ਜੈਪੁਰ/ਨਵੀਂ ਦਿੱਲੀ, 22 ਅਗਸਤ (ਪੀ. ਟੀ)- ਏਅਰ ਇੰਡੀਆ ਦੇ ਦਿੱਲੀ ਤੋਂ ਅਹਿਮਦਾਬਾਦ ਜਾ ਰਹੇ ਜਹਾਜ਼ ਦੇ ਇੰਜਣ ‘ਚ ਅਚਾਨਕ ਖ਼ਰਾਬੀ ਆਉਣ ਕਰਕੇ ਉਸ ਨੂੰ ਹੰਗਾਮੀ ਹਾਲਤ ‘ਚ ਜੈਪੁਰ ਉਤਾਰਿਆ ਗਿਆ। ਇਸ ਜਹਾਜ਼ ‘ਚ 104 ਯਾਤਰੀ ਸਵਾਰ ਸਨ। ਸਾਂਗਾਨੇਰ ਹਵਾਈ ਅੱਡੇ ਦੇ ਨਿਰਦੇਸ਼ਕ ਐਸ. ਐਨ. ਬੋਰਕਰ ਨੇ ਕਿਹਾ ਕਿ ‘ਏਅਰਬਸ 321‘ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੋਇਆ ਤੇ 7.25 ‘ਤੇ ਇਥੇ ਸੁਰੱਖਿਅਤ ਉਤਾਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਾਇਲਟ ਨੇ ਜੈਪੁਰ ਏ.ਟੀ.ਸੀ. ਨੂੰ ਜਹਾਜ਼ ‘ਚ ਕੁਝ ਤਕਨੀਕੀ ਖ਼ਰਾਬੀ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਜਹਾਜ਼ ਦਾ ਮਾਰਗ ਬਦਲਿਆ ਗਿਆ ਤੇ ਇਸ ਨੂੰ ਇਥੇ ਉਤਰਨ ਦੀ ਇਜਾਜ਼ਤ ਦਿੱਤੀ ਗਈ। ਮੁਸਾਫਿਰਾਂ ਨੂੰ ਹੋਰ ਜਹਾਜ਼ ਰਾਹੀਂ ਅਹਿਮਦਾਬਾਦ ਲਿਜਾਇਆ ਗਿਆ।



