ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਬਲਜਿੰਦਰ ਕੌਰ ਦੀ ਤਲਵੰਡੀ ਸਾਬੋ ਅਤੇ ਹਰਜੀਤ ਸਿੰਘ ਅਦਾਲਤੀਵਾਲਾ ਦੀ ਪਟਿਆਲਾ ਤੋਂ ਜਮਾਨਤ ਜ਼ਬਤ
ਜੀਤ ਮਹਿੰਦਰ ਸਿਧੂ ਨੇ ਤਲਵੰਡੀ ਸਾਬੋ ਅਤੇ ਪਰਨੀਤ ਕੌਰ ਨੇ ਪਟਿਆਲਾ ਜ਼ਿਮਨੀ ਚੋਣ ਵੱਡੀ ਲੀਡ ਨਾਲ ਜਿੱਤੀ
ਪਟਿਆਲਾ/ਤਲਵੰਡੀ ਸਾਬੋ, 25 ਅਗਸਤ (ਅਜੇ ਗੋਇਲ/ਰਣਜੀਤ ਰਾਜੂ)- 21 ਅਗਸਤ ਨੂੰ ਪਈਆਂ ਤਲਵੰਡੀ ਸਾਬੋ ਅਤੇ ਪਟਿਆਲਾ ਹਲਕੇ ਦੀਆਂ ਜਿਮਨੀ ਚੋਣਾਂ ’ਚ ਕਾਂਗਰਸ ਅਤੇ ਭਾਜਪਾ ਨੂੰ ਇੱਕ-ਇੱਕ ਸੀਟ ਮਿਲੀ ਹੈ। ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਜੀਤ ਮਹਿੰਦਰ ਸਿਧੂ ਨੇ ਤਾਂ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਹਰਮਹਿੰਦਰ ਜੱਸੀ ਨੂੰ 46642 ਦੇ ਵੱਡੇ ਫ਼ਰਕ ਨਾਲ ਜ਼ਬਰਦਸਤ ਹਾਰ ਦਿੱਤੀ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੋਵੇਂ ਸੀਟਾਂ ਤੋਂ ਜ਼ਮਾਨਤ ਜਬਤ ਕਰ ਬੈਠੇ। ਪਟਿਆਲਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਨੇ ਆਪਣੇ ਮੁੱਖ ਵਿਰੋਧੀ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਭਗਵਾਨ ਦਾਸ ਨੂੰ 23282 ਵੋਟਾਂ ਨਾਲ ਹਰਾਇਆ ਹੈ।
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਅਤੇ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੀਤ ਮਹਿੰਦਰ ਸਿਧੂ ਨੇ ਪਹਿਲੇ ਰਾਊਂਡ ਤੋਂ ਹੀ ਆਪਣੀ ਲੀਡ ਬਣਾ ਲਈ ਸੀ ਅਤੇ ਇਕ ਵੀ ਰਾਊਂਡ ਚ ਵਿਰੋਧੀਆਂ ਨੂੰ ਅੱਗੇ ਨਾ ਨਿਕਲਣ ਦਿੱਤਾ। ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਵਿਰੋਧੀਆਂ ਅਕਾਲੀ ਦਲ ਦੇ ਭਗਵਾਨ ਦਾਸ ਜੁਨੇਜਾ ਅਤੇ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਅਦਾਲਤੀਵਾਲਾ ਨੂੰ ਵੱਡੇ ਫਰਕ ਨਾਲ ਹਰਾਇਆ। ਪਰਨੀਤ ਕੌਰ ਨੂੰ 52967 , ਭਗਵਾਨ ਦਸ ਜੁਨੇਜਾ ਨੂੰ 29685 ਅਤੇ ਹਰਜੀਤ ਅਦਾਲਤੀਵਾਲਾ ਨੂੰ 5724 ਵੋਟਾਂ ਪਈਆਂ। ਦੂਜੇ ਪਾਸੇ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਜੀਤ ਮਹਿੰਦਰ ਸਿਧੂ ਨੇ ਇਕ ਵਾਰ ਫੇਰ ਤੋਂ ਆਪਣੀ ਸੀਟ ਜਿੱਤਣ ਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸੀ ਹਰਮਹਿੰਦਰ ਜੱਸੀ ਅਤੇ ਆਮ ਆਦਮੀ ਪਾਰਟੀ ਦੀ ਬੀਬੀ ਬਲਜਿੰਦਰ ਕੌਰ ਨੂੰ 46642 ਦੀ ਚੋਖੀ ਲੀਡ ਨਾਲ ਹਰਾਉਂਦਿਆਂ 71747 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਹਰਮਹਿੰਦਰ ਜੱਸੀ ਨੂੰ 25105 ਤੇ ਆਪ ਦੀ ਬਲਜਿੰਦਰ ਕੌਰ ਨੂੰ 13899 ਵੋਟਾਂ ਪਈਆਂ. ਪਿਛਲੀਆਂ ਲੋਕ ਸਭਾ ਚੋਣਾਂ ਚ ਪੰਜਾਬ ’ਚ ਧਾਂਕ ਜਮਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਨਮੋਸ਼ੀ ਝੱਲਣੀ ਪਈ ਹੈ। ਦੋਵਾਂ ਹੀ ਸੀਟਾਂ ਤੋਂ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ? ਆਪ ਦੇ ਬਾਗੀ ਬਲਕਾਰ ਸਿਧੂ ਦੀ ਵੀ ਜਮਾਨਤ ਜਬਤ ਹੋ ਗਈ ਹੈ. ਉਨ੍ਹਾ ਨੂੰ 6305 ਵੋਟਾਂ ਪਈਆਂ।



