ਚੰਡੀਗੜ੍ਹ, 26 ਅਗਸਤ (ਪੀ. ਟੀ)- ਗੈਰਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਾਉਣ ਲਈ ਰਾਹਤ ਦਿੰਦਿਆਂ ਰੈਗੂਲਰਾਈਜੇਸ਼ਨ ਲਈ ਇਕ ਸਾਲ ਦਾ ਸਮਾਂ ਹੋਰ ਵਧਾ ਦਿਤਾ ਗਿਆ ਹੈ। ਇਸ ਸਬੰਧੀ ਫੈਸਲੇ ਨੂੰ ਅੱਜ ਪੰਜਾਬ ਕੈਬਨਿਟ ਵਲੋਂ ਮਨਜੂਰੀ ਦੇ ਦਿਤੀ ਗਈ ਹੈ। ਇਸ ਸਬੰਧੀ ਪੰਜਾਬ ਕੈਬਨਿਟ ਮੀਟਿੰਗ ਦੀ ਸਮਾਪਤੀ ਤੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦੱਸਿਆ ਕਿ ਇਸ ਨਾਲ ਲੋਕਾਂ ਨੁੰ ਵੱਡੀ ਰਾਹਤ ਮਿਲੇਗੀ।ਤਲਵੰਡੀ ਸਾਬੋ ਚ ਵੱਡੀ ਲੀਡ ਮਿਲਣ ਨਾਲ ਖੁਸ਼ ਆ ਰਹੇ ਸੁਖਬੀਰ ਨੇ ਕਿਹਾ ਕਿ 29 ਸਾਲਾਂ ਬਾਦ ਅਕਾਲੀ ਦਲ ਨੇ ਇਹ ਸੀਟ ਜਿੱਤੀ ਹੈ। ਉਥੇ ਪ੍ਰਤਾਪ ਬਾਜਵਾ ਨੇ ਮਨਪ੍ਰੀਤ ਬਾਦਲ ਸਮੇਤ ਸਾਰੇ ਆਪਣੇ ਚੇਲਿਆਂ ਨਾਲ ਪੂਰਾ ਜ਼ੋਰ ਲਾਇਆ ਤੇ ਇਸ ਦੇ ਬਾਵਜੂਦ ਵੀ ਅਕਾਲੀ ਦਲ ਨੇ 46000 ਤੋਂ ਵੱਧ ਲੀਡ ਨਾਲ
ਜਿੱਤ ਪ੍ਰਾਪਤ ਕੀਤੀ ਹੈ ਅਤੇ ਕਾਂਗਰਸੀ ਉਮੀਦਵਾਰ ਦੀ ਮੁਸ਼ਕਲ ਨਾਲ ਜ਼ਮਾਨਤ ਬਚੀ ਹੈ। ਦੂਜੇ ਪਾਸੇ ਪਟਿਆਲਾ ਚ ਵੀ ਅਸੀਂ ਹੁਣ ਤਕ ਦੀਆਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਬਾਦਲ ਸਰਕਾਰ ਚ ਵਿਸ਼ਵਾਸ ਹੈ ਤੇ ਅਸੀਂ ਇਸ ਭਰੋਸੇ ਤੇ ਪੂਰਾ ਉਤਰਾਂਗੇ। ਬਿਜਲੀ ਦੀ ਸਮੱਸਿਆ ਤੇ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਸ ਵੇਲੇ ਕੋਲੇ ਦੀ ਥੋੜੀ ਬਹੁਤ ਸਮੱਸਿਆ ਹੈ ਜੋ ਛੇਤੀ ਹੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਰਕਾਰ ਦਾ ਪੂਰਾ ਸਮਾਂ ਸੂਬੇ ਦੇ ਬੁਨਿਆਦੀ ਵਿਕਾਸ ਵੱਲ ਲਿਆਵਾਂਗੇ ਤੇ ਪ੍ਰਸ਼ਾਸਨਕ ਸੁਧਾਰਾਂ ਵੱਲ ਵੱਧ ਸੁਧਾਰ ਦਿਆਂਗੇ।
ਉਨ੍ਹਾਂ ਦੱਸਿਆ ਕਿ ਚੀਫ ਸੈਕਟਰੀ ਨੂੰ ਸਪਸ਼ਟ ਸ਼ਬਦਾਂ ਚ ਕਿਹਾ ਗਿਆ ਹੈ ਕਿ 31 ਜੂਨ 2015 ਤਕ ਸੂਬੇ ਚ ਪ੍ਰਸ਼ਾਸਨ ਸੁਧਾਰਾਂ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ ਤੇ 200 ਦੇ ਕਰੀਬ ਸੇਵਾਵਾਂ ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ। ਪੰਜਾਬ ਦੇਸ਼ ਚ ਅਜਿਹਾ ਪਹਿਲਾ ਸੂਬਾ ਹੋਵੇਗਾ ਜਿਥੇ ਇਹ ਸੇਵਾਵਾਂ ਘਰ ਬੈਠਿਆਂ ਮਿਲਣਗੀਆਂ।
ਹਰਿਆਣਾ ਚ ਅਕਾਲੀ ਦਲ ਇਨੈਲੋ ਨਾਲ ਗਠਜੋੜ ਕਰਕੇ 2 ਸੀਟਾਂ ਤੇ ਹੀ ਚੋਣਾਂ ਲੜੇਗਾ। ਅਕਾਲੀ ਦਲ ਵਲੋਂ ਅੰਬਾਲਾ ਸਿਟੀ ਤੇ ਕਾਲਿਆਂਵਾਲੀ ਤੇ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ। ਹਰਿਆਣਾ ਚ ਬੀਜੇਪੀ ਤੋਂ ਉਲਟ ਚੋਣਾਂ ਲੜਨ ਦੇ ਸਵਾਲ ਦੇ ਜਵਾਬ ਚ ਸੁਖਬੀਰ ਨੇ ਕਿਹਾਕਿ ਬੀਜੇਪੀ ਹਾਈਕਮਾਂਡ ਜਾਣਦੀ ਹੈ ਕਿ ਸਾਡਾ ਇਨੈਲੋ ਨਾਲ ਗਠਜੋੜ ਦਾ ਨਹੀਂ ਬਲਕਿ ਕਾਫੀ ਪੁਰਾਣਾ ਹੈ ਅਤੇ ਇਸ ਦਾ ਸਾਡੇ ਚ ਕੋਈ ਰੌਲਾ ਨਹੀਂ।



