ਮੋਹਾਲੀ, 28 ਅਗਸਤ (ਪੀ. ਟੀ)- ਪੰਜਾਬ ਦੇ ਇਕ ਇੰਜੀਨੀਅਰਿੰਗ ਕਾਲਜ ‘ਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਸ਼੍ਰੀਲੰਕਾ-ਪਾਕਿਸਾਤਨ ਵਿਚਕਾਰ ਹੋ ਰਹੇ ਕ੍ਰਿਕਟ ਮੈਚ ਨੂੰ ਲੈ ਕੇ ਪਾਕਿਸਤਾਨ ਦੀ ਹਮਾਇਤ ‘ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਦਰਅਸਲ, ਪੰਜਾਬ ਦੇ ਮੋਹਾਲੀ ਦੇ ਲਾਲੜੂ ਇਲਾਕੇ ‘ਚ ਸਥਿਤ ਸੁਆਮੀ ਪਰਮਾਨੰਦ ਕਾਲਜ ਦੇ ਹੋਸਟਲ ‘ਚ ਮੰਗਲਵਾਰ ਦੇਰ ਰਾਤ ਕ੍ਰਿਕਟ ਮੈਚ ਦੇਖਦੇ ਸਮੇਂ ਬਵਾਲ ਹੋ ਗਿਆ। ਪਾਕਿ ਹਮਾਇਤੀ ਵਲੋਂ ਨਾਅਰੇਬਾਜ਼ੀ ਕਾਰਨ ਕੁੱਟਮਾਰ ਅਤੇ ਤੋੜਫੋੜ ਦੀ ਘਟਨਾ ‘ਚ 6 ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 5 ਵਿਦਿਆਰਥੀ ਪੂਰਬੀ ਭਾਰਤ ਦੇ ਅਤੇ ਇਕ ਕਸ਼ਮਰੀ ਦਾ ਰਹਿਣ ਵਾਲਾ ਦੱਸਿਆ ਗਿਆ ਹੈ।ਬਾਅਦ ‘ਚ ਬੁੱਧਵਾਰ ਨੂੰ ਪੂਰਬੀ ਭਾਰਤ ਦੇ ਵਿਦਿਆਰਥੀਆਂ ਨੇ ਕਸ਼ਮੀਰੀ
ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਨੈਸ਼ਨਲ ਹਾਈ-ਵੇ ‘ਤੇ ਚੱਕਾ ਜਾਮ ਕਰ ਦਿੱਤਾ।ਉੱਥੇ ਹੀ ਮੈਨੇਜਮੈਂਟ ਨੇ ਕਾਲਜ ਨੂੰ 8 ਸਤੰਬਰ ਤੱਕ ਤਾਲਾ ਠੋਕ ਦਿੱਤਾ ਹੈ।ਪੂਰਬੀ ਭਾਰਤ ਦੇ ਵਿਦਿਆਰਥੀਆਂ ਦਾ ਆਰੋਪ ਹੈ ਕਿ ਸ਼੍ਰੀਲੰਕਾ-ਪਾਕਿਸਤਾਨ ਮੈਚ ਦੌਰਾਨ ਮੰਗਲਵਾਰ ਰਾਤ 9 ਵਜੇ ਕਸ਼ਮੀਰੀ ਵਿਦਿਆਰਥੀਆਂ ਨੇ ਪਾਕਿਸਤਾਨ ਦੇ ਹੱਕ ‘ਚ ਨਾਅਰੇ ਲਗਾਏ, ਜਿਸ ਨਾਲ ਤਣਾਅ ਵਧਿਆ ਜਦਕਿ ਕਸ਼ਮੀਰੀ ਵਿਦਿਆਰਥੀਆਂ ਨੇ ਇਸ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਹੋਸਟਲ ਵਾਰਡਨ ਨੇ ਗਾਲੀ-ਗਲੋਚ ਕੀਤਾ, ਜਿਸ ਨਾਲ ਝਗੜਾ ਹੋਇਆ।ਗੌਰਤਲਬ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਮਾਰਚ ਵਿਚ ਮੇਰਠ ਦੀ ਇਕ ਯੂਨੀਵਰਸਿਟੀ ‘ਚੋਂ ਅਜਿਹੀ ਹਰਕਤ ਕਰਕੇ ਹੀ 67 ਵਿਦਿਆਰਥੀਆਂ ਨੂੰ ਕੱਢ ਦਿੱਤਾ ਸੀ।



