ਵਾਪਿਸ ਭੇਜੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹੜਤਾਲ ‘ਤੇ
ਹੁਸ਼ਿਆਰਪੁਰ, 19 ਅਗਸਤ (ਪੀ ਟੀ)- ਇਰਾਕ ਦੇ ਬਸਰਾ ਇਲਾਕੇ ‘ਚ 52 ਹੋਰ ਭਾਰਤੀਆਂ ਦੇ ਫ਼ਸੇ ਹੋਣ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ‘ਚੋਂ 18 ਪੰਜਾਬੀ ਅਤੇ ਬਾਕੀ ਉੱਤਰ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਨਾਲ ਸਬੰਧਿਤ ਹਨ। ਇਰਾਕ ਤੋਂ ਟੈਲੀਫ਼ੋਨ ਰਾਹੀਂ ਆਪਣੀ ਹੱਡਬੀਤੀ ਸੁਣਾਉਂਦਿਆਂ ਇਨ੍ਹਾਂ ਵਿਅਕਤੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਉਨ੍ਹਾਂ ਦੀ ਰਿਹਾਈ ਦਾ ਪ੍ਰਬੰਧ ਕਰੇ। ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ‘ਤੇ ਅੱਤਵਾਦੀਆਂ ਦੇ ਹਮਲੇ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਜਿਸ ਕੰਪਨੀ ਲਈ ਉਹ ਕੰਮ ਕਰਦੇ ਹਨ, ਉਸ ਦੇ ਮਾਲਕ ਵਲੋਂ ਵੀ ਉਨ੍ਹਾਂ ਨੂੰ ਗੋਲੀਆਂ ਚਲਾ ਕੇ ਡਰਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਰਾਕ ‘ਚ ਹੀ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦੋਂਕਿ ਨਾ ਤਾਂ ਉਨ੍ਹਾਂ ਨੂੰ ਮੁਨਾਸਿਬ ਰਿਹਾਇਸ਼ ਦਿੱਤੀ ਗਈ ਹੈ, ਨਾ ਤਨਖਾਹ ਦਿੱਤੀ ਜਾਂਦੀ ਹੈ। ਉਹ ਕਿਸੇ ਵੇਲੇ ਇਕ-ਇਕ ਰੋਟੀ ਖਾ ਕੇ ਗੁਜ਼ਾਰਾ ਕਰਦੇ ਹਨ ਅਤੇ ਕਦੇਂ-ਕਦੇਂ ਤਾਂ ਉਨ੍ਹਾਂ ਨੂੰ
ਬਿਲਕੁਲ ਭੁੱਖੇ ਰਹਿਣਾ ਪੈਂਦਾ ਹੈ। ਜੇ ਉਹ ਵਾਪਿਸ ਭੇਜਣ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਦੇ ਕਮਰਿਆਂ ਦੀ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ। ਇਕ-ਇਕ ਕਮਰੇ ਵਿਚ 9-10 ਜਣੇ ਰਹਿ ਰਹੇ ਹਨ। ਉਹ ਭਾਰਤ ਵਾਪਿਸ ਭੇਜੇ ਜਾਣ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹੜਤਾਲ ‘ਤੇ ਹਨ।
ਕੰਪਨੀ ਵਲੋਂ ਉਨ੍ਹਾਂ ਸਾਰਿਆਂ ਦੇ ਟੈਲੀਫ਼ੋਨ ਜਬਤ ਕਰ ਲਏ ਗਏ ਹਨ, ਕੇਵਲ ਇਕ ਹੀ ਫ਼ੋਨ ਹੈ ਜਿਸ ਤੋਂ ਉਹ ਚੋਰੀ ਛਿਪੇ ਆਪਣੇ ਘਰਦਿਆਂ ਨਾਲ ਕਦੇਂ ਕਦਾਈਂ ਗੱਲ ਕਰ ਲੈਂਦੇ ਹਨ। ਉਹ ਕਰੀਬ ਡੇਢ-ਡੇਢ ਲੱਖ ਰੁਪਏ ਦੇ ਕੇ ਏਜੰਟਾਂ ਰਾਹੀਂ ਇਰਾਕ ਆਏ ਸਨ ਪਰ ਨਾ ਤਾਂ ਉਨ੍ਹਾਂ ਨੂੰ ਵਾਅਦੇ ਮੁਤਾਬਿਕ ਕੰਮ ਦਿੱਤਾ ਗਿਆ ਅਤੇ ਨਾ ਹੀ ਪੂਰੀ ਤਨਖਾਹ। ਭਾਰਤੀ ਦੂਤਘਰ ਨਾਲ ਉਨ੍ਹਾਂ ਦੀ ਗੱਲ ਹੁੰਦੀ ਰਹਿੰਦੀ ਹੈ, ਪਰ ਉਨ੍ਹਾਂ ਨੂੰ ਹਰ ਵਾਰ ਕੇਵਲ ਭਰੋਸਾ ਹੀ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਛੇਤੀ ਹੀ ਵਾਪਿਸ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ। ਉਹ ਛੇਤੀ ਤੋਂ ਛੇਤੀ ਆਪਣੇ ਪਰਿਵਾਰਾਂ ਕੋਲ ਵਾਪਿਸ ਪਹੁੰਚਣਾ ਚਾਹੁੰਦੇ ਹਨ।



