ਨਵੀਂ ਦਿੱਲੀ, 17 ਅਗਸਤ (ਪੀ.ਟੀ)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਪੜ੍ਹਾਈ ਦੇ ਦਿਨਾਂ ‘ਚ ਪਹਿਲਾਂ ਡਾਕਟਰੀ ਨਾਲ ਸਬੰਧਿਤ ਵਿਸ਼ੇ ਲਏ ਸਨ ਕਿਉਂਕਿ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣਨ, ਪਰ ਕੁੱਝ ਮਹੀਨੇ ਬਾਅਦ ਹੀ ਰੁਚੀ ਨਾ ਬਣਨ ‘ਤੇ ਉਨ੍ਹਾਂ ਨੇ ਆਪਣੇ ਪੜ੍ਹਾਈ ਸਬੰਧੀ ਵਿਸ਼ੇ ਬਦਲ ਲਏ ਅਤੇ ਅਰਥ-ਸ਼ਾਸਤਰ ਦੀ ਪੜ੍ਹਾਈ ਕੀਤੀ। ਇਹ ਖ਼ੁਲਾਸਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਟੀ ਦਮਨ ਸਿੰਘ ਨੇ ਆਪਣੀ ਕਿਤਾਬ ‘ਸਟਰਿਕਟਲੀ ਪਰਸਨਲ ਮਨਮੋਹਨ ਐਂਡ ਗੁਰਸ਼ਰਨ‘ ‘ਚ ਕੀਤਾ ਹੈ। ਆਪਣੀ ਇਸ ਕਿਤਾਬ ‘ਚ ਉਸ ਨੇ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਬਾਰੇ ਚਰਚਾ ਕੀਤੀ ਹੈ ਪਰ ਇਸ ‘ਚ ਉਸ ਨੇ ਉਨ੍ਹਾਂ 10 ਸਾਲਾਂ ਦਾ ਜ਼ਿਕਰ ਨਹੀਂ ਕੀਤਾ ਜਿਸ ਦੌਰਾਨ ਉਨ੍ਹਾਂ ਯੂ.ਪੀ.ਏ. ਸਰਕਾਰ ਦੀ ਅਗਵਾਈ ਕੀਤੀ ਸੀ।
ਦਮਨ ਨੇ ਲਿਖਿਆ ਹੈ ਕਿ ਉਸ ਦੇ ਪਿਤਾ ਬਹੁਤ ਹੀ ਖ਼ੁਸ਼ ਮਜਾਜ਼ ਹਨ ਅਤੇ ਉਨ੍ਹਾਂ ਨੇ ਅਪ੍ਰੈਲ 1948 ‘ਚ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ‘ਚ ਦਾਖਲਾ ਲਿਆ ਸੀ। ਕਿਉਂਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਐਫ.ਐਸ.ਸੀ. ਦੇ ਦੋ ਸਾਲਾ ਕੋਰਸ ‘ਚ ਦਾਖਲਾ ਲੈ ਲਿਆ ਜਿਹੜਾ ਕਿ ਡਾਕਟਰੀ ਨਾਲ ਸਬੰਧਿਤ ਸੀ ਪਰ ਜਲਦੀ ਹੀ ਉਨ੍ਹਾਂ ਦਾ ਮਨ ਡਾਕਟਰੀ ਦੀ ਪੜ੍ਹਾਈ ਤੋਂ ਉਕਤਾ ਗਿਆ ਅਤੇ ਉਨ੍ਹਾਂ ਨੇ ਡਾਕਟਰੀ ਦੇ ਨਾਲ-ਨਾਲ ਸਾਇੰਸ ਵਿਸ਼ੇ ‘ਚ ਵੀ ਕੋਈ ਰੁਚੀ ਨਾ ਹੋਣ ਕਰਕੇ ਇਨ੍ਹਾਂ ਵਿਸ਼ਿਆਂ ਨੂੰ ਛੱਡ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਪਿਤਾ ਦੀ ਦੁਕਾਨ ‘ਤੇ ਹੱਥ ਵਟਾਉਣਾ ਪਿਆ ਜਿੱਥੇ ਉਨ੍ਹਾਂ ਨੂੰ ਨੌਕਰਾਂ ਵਾਂਗ ਪਾਣੀ ਲਿਆਉਣਾ, ਚਾਹ ਲਿਆਉਣਾ ਆਦਿ ਕੰਮ ਚੰਗਾ ਨਾ ਲੱਗਾ ਅਤੇ ਉਨ੍ਹਾਂ ਨੇ ਫਿਰ ਕਾਲਜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਅਤੇ ਸਤੰਬਰ 1948 ‘ਚ ਹਿੰਦੂ ਕਾਲਜ ‘ਚ ਦਾਖਲਾ ਲੈ ਲਿਆ। ਉਨ੍ਹਾਂ ਨੂੰ ਅਰਥ-ਸ਼ਾਸਤਰ ਵਿਸ਼ੇ ਨੂੰ ਚੁਣਨ ਲਈ ਕਿਹਾ ਗਿਆ, ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਇਹ ਜਾਣਨ ‘ਚ ਰੁਚੀ ਰਹੀ ਸੀ ਕਿ ਕਈ ਦੇਸ਼ਾਂ ‘ਚ ਗ਼ਰੀਬੀ ਅਤੇ ਕਿਸੇ ‘ਚ ਅਮੀਰੀ ਦਾ ਫ਼ਰਕ ਕਿਉਂ ਹੈ ਇਸ ਸਭ ਬਾਰੇ ਉਨ੍ਹਾਂ ਨੂੰ ਕਿਹਾ ਗਿਆ ਕਿ ਅਰਥ-ਸ਼ਾਸਤਰ ‘ਚ ਇਨ੍ਹਾਂ ਸਭ ਗੱਲਾਂ ਦਾ ਜਵਾਬ ਹੈ। ਲੇਖਕਾ ਨੇ ਕਿਤਾਬ ‘ਚ ਲਿਖਿਆ ਕਿ ਕੈਂਬਰਿਜ ਯੂਨੀਵਰਸਿਟੀ ‘ਚ ਪੜ੍ਹਦਿਆਂ ਉਨ੍ਹਾਂ ਨੂੰ ਪੈਸਿਆਂ ਦੀ ਬਹੁਤ ਕਿੱਲਤ ਰਹੀ ਕਿਉਂਕਿ ਉਨ੍ਹਾਂ ਦੀ ਪੜ੍ਹਾਈ ਅਤੇ ਰਹਿਣ ਦਾ ਖ਼ਰਚ 600 ਪੌਂਡ ਪ੍ਰਤੀ ਸਾਲ ਸੀ ਪਰ ਪੰਜਾਬ ਯੂਨੀਵਰਸਿਟੀ ਉਨ੍ਹਾਂ ਨੂੰ 160 ਪੌਂਡ ਪ੍ਰਤੀ ਸਾਲ ਦਾ ਵਜ਼ੀਫ਼ਾ ਦਿੰਦੀ ਸੀ ਬਾਕੀ ਪੈਸਿਆਂ ਲਈ ਉਨ੍ਹਾਂ ਨੂੰ ਆਪਣੇ ਪਿਤਾ ‘ਤੇ ਨਿਰਭਰ ਰਹਿਣਾ ਪੈਂਦਾ ਸੀ, ਹਾਲਾਂਕਿ ਉਹ ਬਹੁਤ ਕੰਜੂਸੀ ਨਾਲ ਆਪਣਾ ਜੀਵਨ ਨਿਰਬਾਹ ਕਰ ਰਹੇ ਸਨ ਅਤੇ ਬਹੁਤ ਹੀ ਸਸਤਾ ਤੇ ਸਾਦਾ ਭੋਜਨ ਕਰਦੇ ਸਨ ਅਤੇ ਸ਼ਰਾਬ ਅਤੇ ਬੀਅਰ ਨੂੰ ਉਨ੍ਹਾਂ ਕਦੇ ਹੱਥ ਤੱਕ ਨਹੀਂ ਲਗਾਇਆ ਸੀ।



