ ਭੁੱਲਰ ਦੀ ਕਹਾਣੀ ’ਤੇ ਆਧਾਰਿਤ ਲਘੂ ਫ਼ਿਲਮ ‘ਖ਼ੂਨ’ ਦਾ ਫ਼ਿਲਮਾਂਕਣ

image ਅਖੌਤੀ ਆਧੁਨਿਕਤਾ ਦੀ ਆੜ ਵਿਚ ਨੰਗ-ਧੰਗ, ਇਸ਼ਕਬਾਜ਼ੀ, ਫੁਕਰੇਪਣ, ਦੋ-ਅਰਥੀ ਕਾਮੇਡੀ ਅਤੇ ਨਿਰੋਲ ਹਾਸੇ-ਠੱਠੇ ਨੂੰ ਆਧਾਰ ਬਣਾ ਕੇ ਅੱਜ ਧੜਾ-ਧੜ ਬਣ ਰਹੀਆਂ ਪੰਜਾਬੀ ਫ਼ਿਲਮਾਂ ਦੇ ਦੌਰ ਵਿਚ, ਕੋਈ ਸੁਨੇਹਾ ਦੇਣ ਦੇ ਮਕਸਦ ਨਾਲ, ਕਿਸੇ ਸਾਹਿੱਤਿਕ ਕਹਾਣੀ ਨੂੰ ਫ਼ਿਲਮਾਉਣ ਦਾ ਜੇਰਾ ਕਰਨਾ ਕੋਈ ਨਿੱਕੀ ਗੱਲ ਨਹੀਂ ਹੈ। ਪੰਜਾਬੀ ਸ਼ਾਇਰੀ ਵਿਚ ਜਗਤ ਪ੍ਰਸਿੱਧੀ ਖੱਟਣ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਨੇ ਇਹ ਹੌਂਸਲਾ ਦੂਜੀ ਵਾਰ ਕੀਤਾ ਹੈ। ਮਰਹੂਮ ਸਾਹਿਤਕਾਰ ਰਾਮ ਸਰੂਪ ਅਣਖੀ ਦੀ ਕਹਾਣੀ ਉ¤ਤੇ ‘ਸੁੱਤਾ ਨਾਗ’ ਲਘੂ ਫ਼ਿਲਮ ਬਣਾਕੇ ਦੇਸ਼-ਵਿਦੇਸ਼ ਦੇ ਪੰਜਾਬੀਆਂ ਵਿਚ ਭੱਲ ਖੱਟਣ ਤੋਂ ਬਾਅਦ ਹੁਣ ਉਸ ਨੇ ਪ੍ਰਸਿੱਧ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖ਼ੂਨ’ ਨੂੰ ਮੂਲ ਰੂਪ ਵਿਚ ਫ਼ਿਲਮਾਇਆ ਹੈ। ਪੇਂਡੂ ਸਮਾਜ ਵਿਚ ਜ਼ਮੀਨਾਂ ਕਾਰਨ ਰਿਸ਼ਤਿਆਂ ਵਿਚ ਹੁੰਦੀ ਟੁੱਟ-ਭੱਜ ਦੀ ਕਹਾਣੀ ਬਿਆਨਣ ਵਾਲੀ ਇਸ ਫ਼ਿਲਮ ਨੂੰ ਮਾਲਵੇ ਦੇ ਤਲਵੰਡੀ ਸਾਬੋ ਖੇਤਰ ਵਿਚ ਫ਼ਿਲਮਾਇਆ ਗਿਆ ਹੈ। ਅੱਜ ਵੀ ਪੁਰਾਤਨ ਪੇਂਡੂ ਜੀਵਨ ਦੀਆਂ ਝਲਕਾਂ ਸਮੋਈ ਬੈਠੇ ਲਹਿਰੀ, ਮੈਨੂੰਆਣਾ, ਮਿਰਜੇਆਣਾ, ਕੌਰੇਆਣਾ, ਕਲਾਲ ਵਾਲਾ ਆਦਿ ਪਿੰਡਾਂ ਦੀਆਂ ਖੂਬਸੂਰਤ ਲੋਕੇਸ਼ਨਾਂ ਨੂੰ ਪਰਮਿੰਦਰ ਸਿੰਘ ਨੇ ਇਸ ਫ਼ਿਲਮ ਲਈ ਕੈਮਰੇ ਵਿਚ ਕੈਦ ਕੀਤਾ ਹੈ।

ਟਾਂਡਾ ਫ਼ਿਲਮਜ਼ ਨਾਰਵੇ ਅਤੇ ਤਖ਼ਤ ਹਜ਼ਾਰਾ ਫ਼ਿਲਮ ਦੀ ਪ੍ਰੋਡਕਸ਼ਨ ‘ਖ਼ੂਨ’ ਦੀ ਨਿਰਦੇਸ਼ਨਾ ਦੇ ਨਾਲ-ਨਾਲ ਅਮਰਦੀਪ ਨੇ ਇਸ ਦੀ ਕਹਾਣੀ ਨੂੰ ਫ਼ਿਲਮੀ ਰੰਗ ਵੀ ਦਿੱਤਾ ਹੈ। ਬਲਵੀਰ ਟਾਂਡਾ ਨਾਰਵੇ ਅਤੇ ਅਮਰਦੀਪ ਸਿੰਘ ਗਿੱਲ ਦੇ ਨਿਰਮਾਣ ਅਧੀਨ ਤਿਆਰ ਹੋ ਰਹੀ ਇਹ ਫ਼ਿਲਮ ‘ਸੁੱਤਾ ਨਾਗ’ ਵਾਂਗ ਪਹਿਲਾਂ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਲੱਗਦੇ ਮੇਲਿਆਂ ਵਿਚ ਵਿਖਾਉਣ ਤੋਂ ਬਾਅਦ ਪੰਜਾਬ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ। ਫ਼ਿਲਮ ਵਿਚ ਹਰਸ਼ਰਨ ਹੈਰੀ, ਕੁੱਲ ਸਿੱਧੂ, ਸੁੱਖੀ ਬੱਲ, ਭਾਰਤੀ ਦੱਤ, ਸੁਖਦੇਵ ਬਰਨਾਲਾ, ਅਜੇ ਜੇਠੀ, ਗੁਲਜ਼ਾਰ ਅਜੀਜ਼, ਹਰਦੀਪ ਬਰਾੜ, ਕੇਵਲ ਬਾਂਸਲ, ਗੁਰਪ੍ਰੀਤ ਤੋਤੀ, ਹਰਵਿੰਦਰ ਤਾਤਲਾ, ਮਹਿੰਦਰਪਾਲ, ਮਿਲਨ ਮਨਦੀਪ, ਗੁਰੀ ਮਾਂਗਟ, ਰੁਪਿੰਦਰ ਸਿੰਘ ਮਾਨ, ਸਰਬਜੀਤ ਗਿੱਲ ਅਤੇ ਮਾਸਟਰ ਹਰਮਨ ਕੈਂਥ ਆਦਿ ਨੇ ਆਪਣੀ ਅਦਾਕਾਰੀ ਦੇ ਜਲਵੇ ਵਿਖਾਏ ਹਨ।

Send this to a friend