ਤਲਵੰਡੀ ਸਾਬੋ, 25 ਅਗਸਤ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਵਿੱਚ ਇਤਿਹਾਸ ਸਿਰਜਦਿਆਂ ਇੱਕ ਰਿਕਾਰਡਤੋੜ ਜਿੱਤ ਦਰਜ ਕਰਨ ਤੋਂ ਬਾਦ ਚੌਥੀ ਵਾਰ ਵਿਧਾਇਕ ਬਣੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਆਗੂ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਜਿੱਤ ਉਪਰੰਤ ਹਲਕੇ ਦੇ ਸਮੂਹ ਵੋਟਰਾ ਅਤੇ ਅਕਾਲੀ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਰਾਂਹੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਇਸ ਇਤਿਹਾਸਿਕ ਜਿੱਤ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਮੁੱਚੇ ਪੰਜਾਬ ਵਿੱਚੋਂ ਆਏ ਆਗੂਆਂ ਤੇ ਵਰਕਰਾਂ ਨੇ ਚੋਣ ਮੁਹਿੰਮ ਦੌਰਾਨ ਅਹਿਮ ਭੂਮਿਕਾ ਨਿਭਾਈ ਉੱਥੇ ਹਲਕੇ ਦੇ ਅਕਾਲੀ ਭਾਜਪਾ ਵਰਕਰਾਂ ਅਤੇ ਆਗੂਆਂ ਨੇ ਵੀ ਉਨ੍ਹਾਂ ਦੀ ਇਸ ਜਿੱਤ
ਲਈ ਦਿਨ ਰਾਤ ਇੱਕ ਕਰ ਦਿੱਤਾ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਸਿਹਰਾ ਹਲਕੇ ਦੇ ਸਮੁੱਚੇ ਵੋਟਰਾਂ ਦੇ ਸਿਰ ਜਾਂਦਾ ਹੈ ਜਿਨ੍ਹਾ ਨੇ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਨਾਲ ਉਨ੍ਹਾਂ ਵੱਲੋ ਬੀਤੇ ਸਮਿਆਂ ਦੌਰਾਨ ਹਲਕੇ ਦੇ ਲੋਕਾਂ ਲਈ ਕੀਤੇ ਕੰਮਾਂ ਤੇ ਮੋਹਰ ਲਾਂਉਦਿਆਂ ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ।ਸਿੱਧੂ ਨੇ ਕਿਹਾ ਕਿ ਉਹ ਉਨ੍ਹਾਂ ਵੋਟਰਾਂ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਉਨ੍ਹਾਂ ਨੂੰ ਭਾਂਵੇ ਐਂਤਕੀ ਵੋਟ ਨਹੀ ਪਾਈ ਪ੍ਰੰਤੂ ਉਹ ਯਕੀਨ ਕਰਦੇ ਹਨ ਕਿ ਉਹ ਉਨ੍ਹਾਂ ਨਾਲ ਅੱਗੇ ਤੋਂ ਜਰੂਰ ਜੁੜਨਗੇ।ਉਨ੍ਹਾਂ ਲੋਕਾਂ ਨੂੰ ਯਕੀਨ ਦੁਆਇਆ ਕਿ ਉਹ ਹਲਕੇ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਗੇ ਅਤੇ ਪਿੰਡਾਂ ਦੇ ਵਿਕਾਸ ਲਈ ਵੀ ਗ੍ਰਾਂਟਾ ਦੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਨੇ ਇਸ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਸਹਿਯੋਗ ਦੇਣ ਵਾਲੀਆਂ ਸਮੁੱਚੀਆਂ ਸਮਾਜਿਕ,ਭਾਈਚਾਰਕ ਜਥੇਬੰਦੀਆਂ,ਮੰਡੀਆਂ ਦੇ ਵਪਾਰੀਆਂ,ਦੁਕਾਨਦਾਰਾਂ,ਕਿਸਾਨ ਆਗੂਆਂ ਦੇ ਨਾਲ ਨਾਲ ਵੱਖ ਵੱਖ ਵਰਗਾਂ ਦੇ ਲੋਕਾਂ ਅਤੇ ਵਿਸ਼ੇਸ ਤੌਰ ਤੇ ਸਮੁੱਚੇ ਮੀਡੀਏ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਸਦਕਾਂ ਉਹ ਇਹ ਰਿਕਾਰਡਤੋੜ ਜਿੱਤ ਹਾਸਿਲ ਕਰ ਸਕੇ ਹਨ।



