ਭਾਰਤੀ ਕਬੱਡੀ ਟੀਮ ਦੀਆਂ 9 ਖਿਡਾਰਨਾਂ ਨੂੰ ਮਾਰਕਫੈਡ ਵਿੱਚ ਨਿਯੁਕਤ ਕਰਨ ਦੀ ਮਨਜ਼ੂਰੀ
ਚੰਡੀਗੜ੍ਹ, 26 ਅਗਸਤ (ਪੀ. ਟੀ)- ਪੰਜਾਬ ਮੰਤਰੀ ਮੰਡਲ ਨੇ ਅੱਜ ਗੈਰ-ਅਧਿਕਾਰਤ ਕਲੋਨੀਆਂ ਵਿੱਚ ਪਲਾਟ/ਇਮਾਰਤਾਂ ਨੂੰ ਨਿਯਮਤ ਕਰਾਉਣ ਅਤੇ ਇਨ੍ਹਾਂ ਨੂੰ ਜਲ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਪੰਜਾਬ ਲਾਅਜ਼ (ਸਪੈਸ਼ਲ ਪ੍ਰੋਵੀਜਨਜ਼) ਆਰਡੀਨੈਂਸ, 2014 ਦੇ ਰਾਹੀਂ ਪੰਜਾਬ ਲਾਅਜ਼ (ਸਪੈਸ਼ਲ ਪ੍ਰੋਵੀਜਨਜ਼) ਐਕਟ ਨੂੰ ਇਕ ਸਾਲ ਹੋਰ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕਦਮ
ਪਲਾਟ/ਇਮਾਰਤਾਂ ਦੇ ਧਾਰਕਾਂ ਨੂੰ ਇਹ ਜਾਇਦਾਦ ਨਿਯਮਤ ਕਰਾਉਣ ਦਾ ਮੌਕਾ ਮੁੱਹਈਆ ਕਰਵਾਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਉਹ ਪਲਾਟਾਂ ਦੀ ਖਰੀਦ-ਵੇਚ ਦੀ ਸਹੂਲਤ ਮਾਣ ਸਕਣ ਅਤੇ ਬੁਨਿਆਦੀ ਸਹੂਲਤਾਂ ਹਾਸਲ ਕਰ ਸਕਣ। ਇਸ ਤੋਂ ਇਲਾਵਾ ਇਹ ਕਦਮ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੂੰ ਲੰਬਿਤ ਅਰਜ਼ੀਆਂ ਨਿਪਟਾਉਣ ਦੀ ਸਹੂਲਤ ਮੁਹੱਈਆ ਕਰਵਾਏਗਾ।ਵਡੇਰੇ ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਮੰਤਰੀ ਮੰਡਲ ਨੇ ਲੈਂਡ ਓਨਰਜ਼ ਬਿੰਕਮ ਪਾਰਟਨਰਜ਼ ਇਨ ਡਿਵੈਲਪਮੈਂਟ ਨੀਤੀ ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਅਨੁਸਾਰ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ, ਬਾਹਰੀ ਵਿਕਾਸ, ਚਾਰਜਿਜ਼ ਅਤੇ ਹੋਰ ਫੁਟਕਲ ਚਾਰਜਿਜ਼ ਦੇ ਭੁਗਤਾਨ ਦੇ ਸਬੰਧ ਵਿੱਚ ਜ਼ਮੀਨ ਮਾਲਕਾਂ ਨੂੰ ਸਹੂਲਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭੌਂ ਵਿਕਸਤ ਕਰਨ ਵਾਲਿਆਂ ਨੇ ਇਨ੍ਹਾਂ ਫੀਸਾਂ ਦਾ ਭੁਗਤਾਨ ਕਰਨ ਤੋਂ ਅਸਮਰਥਾ ਜ਼ਾਹਰ ਕੀਤੀ ਸੀ ਪਰ ਹੁਣ ਸੋਧੀ ਗਈ ਨਵੀਂ ਨੀਤੀ ਮੁਤਾਬਕ ਵਿਕਾਸ ਅਥਾਰਟੀਆਂ ਜਾਂ ਤਾਂ ਕਰਜ਼ੇ ਦੇ ਆਧਾਰ ’ਤੇ ਇਨ੍ਹਾਂ ਚਾਰਜਿਜ਼ ਨੂੰ ਸਹਿਣ ਕਰਨਗੀਆਂ ਜਾਂ ਬੈਂਕਾਂ ਤੋਂ ਕਰਜ਼ੇ ਦੇ ਰਾਹੀਂ ਸਹਿਣ ਕੀਤਾ ਜਾਵੇਗਾ ਜੋ ਅਖੀਰ ਵਿੱਚ ਭੌਂ ਵਿਕਸਤ ਕਰਨ ਵਾਲਿਆਂ ਦੀਆਂ ਭਵਿੱਖੀ ਪ੍ਰਾਪਤੀਆਂ ਵਿੱਚ ਸੰਮਲਿਤ (ਐਡਜਸਟ) ਕਰ ਦਿੱਤੇ ਜਾਣਗੇ। ਸੂਬੇ ਵਿੱਚ ਵਾਧੂ ਮਾਲੀਏ ਨੂੰ ਜੁਟਾਉਣ ਦੇ ਉਦੇਸ਼ ਵਜੋਂ ਮੰਤਰੀ ਮੰਡਲ ਨੇ ਸੂਬਾ ਭਰ ਵਿੱਚ ਲਾਟਰੀਆਂ ’ਤੇ ਟੈਕਸ ਵਿੱਚ ਵਾਧਾ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਸਲਾਹ-ਮਸ਼ਵਰੇ ਦੀਆਂ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੰਤਰੀ ਮੰਡਲ ਨੇ ਮਨੋਵਿਗਿਆਨੀਆਂ ਦੀਆਂ 16 ਅਸਾਮੀਆਂ ਭਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਥਾਂ ਵਾਕ-ਇਨ-ਇੰਟਰਵਿਊ ਦੇ ਆਧਾਰ ’ਤੇ ਭਰੀਆਂ ਜਾਣਗੀਆਂ।
ਮੰਤਰੀ ਮੰਡਲ ਨੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਪੇਸ਼ ਕੀਤੇ ਇਕ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ 2014-15 ਦੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਅੰਦਾਜ਼ਨ 140 ਲੱਖ ਮੀਟਰਕ ਟਨ ਨਿਰਵਿਘਨ ਖਰੀਦ ਅਤੇ ਬੋਰੀਆਂ/ਬਾਰਦਾਨੇ, ਮਜ਼ਦੂਰਾਂ ਅਤੇ ਢੋਆ-ਢੁਆਈ ਦੇ ਪ੍ਰਬੰਧਾਂ, ਕੈਸ਼ ਕਰੈਡਿਟ ਲਿਮਟ, ਸਟਾਕ ਨੂੰ ਚੁੱਕਣ ਅਤੇ 2014-15 ਦੀ ਕਸਟਮ ਮਿਲਿੰਗ ਨੀਤੀ ਤੋਂ ਇਲਾਵਾ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਨ ਵਾਸਤੇ ਵਿਧੀ-ਵਿਧਾਨ ਨਾਲ ਸਬੰਧਤ ਹੈ। ਸੂਬੇ ਵਿੱਚ ਖਿਡਾਰੀਆਂ ਦੇ ਮਨੋਬਲ ਨੂੰ ਉ¤ਚਾ ਚੁੱਕਣ ਦੇ ਮੰਤਵ ਨਾਲ ਮੰਤਰੀ ਮੰਡਲ ਨੇ ਮਾਰਕਫੈਡ ਵਿੱਚ ਭਾਰਤੀ ਕਬੱਡੀ ਟੀਮ ਦੀਆਂ 9 ਮਹਿਲਾ ਖਿਡਾਰਨਾਂ ਨੂੰ ਰੁਜ਼ਗਾਰ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਨੇ ਦੂਜੇ ਵਿਸ਼ਵ ਕਬੱਡੀ ਕੱਪ ਦੌਰਾਨ ਪੰਜਾਬ ਲਈ ਵੱਡਾ ਨਾਮਣਾ ਖੱਟਿਆ ਹੈ। ਇਹ ਕਦਮ ਇਕ ਪਾਸੇ ਖਿਡਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਏਗਾ ਅਤੇ ਦੂਜੇ ਪਾਸੇ ਖਿਡਾਰੀਆਂ ਨੂੰ ਖੇਡ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਲਈ ਮਦਦ ਦੇਵੇਗਾ। ਮਾਰਕਫੈਡ ਵਿੱਚ ਨਿਯੁਕਤੀ ਦੇ ਸਮੇਂ ਦੌਰਾਨ ਇਹ ਖਿਡਾਰਨਾਂ ਮਾਰਕਫੈਡ ਦੀ ਕਬੱਡੀ ਟੀਮ ਵਜੋਂ ਵੱਖ-ਵੱਖ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਜਿਸ ਨਾਲ ਮਾਰਕਫੈਡ ਅਤੇ ਉਸ ਦੇ ਉਤਪਾਦਾਂ ਦਾ ਹੋਰ ਪ੍ਰਚਾਰ ਹੋਵੇਗਾ। ਮੰਤਰੀ ਮੰਡਲ ਨੇ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਪਿੰਡ ਵਿਖੇ 171 ਏਕੜ 2 ਕਨਾਲ ਤੇ 13 ਮਰਲੇ ਰਕਬੇ ਵਿੱਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਰਾਹੀਂ ਜਨਤਕ-ਨਿੱਜੀ ਭਾਈਵਾਲ ਹੇਠ ਟਰਫ ਕਲੱਬ-ਕਮ-ਸੈਰ ਸਪਾਟਾ ਦੀ ਥਾਂ ਵਜੋਂ ਕਾਇਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।



