ਚੰਡੀਗੜ੍ਹ 29 ਅਗਸਤ (ਪੀ. ਟੀ)- ਅਖਬਾਰਾਂ ਦੇ ਇਕ ਹਿੱਸੇ ਵਿਚ ਪ੍ਰਕਾਸ਼ਿਤ ਹੋਈਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵੱਖ-ਵੱਖ ਦੇਸ਼ਾਂ ਵਿੱਚ ਸਥਾਈ ਰਿਹਾਇਸ਼ੀ ਵੀਜ਼ੇ/ਗਰੀਨ ਕਾਰਡ/ਪ੍ਰਵਾਸੀ ਸਟੇਟਸ ਉਤੇ ਮੌਜੂਦਾ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਰਹਿ ਰਹੇ ਰਾਜ ਸਰਕਾਰ ਦੇ ਮੁਲਾਜ਼ਮਾਂ ਸਬੰਧੀ ਮਾਮਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਅਤੇ ਰਾਜ ਸਰਕਾਰ ਦੇ ਉਨ੍ਹਾਂ ਸਾਰੇ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੇ ਪੱਕਾ ਰਿਹਾਇਸੀ ਵੀਜ਼ਾ/ਗਰੀਨ ਕਾਰਡ/ਪ੍ਰਵਾਸੀ ਸਟੇਟਸ ਵੱਖ ਵੱਖ ਦੇਸ਼ਾਂ ਵਿਚ ਪ੍ਰਾਪਤ ਕੀਤਾ ਹੋਇਆ ਹੈ। ਉਨ੍ਹਾਂ ਨੇ ਇਸ ਸਬੰਧੀ ਰਿਪੋਰਟ 2 ਮਹੀਨਿਆਂ ਵਿਚ ਪੇਸ਼ ਕਰਨ ਲਈ ਆਖਿਆ ਹੈ। ਮੁਢਲੇ ਰੂਪ ਵਿੱਚ
ਇਹ ਸਰਕਾਰੀ ਮੁਲਾਜ਼ਮਾਂ ਦੇ ਪੱਖ ਤੋਂ ਗੰਭੀਰ ਉਲਘਣਾ ਹੈ। ਮੁੱਖ ਮੰਤਰੀ ਨੇ ਸਾਰੇ ਵਿੱਤੀ ਕਮਿਸ਼ਨਰਾਂ/ਪ੍ਰਮੁੱਖ ਸਕੱਤਰਾਂ ਨੂੰ ਹਦਾਇਤਾਂ ਜਾਰੀ ਕਰਨ ਲਈ ਮੁੱਖ ਸਕੱਤਰ ਨੂੰ ਆਖਿਆ ਹੈ ਤਾਂ ਜੋ ਸਾਰੇ ਵਿਭਾਗ/ਕਾਰਪੋਰੇਸ਼ਨਾਂ/ਬੋਰਡ ਸਬੰਧਤ ਮੁੱਖ ਵਿਜੀਲੈਂਸ ਅਧਿਕਾਰੀਆਂ ਨੂੰ ਇਹ ਜਾਂਚ ਮੁਕੰਮਲ ਕਰਵਾਉਣ ਲਈ ਯਕੀਨੀ ਬਨਾਉਣ ਅਤੇ ਵਿਜੀਲੈਂਸ ਬਿਓਰੋ ਵਲੋਂ ਮੰਗੀ ਜਾਣ ਵਾਲੀ ਸੂਚਨਾ ਮੁੱਹਈਆ ਕਰਵਾਉਣ।



