ਸੜਕਾਂ ਦੇ ਮਿਆਰ ਉਤੇ ਨਿਗਰਾਨੀ ਯਕੀਨੀ ਬਣਾਉਣ ਲਈ ਸਥਾਨਕ ਨੁਮਾਇੰਦਿਆਂ ਦੀ ਸ਼ਾਮੂਲੀਅਤ ‘ਤੇ ਵੀ ਬਾਦਲ ਵਲੋਂ ਜ਼ੋਰ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 23 ਅਗਸਤ- ਸੂਬੇ ਭਰ ਵਿੱਚ ਸਮੁੱਚੇ ਸੜਕੀ ਨੈਟਵਰਕ ਦਾ ਪੱਧਰ ਉਚਾ ਚੁੱਕਣ ਅਤੇ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਰਾਜ ਸਰਕਾਰ ਦੇ ਸੜਕ ਸਲਾਹਕਾਰ ਮੇਜਰ ਜਨਰਲ (ਸੇਵਾ ਮੁਕਤ) ਐਮ. ਐਸ. ਪਿੱਲੇ ਨੂੰ 60676 ਕਿਲੋਮੀਟਰ ¦ਮੀਆਂ ਕੁੱਲ ਸੜਕਾਂ ਦੀ ਮੁਰੰਮਤ ਅਤੇ ਸਾਂਭ ਸੰਭਾਲ ਲਈ ਮਾਸਟਰ ਪਲਾਨ ਤਿਆਰ ਕਰਨ ਲਈ ਆਖਿਆ ਹੈ। ਇਸ ਸਬੰਧੀ ਫ਼ੈਸਲਾ ਅੱਜ ਦੁਪਹਿਰ ਮੁੱਖ ਮੰਤਰੀ ਨੇ ਜਨ ਸਿਹਤ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ. ਐਚ. ਏ. ਆਈ), ਪੰਜਾਬ ਮੰਡੀ ਬੋਰਡ ਅਤੇ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ. ਆਰ. ਓ) ਦੇ ਚੀਫ਼ ਇੰਜੀਨਅਰਾਂ ਨਾਲ ਹੋਈ ਇੱਕ ਉਚ ਪੱਧਰੀ ਮੀਟਿੰਗ ਦੌਰਾਨ ਲਿਆ। ਵਿਚਾਰ ਚਰਚਾ
ਦੌਰਾਨ ਮੁੱਖ ਮੰਤਰੀ ਨੇ ਮੇਜਰ ਜਨਰਲ ਪਿੱਲੇ ਨੂੰ ਸੜਕਾਂ ਦੇ ਨਿਰਮਾਣ ਸਬੰਧੀ ਨਿਰਧਾਰਤ ਨਿਯਮਾਂ ਦੇ ਅਨੁਸਾਰ ਸਮੱਗਰੀ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਸਬੰਧੀ ਪ੍ਰਭਾਵੀ ਰੂਪਰੇਖਾ ਤਿਆਰ ਕਰਕੇ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਮਿਆਰ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਸਥਾਨਕ ਲੋਕਾਂ ਦੇ ਨੁਮਾਇੰਦਿਆਂ ਦੀ ਸ਼ਾਮੂਲੀਅਤ ਬਣਾਉਣ ਲਈ ਵੀ ਕਿਹਾ ਹੈ ਤਾਂ ਜੋ ਸੜਕਾਂ ਦਾ ਵਧੀਆ ਨਿਰਮਾਣ ਹੋ ਸਕੇ ਅਤੇ ਇਨ੍ਹਾਂ ਦੀ ਮਿਆਦ ਵਧ ਸਕੇ। ਉਨ੍ਹਾਂ ਨੇ ਲੋਕਾਂ ਦੀ ਸ਼ਾਮੂਲੀਅਤ ਨੂੰ ‘‘ਸਮਾਜਿਕ ਆਡਿਟ’’ ਦਾ ਨਾਂ ਦਿੱਤਾ ਹੈ। ਸ. ਬਾਦਲ ਨੇ ਸਬੰਧਤ ਅਥਾਰਟੀਜ਼ ਨੂੰ ਸੜਕਾਂ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੰਪਰਕ ਸੜਕਾਂ ਦੇ ਨਾਲ ਵਗਣ ਵਾਲੀਆਂ ਡਰੇਨਾਂ/ਉਨ੍ਹਾਂ ਦੇ ਵਿਚੋਂ ਦੀ ¦ਘਣ ਵਾਲੀਆਂ ਡਰੇਨਾਂ ਦਾ ਕੰਮ ਮੁਕੰਮਲ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਆਵਾਜਾਈ ਦੀ ਘਣਤਾ ਦੇ ਮੱਦੇਨਜ਼ਰ ਸੰਪਰਕ ਸੜਕਾਂ ਦੀ ਏ.ਬੀ.ਸੀ. ਵਜੋਂ ਵਰਗੀਕਰਨ ਦੀ ਪ੍ਰਸੰਸਾ ਕੀਤੀ ਤਾਂ ਜੋ ਵਰਗੀਕਰਨ ਦੇ ਅਨੁਸਾਰ ਸੜਕਾਂ ਨੂੰ ਆਮ ਮੁਰੰਮਤ ਦੇ ਫੰਡ ਅਲਾਟ ਕੀਤੇ ਜਾ ਸਕਣ।
ਮੁੱਖ ਮੰਤਰੀ ਨੇ ਸੜਕ ਸਲਾਹਕਾਰ ਨੂੰ ਰਾਜ ਦੀਆਂ ਸਮੁੱਚੀਆਂ ਸੜਕਾਂ ਲਈ ਕੇਂਦਰੀ ਸਹਾਇਤਾ ਪ੍ਰਾਪਤ ਕਰਨ ਲਈ ਵਿਆਪਕ ਪ੍ਰਸਤਾਵ ਤਿਆਰ ਕਰਨ ਲਈ ਆਖਿਆ ਹੈ। ਸ. ਬਾਦਲ ਨੇ ਕਿਹਾ ਕਿ ਉਹ ਛੇਤੀ ਹੀ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਅਰੁਣ ਜੇਤਲੀ ਨੂੰ ਮਿਲ ਕੇ ਰਾਜ ਦੀਆਂ ਸਰਹੱਦੀ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਦਾ ਪੱਧਰ ਉਚਾ ਚੁੱਕਣ ਵਾਸਤੇ ਵਿਸ਼ੇਸ਼ ਫੰਡ ਪ੍ਰਾਪਤ ਕਰਨ ਲਈ ਨਿੱਜੀ ਦਖਲ ਦੇਣ ਨੂੰ ਆਖਣਗੇ।
ਰਾਜ ਦੇ ਦੇਹਾਤੀ ਸੜਕੀ ਨੈਟਵਰਕ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸ਼੍ਰੀ ਪਿੱਲੇ ਨੂੰ ਸੰਪਰਕ ਸੜਕਾਂ ਦੇ ਨਿਰਮਾਣ ਲਈ ਵਧੀਆ ਯੋਜਨਾਬੰਦੀ/ਡਿਜ਼ਾਇਨਿੰਗ ਅਤੇ ਮਿਆਰ ਯਕੀਨੀ ਬਣਾਉਣ ਵਾਸਤੇ ਵਿਸ਼ੇਸ਼ ਜ਼ੋਰ ਦੇਣ ਲਈ ਆਖਿਆ ਹੈ ਕਿਉਂਕਿ ਇਹ ਪੱਖ ਹੁਣ ਤੱਕ ਅਣਗੌਲੇ ਜਾਂਦੇ ਰਹੇ ਹਨ ਜਿਸ ਕਰਕੇ ਸੜਕਾਂ ਦਾ ਮਾੜਾ ਨਿਰਮਾਣ ਹੁੰਦਾ ਹੈ ਅਤੇ ਵਾਰ ਵਾਰ ਜ਼ਿਆਦਾ ਪੈਸੇ ਖਰਚਣੇ ਪੈਂਦੇ ਹਨ। ਸ. ਬਾਦਲ ਨੇ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸੂਬੇ ਦੇ ਦੇਹਾਤੀ ਇਲਾਕਿਆਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਪੱਧਰ ਉਚਾ ਚੁੱਕਣ ਲਈ ਸਾਂਝੇ ਤੌਰ ‘ਤੇ ਸਮਾਂਬੱਧ ਯੋਜਨਾ ਅਨੁਸਾਰ ਕੰਮ ਕਰਨ ਲਈ ਆਖਿਆ ਹੈ ਕਿਉਂਕਿ ਦੇਹਾਤੀ ਸੜਕਾਂ ਇਨ੍ਹਾਂ ਇਲਾਕਿਆਂ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸੇਤਰ੍ਹਾਂ ਹੀ ਉਨ੍ਹਾਂ ਨੇ ਸੜਕਾਂ ਦੀ ਚੌੜਾਈ ਮੌਜੂਦਾ 3.5-5.5 ਮੀਟਰ ਤੋਂ ਵਧਾ ਕੇ ਘੱਟੋ ਘੱਟ 10 ਮੀਟਰ ਕਰਨ ਲਈ ਆਖਿਆ ਹੈ ਕਿਉਂਕਿ ਭੀੜੀਆਂ ਸੜਕਾਂ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਸੁਰੇਸ਼ ਕੁਮਾਰ, ਸਕੱਤਰ ਲੋਕ ਨਿਰਮਾਣ ਵਿਭਾਗ ਸ਼੍ਰੀ ਪੀ.ਐਸ.ਔਜਲਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਅਜੋਏ ਸ਼ਰਮਾ ਅਤੇ ਡਾ. ਐਸ. ਕਰਨਾਰਾਜੂ ਅਤੇ ਚੀਫ਼ ਇੰਜੀਨੀਅਰ ਪ੍ਰਾਜੈਕਟ ਚੇਤਕ ਬੀ.ਆਰ.ਓ. ਸ਼੍ਰੀ ਐਨ.ਐਸ. ਸੋਢੀ ਸ਼ਾਮਲ ਸਨ।



