ਪੱਪੂ ਦੀ ਭੂਮਿਕਾ ਦੇ ਵੀ ਦਿੱਤੇ ਵੇਰਵੇ
ਲਖਨਊ, 26 ਅਗਸਤ (ਪੀ. ਟੀ. ਲਾਇਵ)- ਉੱਤਰ ਪ੍ਰਦੇਸ਼ ਸਰਕਾਰ ਦੀ ਸ਼ਿਵਪਾਲ ਯਾਦਵ ਕਮੇਟੀ ਦੀ ਰਿਪੋਰਟ ਦੀਆਂ ਲੀਹਾਂ ‘ਤੇ ਮੇਰਠ ਦੇ ਕਮਿਸ਼ਨਰ ਦੀ ਜਾਂਚ ਰਿਪੋਰਟ ਵਿਚ ਵੀ ਭਾਜਪਾ ਦੇ ਸਥਾਨਕ ਸੰਸਦ ਮੈਂਬਰ ਰਾਘਵ ਯਾਦਪਾਲ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਸਹਾਰਨਪੁਰ ਦੰਗਿਆਂ ਲਈ ਦੋਸ਼ੀ ਠਹਿਰਾਇਆ ਹੈ। 25 ਜੁਲਾਈ ਨੂੰ ਸ਼ੁਰੂ ਹੋਏ ਇਨ੍ਹਾਂ ਦੰਗਿਆਂ ਵਿਚ ਤਿੰਨ ਵਿਅਕਤੀ ਮਾਰੇ ਗਏ ਸਨ ਅਤੇ ਸੈਂਕੜੇ ਦੁਕਾਨਾਂ ਅੱਗ ਲਾ ਕੇ ਸਾੜ ਦਿੱਤੀਆਂ ਸਨ। ਉੱਤਰ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਕਮੇਟੀ ਨੇ 14 ਅਗਸਤ ਨੂੰ ਜਦਕਿ ਮੇਰਠ ਦੇ ਕਮਿਸ਼ਨਰ ਭੁਪੇਂਦਰ ਸਿੰਘ ਨੇ ਸੂਬਾ ਸਰਕਾਰ ਨੂੰ ਅੱਜ ਆਪਣੀ ਰਿਪੋਰਟ ਸੌਂਪੀ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਰਿਪੋਰਟਾਂ ਵਿਚ ਕੀਤੀਆਂ ਸਿਫਾਰਸ਼ਾਂ
ਮੁਤਾਬਕ ਕਸੂਰਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਲਗਦਾ ਹੈ ਕਿ ਸਰਕਾਰ ਇਸ ਦਿਸ਼ਾ ਵੱਲ ਅੱਗੇ ਨਹੀਂ ਵਧੇਗੀ ਕਿਉਂਕਿ 13 ਸਤੰਬਰ ਨੂੰ ਸਹਾਰਨਪੁਰ ਸਦਰ ਸੀਟ ‘ਤੇ ਜਿਮਨੀ ਚੋਣ ਹੋ ਰਹੀ ਹੈ। 92 ਸਫ਼ਿਆਂ ਦੀ ਰਿਪੋਰਟ ਵਿਚ ਜਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਖੁਫ਼ੀਆ ਇਕਾਈਆਂ ਨੂੰ ਸੰਵੇਦਨਸ਼ੀਲਤਾ ਅਤੇ ਜਨਤਾ ਵਿਚ ਵਧ ਰਹੇ ਤਣਾਅ ਦਾ ਪਤਾ ਲਾਉਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ। ਕਮਿਸ਼ਨਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਸ੍ਰੀ ਲਖਨਪਾਲ ਅਤੇ ਕੁਝ ਦੂਸਰੇ ਨੇਤਾਵਾਂ ਨੇ ਦੰਗਾ ਪ੍ਰਭਾਵਤ ਇਲਾਕਿਆਂ ਵਿਚ ਨਾ ਜਾਣ ਲਈ ਸਥਾਨਕ ਅਧਿਕਾਰੀਆਂ ਦੀ ਬੇਨਤੀ ਵੱਲ ਕੋਈ ਧਿਆਨ ਨਹੀਂ ਦਿੱਤਾ। ਅਧਿਕਾਰੀਆਂ ਵਲੋਂ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਭਾਜਪਾ ਸੰਸਦ ਮੈਂਬਰ ਆਪਣੀ ਕਾਰ ਵਿਚ ਘੁੰਮਦੇ ਰਹੇ। ਇਸ ਤਰ੍ਹਾਂ ਦੀ ਕਾਰਵਾਈਆਂ ਨੇ ਤਣਾਅ ਨੂੰ ਵਧਾਇਆ ਹੈ। ਕਮਿਸ਼ਨਰ ਦੀ ਰਿਪੋਰਟ ਦਾ ਕਹਿਣਾ ਕਿ ਜਿਲ੍ਹਾ ਅਧਿਕਾਰੀ ਸਮੇਂ ਸਿਰ ਤਣਾਅ ਘਟਾਉਣ ‘ਚ ਨਾਕਾਮ ਰਹਿਣ ਲਈ ਸਪਸ਼ਟ ਤੌਰ ‘ਤੇ ਜ਼ਿੰਮੇਵਾਰ ਹਨ। ਰਿਪੋਰਟ ਦਾ ਕਹਿਣਾ ਕਿ ਦੰਗਿਆਂ ਤੋਂ ਪਿੱਛੋਂ ਪੁਲਿਸ ਅਤੇ ਜਿਲ੍ਹਾ ਅਧਿਕਾਰੀ ਤੁਰੰਤ ਹਰਕਤ ‘ਚ ਆ ਗਏ। ਪੁਲਿਸ ਤੇ ਦੂਸਰੇ ਸੁਰੱਖਿਆ ਮੁਲਾਜ਼ਮ ਪ੍ਰਭਾਵਤ ਇਲਾਕਿਆਂ ‘ਚ ਤਾਇਨਾਤ ਕੀਤੇ ਗਏ ਅਤੇ ਸਥਿਤੀ ਛੇਤੀ ਕੰਟਰੋਲ ਹੇਠ ਲਿਆਉਣ ਲਈ ਕਾਫੀ ਯਤਨ ਕੀਤੇ ਗਏ। ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਪ੍ਰਤੀਨਿਧ ਕੁਝ ਸਿਆਸਤਦਾਨਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਹਿੰਸਾ ਨੂੰ ਭੜਕਾਇਆ ਸੀ। ਰਿਪੋਰਟ ਵਿਚ ਦੰਗਿਆਂ ਦੇ ਮੁੱਖ ਦੋਸ਼ੀ ਅਤੇ ਐਨ. ਐਸ. ਏ. ਤਹਿਤ ਜੇਲ੍ਹ ਵਿਚ ਬੰਦ ਸਾਬਕਾ ਕੌਂਸਲਰ ਮੁਹਾਰਮ ਅਲੀ ਉਰਫ ਪੱਪੂ ਵਲੋਂ ਨਿਭਾਈ ਭੂਮਿਕਾ ਦੇ ਵੀ ਵੇਰਵੇ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਸ਼ਿਵਪਾਲ ਸਿੰਘ ਯਾਦਵ ਦੀ ਪੰਜ ਮੈਂਬਰੀ ਕਮੇਟੀ ਨੇ ਕਸੂਰਵਾਰ ਲੋਕਾਂ ਖਿਲਾਫ ਕਾਰਵਾਈ ਦੀ ਸਿਫਾਰਸ਼ ਕੀਤੀ ਸੀ ਜਿਨ੍ਹਾਂ ਨੇ ਸਹਾਰਨਪੁਰ ‘ਚ ਹਿੰਸਾ ਨੂੰ ਭੜਕਾਇਆ ਅਤੇ ਰਿਪੋਰਟ ਵਿਚ ਭਾਜਪਾ ਸੰਸਦ ਮੈਂਬਰ ਰਾਘਵ ਲਖਨਪਾਲ ਅਤੇ ਮੋਹਾਰਮ ਅਲੀ ਪੱਪੂ ਦੀ ਭੂਮਿਕਾ ‘ਤੇ ਸਵਾਲ ਉਠਾਇਆ ਸੀ। ਸਹਾਰਨਪੁਰ ਵਿਚ ਦੋ ਫਿਰਕਿਆਂ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਹੋਏ ਦੰਗਿਆਂ ਵਿਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਤੋਂ ਇਲਾਵਾ 34 ਵਿਅਕਤੀ ਜ਼ਖ਼ਮੀ ਹੋਏ ਸਨ। ਹਿੰਸਾ ਵਿਚ 165 ਦੁਕਾਨਾਂ ਅਤੇ ਰੇੜ੍ਹੀਆਂ 42 ਮੋਟਰ ਗੱਡੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ।



