ਨਵੀਂ ਦਿੱਲੀ, 29 ਅਗਸਤ (ਪੀ. ਟੀ)- ਕਾਰ ’ਚ ਅੱਗ ਲੱਗਣ ਦੇ ਕਾਰਨ ਮ੍ਰਿਤਕ ਮੰਨ ਲਏ ਗਏ ਆਰ.ਟੀ.ਆਈ. ਕਾਰਜ ਕਰਤਾ ਨੂੰ ਬੰਗਲੌਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿੱਥੇ ਉਹ ਇਕ ਹੋਰ ਮਹਿਲਾ (ਪ੍ਰੇਮਿਕਾ) ਨਾਲ ਰਹਿ ਰਿਹਾ ਸੀ। ਉਹ ਪਹਿਲਾ ਤੋਂ ਹੀ ਸ਼ਾਦੀਸ਼ੁਦਾ ਸੀ। ਚੰਦਰਮੋਹਨ ਸ਼ਰਮਾ ਦੀ ਕਾਰ ‘ਚ ਲੱਗੀ ਅੱਗ ਅਤੇ ਉਸ ਵਿਚੋਂ ਬਰਾਮਦ ਕੀਤੀ ਗਈ ਲਾਸ਼ ਮਾਮਲੇ ਤੋਂ ਆਖ਼ਿਰਕਾਰ ਪਰਦਾ ਹੱਟ ਗਿਆ ਹੈ। ਮੌਤ ਦਾ ਨਾਟਕ ਕਰਕੇ ਇਕ ਮਹਿਲਾ ਮਿੱਤਰ ਨਾਲ ਬੰਗਲੌਰ ‘ਚ ਲੁਕੇ ਚੰਦਰਮੋਹਨ ਨੂੰ ਪੁਲਿਸ ਟੀਮ ਨੋਇਡਾ ਲੈ ਕੇ ਆਈ। ਪੁਲਿਸ ਨੇ ਖ਼ੁਲਾਸਾ ਕੀਤਾ ਕਿ ਇਕ ਮਾਨਸਿਕ ਰੋਗੀ ਆਦਮੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਨੂੰ ਆਪਣੀ ਕਾਰ ’ਚ ਚੰਦਰ ਮੋਹਨ ਨੇ ਸਾੜ ਦਿੱਤੀ ਸੀ। ਉਹ ਬੰਗਲੌਰ ‘ਚ ਇਕ ਹੋਰ ਵਿਅਕਤੀ ਦੇ ਨਾਮ ਤੋਂ ਨੌਕਰੀ ਕਰ ਰਿਹਾ ਸੀ। ਇਸ ਪੂਰੇ ਮਾਮਲੇ ‘ਚ ਉਸਦਾ ਇਕ
ਰਿਸ਼ਤੇਦਾਰ ਉਸ ਦੇ ਨਾਲ ਮਿਲਿਆ ਹੋਇਆ ਸੀ, ਜਿਸ ਦੀ ਤਲਾਸ਼ ਚੱਲ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਿਕ ਆਰ.ਟੀ.ਆਈ. ਕਾਰਜਕਰਤਾ ਚੰਦਰਮੋਹਨ ਸ਼ਰਮਾ ਉਸ ਵਕਤ ਫੜਿਆ ਗਿਆ ਜਦੋਂ ਉਸ ਮਹਿਲਾ ਦੇ ਮੋਬਾਈਲ ਫ਼ੋਨ ‘ਤੇ ਪੁਲਿਸ ਨੇ ਨਜ਼ਰ ਰੱਖੀ ਜਿਸ ਦੇ ਨਾਲ ਉਹ ਰਹਿ ਰਿਹਾ ਸੀ। ਪੁਲਿਸ ਅਨੁਸਾਰ ਚੰਦਰਮੋਹਨ ਦੇ ਆਪਣੀ ਪਤਨੀ ਅਤੇ ਸਮਾਜਿਕ ਕਾਰਜ ਕਰਤਾ ਸਵਿਤਾ ਨਾਲ ਤਣਾਅ ਗ੍ਰਸਤ ਸਬੰਧ ਚੱਲ ਰਹੇ ਸਨ। ਪੁਲਿਸ ਨੇ ਅੱਗੇ ਦੱਸਿਆ ਕਿ ਚੰਦਰਮੋਹਨ ਨੇ ਇਕ ਮਾਨਸਿਕ ਰੋਗੀ ਵਿਅਕਤੀ ਨੂੰ ਆਪਣੀ ਕਾਰ ‘ਚ ਅੱਗ ਲਗਾ ਦਿੱਤੀ ਸੀ ਤੇ ਚੰਦਰ ਮੋਹਨ ਨੇ ਕਾਰ ‘ਚ ਆਪਣਾ ਪਰਸ ਅਤੇ ਕੱਪੜੇ ਵੀ ਛੱਡ ਦਿੱਤੇ ਸਨ ਤਾਂ ਜੋ ਲੋਕ ਉਸ ਦੀ ਲਾਸ਼ ਸਮਝਣ। ਇਸ ਦੇ ਨਾਲ ਉਸ ਨੇ ਆਪਣੇ ਆਪ ਨੂੰ ਮ੍ਰਿਤਕ ਐਲਾਨ ਕਰਵਾ ਲਿਆ ਅਤੇ ਬਾਅਦ ‘ਚ ਉਹ ਬੰਗਲੌਰ ਚਲਾ ਗਿਆ ਅਤੇ ਆਪਣੀ ਪ੍ਰੇਮਿਕਾ ਨਾਲ ਰਹਿਣ ਲਗਾ।



