ਨਵੀਂ ਦਿੱਲੀ, 29 ਅਗਸਤ (ਪੀ. ਟੀ.)- ਚੋਟੀ ਦੇ ਸਨਅਤਕਾਰ ਕੁਮਾਰ ਮੰਗਲਮ ਬਿਰਲਾ ਅਤੇ ਹੋਰਨਾਂ ਜਿਨ੍ਹਾਂ ਦਾ ਕੋਲਾ ਬਲਾਕਾਂ ਦੀ ਵੰਡ ਘੁਟਾਲੇ ਦੇ ਮਾਮਲਿਆਂ ਵਿਚ ਦਰਜ ਐਫ. ਆਈ. ਆਰ. ਵਿਚ ਦੋਸ਼ੀਆਂ ਵਜੋਂ ਨਾਂਅ ਦਰਜ ਸੀ ਨੂੰ ਰਾਹਤ ਦਿੰਦਿਆਂ ਸੀ. ਬੀ. ਆਈ. ਨੇ ਇਥੇ ਵਿਸ਼ੇਸ਼ ਅਦਾਲਤ ਵਿਚ ਕੇਸ ਬੰਦ ਕਰਨ ਲਈ (ਕਲੋਜ਼ਰ ਰਿਪੋਰਟ) ਰਿਪੋਰਟ ਦਾਇਰ ਕਰ ਦਿੱਤੀ ਹੈ। ਸੀ. ਬੀ. ਆਈ. ਨੇ ਅਦਾਲਤ ਨੂੰ ਦੱਸਿਆ ਕਿ ਉਹ ਮਾਮਲੇ ਨਾਲ ਸਬੰਧਤ ਕੁਝ ਦਸਤਾਵੇਜ਼ ਅਦਾਲਤ ਸਾਹਮਣੇ ਪੇਸ਼ ਕਰੇਗੀ ਜਿਸ ਪਿੱਛੋਂ ਸੀ. ਬੀ. ਆਈ. ਜੱਜ ਭਾਰਤ ਪ੍ਰਾਸ਼ਰ ਨੇ ਕਲੋਜ਼ਰ ਰਿਪੋਰਟ ‘ਤੇ ਵਿਚਾਰ ਕਰਨ ਲਈ ਮਾਮਲੇ ਦੀ ਸੁਣਵਾਈ ਇਕ ਸਤੰਬਰ ‘ਤੇ ਪਾ ਦਿੱਤੀ ਹੈ। ਸੀ. ਬੀ. ਆਈ. ਨੇ ਪਿਛਲੇ ਸਾਲ ਅਕਤੂਬਰ ਮਹੀਨੇ ਬਿਰਲਾ ਅਤੇ ਸਾਬਕਾ ਕੋਲਾ ਸਕੱਤਰ ਪੀ. ਸੀ. ਪਾਰੇਖ ਖਿਲਾਫ ਐਫ. ਆਈ. ਆਰ. ਦਰਜ ਕੀਤੀ ਸੀ ਅਤੇ ਦੋਸ਼ ਲਾਇਆ ਸੀ ਕਿ ਪਾਰੇਖ ਨੇ ਹਿੰਡਾਲਕੋ ਨੂੰ ਕੋਲਾ ਬਲਾਕਾਂ ਦੀ ਵੰਡ
ਰੱਦ ਕਰਨ ਦੇ ਆਪਣੇ ਫੈਸਲੇ ਨੂੰ ਬਿਨਾ ਕਿਸੇ ਯੋਗ ਆਧਾਰ ਜਾਂ ਹਾਲਾਤ ‘ਚ ਤਬਦੀਲੀ ਦੇ ਬਦਲ ਦਿੱਤਾ ਸੀ ਅਤੇ ਅਣਉਚਿੱਤ ਪੱਖਪਾਤ ਕੀਤਾ ਸੀ। ਇਹ ਐਫ. ਆਈ. ਆਰ. 2005 ਵਿਚ ਤਾਲਾਬੀਰਾ ਦੋ ਅਤੇ ਤਿੰਨ ਕੋਲਾ ਬਲਾਕਾਂ ਦੀ ਵੰਡ ਦੇ ਸਬੰਧ ਵਿਚ ਸੀ ਅਤੇ ਸੀ. ਬੀ. ਆਈ. ਨੇ ਬਿਰਲਾ, ਪਾਰੇਖ ਅਤੇ ਹਿੰਡਾਲਕੋ ਦੇ ਹੋਰਨਾ ਅਧਿਕਾਰੀਆਂ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।



