ਨਵੀਂ ਦਿੱਲੀ, 23 ਅਗਸਤ (ਪੀ. ਟੀ)- ਨਾਜਾਇਜ਼ ਯੋਜਨਾਵਾਂ ਰਾਹੀਂ ਨਿਵੇਸ਼ਕਾਂ ਕੋਲੋਂ ਧਨ ਜੁਟਾਉਣ ਵਿਰੁੱਧ ਕਾਰਵਾਈ ਕਰਦਿਆਂ ਹੋਇਆਂ ਸੇਬੀ ਨੇ ਪੀ. ਏ. ਸੀ. ਐੱਲ. ਲਿਮਟਿਡ (ਪਹਿਲੇ ਪਰਲਜ਼ ਐਗਰੋਟੇਕ) ਨੂੰ 3 ਮਹੀਨੇ ਵਿਚ 49,100 ਕਰੋੜ ਰੁਪਏ ਨਿਵੇਸ਼ਕਾਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਸੇਬੀ ਨੇ ਕੰਪਨੀ ਨੂੰ ਤੁਰੰਤ ਨਾਜਾਇਜ਼ ਸਮੂਹਿਕ ਨਿਵੇਸ਼ ਯੋਜਨਾ ਨੂੰ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਕੰਪਨੀ ਨੂੰ 15 ਦਿਨਾਂ ਦੇ ਅੰਦਰ ਸੇਬੀ ਨੂੰ ਇਹ ਵੀ ਦੱਸਣਾ ਹੈ ਕਿ ਪੈਸਿਆਂ ਦਾ ਬੰਦੋਬਸਤ ਕਿਥੋਂ ਹੋਵੇਗਾ। ਪੀ. ਏ. ਸੀ. ਐੱਲ. ਨੇ ਸੇਬੀ ਦੇ ਇਸ ਹੁਕਮ ਤੋਂ ਬਾਅਦ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਇਸ ਨੂੰ ਪ੍ਰਤੀਭੂਤੀ ਅਪੀਲੀ ਟ੍ਰਿਬਿਊਨਲ (ਸੈਟ) ਵਿਚ ਚੁਣੌਤੀ ਦੇਵੇਗੀ। ਕੰਪਨੀ ਨੇ ਕਿਹਾ ਕਿ ਬਦਨਸੀਬੀ ਨਾਲ ਸੇਬੀ ਨੇ
ਇਸ ਗੱਲ ‘ਤੇ ਧਿਆਨ ਨਹੀਂ ਦਿੱਤਾ ਕਿ ਕੰਪਨੀ ਨੇ ਸੇਬੀ ਦੇ ਬੈਂਚ ਨੂੰ ਕਿਹਾ ਸੀ ਕਿ ਉਹ ਸੀ. ਆਈ. ਐੱਸ. ਨਹੀਂ ਚਲਾ ਰਹੀ। ਕੰਪਨੀ ਨੇ ਆਪਣੇ ਰੀਅਲ ਅਸਟੇਟ ਕਾਰੋਬਾਰ ਲਈ ਜੋ ਧਨ ਇਕੱਠਾ ਕੀਤਾ ਹੈ, ਉਸ ਲਈ ਉਚਿਤ ਮਾਤਰਾ ਵਿਚ ਜਾਇਦਾਦਾਂ ਹਨ। ਸੇਬੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਹ ਕੰਪਨੀ, ਪ੍ਰਮੋਟਰਜ਼ ਤੇ ਨਿਰਦੇਸ਼ਕਾਂ ਵਿਰੁੱਧ ਧੋਖਾਧੜੀ ਤੇ ਵਪਾਰ ਵਿਚ ਅਣਉੱਚਿਤ ਵਿਹਾਰ ਕਰਨ ਤੇ ਨਿਯਮਾਂ ਦੇ ਉਲੰਘਣ ਦੇ ਦੋਸ਼ਾਂ ਅਧੀਨ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ।



