ਨਵੀਂ ਦਿੱਲੀ, 19 ਅਗਸਤ (ਪੀ. ਟੀ. ਆਈ.)-ਰੱਖਿਆ ਮੰਤਰੀ ਅਰੁਣ ਜੇਤਲੀ ਨੇ ਅੱਜ ਕੰਪਨੀਆਂ ਨੂੰ ਅਪੀਲ ਕੀਤੀ ਉਹ ਉੱਚ ਸਿੱਖਿਅਤ ਅਤੇ ਅਨੁਸ਼ਾਸਤ ਕਾਮਿਆਂ ਸਬੰਧੀ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਦੀ ਵਰਤੋਂ ਕਰਨ। ਉਨ੍ਹਾਂ ਇੱਥੇ ਕਿਹਾ ਕਿ ਭਾਰਤੀ ਕਾਰਪੋਰੇਟ ਖੇਤਰ ਨੂੰ ਸਿੱਖਿਅਤ ਅਤੇ ਅਨੁਸ਼ਾਸਤ ਕਾਮਿਆਂ ਦੀ ਲੋੜ ਹੁੰਦੀ ਹੈ ਅਤੇ ਸਾਬਕਾ ਫ਼ੌਜੀ ਇਸ ਤਰ੍ਹਾਂ ਦੇ ਲੋਕਾਂ ਦਾ ਵੱਡੀ ਲੋੜ ਪੂਰੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਮ ਪ੍ਰਤੀ ਪ੍ਰਤੀਬੱਧਤਾ ਉੱਚ ਪਾਏ ਦੀ ਹੁੰਦੀ ਹੈ, ਉਨ੍ਹਾਂ ਦਾ ਅਨੁਸ਼ਾਸਨ ਬਹੁਤ ਉੱਚਾ ਹੁੰਦਾ ਹੈ ਅਤੇ ਉਨ੍ਹਾਂ ਨੇ ਮੁਸ਼ਕਿਲ ਹਾਲਤਾਂ ਵਿਚ ਵੀ ਕੰਮ ਕੀਤਾ ਹੁੰਦਾ ਹੈ। ਰੱਖਿਆ ਮੰਤਰੀ ਡਾਇਰੈਕਟੋਰੇਟ ਜਨਰਲ ਆਫ਼ ਰੀਸੈਟਲਮੈਂਟ ਕਨਕਲੇਵ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਸਨਅਤ ਸੰਗਠਨ ਸੀ. ਆਈ. ਆਈ. ਅਤੇ ਫ਼ੌਜ ਸਾਬਕਾ ਸੈਨਿਕਾਂ
ਨੂੰ ਨੌਕਰੀਆਂ ਮੁਹੱਈਆ ਕਰਨ ਲਈ ਇਕੱਠੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਬਹੁਤੇ ਸਾਬਕਾ ਸੈਨਿਕ ਫ਼ੌਜ ਚੋਂ ਛੇਤੀ ਸੇਵਾਮੁਕਤ ਹੋ ਜਾਂਦੇ ਹਨ ਪਰ ਉਹ ਕਦੇ ਵੀ ਥੱਕਦੇ ਨਹੀਂ ਅਤੇ ਸਦਾ ਹੀ ਜ਼ਿੰਦਗੀ ਵਿਚ ਅੱਗੇ ਵਧਣ ਲਈ ਉਤਾਵਲੇ ਰਹਿੰਦੇ ਹਨ।
ਸ੍ਰੀ ਜੇਤਲੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸੈਨਿਕਾਂ ਦੀ ਵਧੀਆ ਪ੍ਰਬੰਧ ਵਾਲੀ ਕਾਰਵਾਈ ਇਸ ਅਸਲੀਅਤ ਤੋਂ ਵੀ ਦੇਖੀ ਜਾ ਸਕਦੀ ਹੈ ਕਿ ਦੇਸ਼ ਭਰ ਵਿਚ ਦੂਸਰੇ ਇਲਾਕਿਆਂ ਨਾਲੋਂ ਛਾਉਣੀਆਂ ਦਾ ਰੱਖ-ਰਖਾਅ ਬਿਹਤਰ ਹੁੰਦਾ ਹੈ ਅਤੇ ਰੱਖਿਆ ਇਮਾਰਤਾਂ ਨੂੰ ਦੂਸਰੀਆਂ ਆਮ ਇਮਾਰਤਾਂ ਨਾਲੋਂ ਬਿਹਤਰ ਸ਼ਕਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਅੰਮ੍ਰਿਤਸਰ ਵਿਚ ਸਰਹੱਦੀ ਚੌਕੀ ਦੇ ਦੌਰੇ ਦੌਰਾਨ ਉਨ੍ਹਾਂ ਦੇਖਿਆ ਕਿ ਕਿਵੇਂ ਫ਼ੌਜ ਇੱਕ ਛੋਟੇ ਪਿੰਡ ਦੀ ਦੇਖਭਾਲ ਕਰ ਰਹੀ ਹੈ ਜਿੱਥੇ ਉਸ ਦੇ ਸੈਨਿਕ ਸੂਬਾ ਸਰਕਾਰ ਦੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੇ ਹਨ। ਹਰੇਕ ਸਾਲ 60 ਹਜ਼ਾਰ ਸੈਨਿਕ ਹਥਿਆਰਬੰਦ ਸੈਨਾਵਾਂ ਚੋਂ ਸੇਵਾਮੁਕਤ ਹੰਦੇ ਹਨ ਅਤੇ ਉਨ੍ਹਾਂ ਚੋਂ 44 ਫ਼ੀਸਦੀ 40-50 ਸਾਲ ਦੀ ਉਮਰ, 33 ਫ਼ੀਸਦੀ 35-40 ਦੀ ਉਮਰ ਦੇ ਹੁੰਦੇ ਹਨ ਜਦਕਿ 12 ਫ਼ੀਸਦੀ 30-35 ਸਾਲ ਦੀ ਉਮਰ ‘ਚ ਨੌਕਰੀ ਛੱਡ ਜਾਂਦੇ ਹਨ।



